ਪਿੰਡ ਮੱਕੜਿਆਂ ਦੀ ਸਾਂਝੀ ਧਰਮਸ਼ਾਲਾ ਤੋਂ ਨਜਾਇਜ਼ ਕਬਜ਼ਾ ਛੁਡਵਾਉਣ ਸਬੰਧੀ ਵਫ਼ਦ ਨੇ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਐਸ.ਏ.ਐਸ. ਨਗਰ, 13 ਅਗਸਤ (ਸ.ਬ.) ਜ਼ਿਲ੍ਹਾ ਮੁਹਾਲੀ ਦੇ ਬਲਾਕ ਖਰੜ ਅਧੀਨ ਪੈਂਦੇ ਪਿੰਡ ਮੱਕੜਿਆਂ ਵਿਖੇ ਪਿੰਡ ਦੀ ਸਾਂਝੀ ਧਰਮਸ਼ਾਲਾ ਤੋਂ ਨਜਾਇਜ਼ ਕਬਜ਼ਾ ਛੁਡਵਾਉਣ ਸਬੰਧੀ ਅੱਜ ਪਿੰਡ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫ਼ਦ ਅੱਤਿਆਚਾਰ ਅਤੇ ਭ੍ਰਿਸ਼ਟਾਚਾਰੀ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ| ਵਫ਼ਦ ਵੱਲੋਂ ਇਹ ਕਬਜ਼ਾ ਛੁਡਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਸੀ ਪ੍ਰੰਤੂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਨਾ ਹੋ ਸਕਣ ਕਾਰਨ ਇਹ ਮੰਗ ਪੱਤਰ ਏ.ਡੀ.ਸੀ. ਚਰਨਦੇਵ ਸਿੰਘ ਮਾਨ ਨੂੰ ਸੌਂਪਿਆ ਗਿਆ| ਏ.ਡੀ.ਸੀ. ਵੱਲੋਂ ਇਹ ਮੰਗ ਪੱਤਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੁਹਾਲੀ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਅਵਤਾਰ ਸਿੰਘ ਸਾਬਕਾ ਪੰਚ ਮੱਕੜਿਆਂ, ਸੁਦਾਗਰ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਪੰਚ, ਲਖਮੀਰ ਸਿੰਘ, ਕੁਲਵੰਤ ਸਿੰਘ ਸਾਬਕਾ ਪੰਚ ਅਤੇ ਹੋਰ ਕਈ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਵਸਨੀਕ ਵਿਅਕਤੀ ਜਗਤਾਰ ਸਿੰਘ ਨੇ ਪਿੰਡ ਦੀ ਸਾਂਝੀ ਧਰਮਸ਼ਾਲਾ ਵਿੱਚ ਵੇਰਕਾ ਡੇਅਰੀ ਖੋਲ੍ਹ ਕੇ ਅਤੇ ਹੋਰ ਬਾਕੀ ਕਮਰਿਆਂ ਵਿੱਚ ਆਪਣਾ ਘਰੇਲੂ ਸਮਾਨ ਰੱਖ ਕੇ ਪਿਛਲੇ ਕਰੀਬ ਦਸ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਹੈ| ਧਰਮਸ਼ਾਲਾ ਦੇ ਕਮਰਿਆਂ ਵਿੱਚ ਸਮਾਨ ਰੱਖ ਕੇ ਤਾਲ਼ੇ ਲਗਾਏ ਹੋਏ ਹਨ| ਜਦੋਂ ਕਦੇ ਪਿੰਡ ਵਾਸੀਆਂ ਨੂੰ ਕਿਸੇ ਧਾਰਮਿਕ ਜਾਂ ਸਮਾਜਿਕ ਕੰਮ ਕਰਨ ਲਈ ਧਰਮਸ਼ਾਲਾ ਦੀ ਜ਼ਰੂਰਤ ਪੈਂਦੀ ਹੈ ਤਾਂ ਪਿੰਡ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਨਜਾਇਜ਼ ਕਬਜ਼ਿਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ| ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਮਾਣਕਪੁਰ ਕੱਲਰ ਵਿਚ ਵੀ ਇਕ ਗਲੀ ਤੋਂ ਨਜਾਇਜ਼ ਕਬਜ਼ਾ ਛੁਡਵਾਉਣ ਲਈ ਬਲਵਿੰਦਰ ਸਿੰਘ ਸਾਬਕਾ ਪੰਚ ਲੰਬੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਚੁੱਕਾ ਹੈ| ਪਿੰਡ ਕੁੰਭੜਾ ਵਿੱਚ ਉਨ੍ਹਾਂ ਕਈ ਥਾਵਾਂ ਉਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ ਨੂੰ ਵੀ ਪੱਤਰ ਭੇਜੇ ਸਨ| ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੱਤਰ ਭੇਜਣ ਤੋਂ ਤਿੰਨ ਮਹੀਨੇ ਬਾਅਦ ਤੱਕ ਵੀ ਪਿੰਡ ਕੁੰਭੜਾ ਵਿੱਚ ਨਜਾਇਜ਼ ਕਬਜ਼ੇ ਛੁਡਵਾਏ ਨਹੀਂ ਜਾ ਸਕੇ| ਉਨ੍ਹਾਂ ਕਿਹਾ ਕਿ ਜੇਕਰ ਪਿੰਡ ਉਕਤ ਪਿੰਡਾਂ ਵਿਚਲੇ ਨਜਾਇਜ਼ ਕਬਜ਼ਿਆਂ ਨੂੰ ਦੂਰ ਨਾ ਕਰਵਾਇਆ ਗਿਆ ਤਾਂ ਉਹ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਸਤਾ ਅਪਨਾਉਣਗੇ|

Leave a Reply

Your email address will not be published. Required fields are marked *