ਪਿੰਡ ਲਾਂਡਰਾ ਦੇ ਵਸਨੀਕ ਬਜੁਰਗ ਵਲੋਂ ਐਸ ਐਚ ਓ ਸੋਹਾਣਾ ਤੇ ਉਸਦੇ ਮਕਾਨ ਤੇ ਜਬਰੀ ਕਬਜਾ ਕਰਨ ਦਾ ਦੋਸ਼

ਪਿੰਡ ਲਾਂਡਰਾ ਦੇ ਵਸਨੀਕ ਬਜੁਰਗ ਵਲੋਂ ਐਸ ਐਚ ਓ ਸੋਹਾਣਾ ਤੇ ਉਸਦੇ ਮਕਾਨ ਤੇ ਜਬਰੀ ਕਬਜਾ ਕਰਨ ਦਾ ਦੋਸ਼
ਐਸ ਐਸ ਪੀ ਦਿੱਤੀ ਸ਼ਿਕਾਇਤ, ਐਸ ਐਚ ਓ ਨੇ ਦੋਸ਼ ਨਕਾਰੇ 
ਐਸ.ਏ.ਐਸ.ਨਗਰ, 27 ਮਈ (ਸ.ਬ.) ਪਿੰਡ ਲਾਂਡਰਾ ਦੇ ਵਸਨੀਕ ਰਜਿੰਦਰ ਸਿੰਘ ਨਾਮ ਦੇ ਇੱਕ 60 ਸਾਲਾ ਵਿਅਕਤੀ ਨੇ ਜਿਲ੍ਹੇ ਦੇ ਐਸ.ਐਸ.ਪੀ. ਨੂੰ ਸ਼ਿਕਾਇਤ ਦੇ ਕੇ ਐਸ.ਐਚ.ਓ. ਸੋਹਾਣਾ ਵਲੋਂ ਉਸਦੇ ਮਕਾਨ ਤੇ ਜਬਰੀ ਕਬਜਾ ਕਰਨ ਅਤੇ ਧਮਕੀਆਂ ਦੇਣ ਦਾ ਇਲਜਾਮ ਲਗਾਇਆ ਗਿਆ ਹੈ| ਦੂਜੇ ਪਾਸੇ ਐਸ ਐਚ ਓ ਸੋਹਾਣਾ ਸ੍ਰ. ਦਲਜੀਤ ਸਿੰਘ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ|
ਆਪਣੀ ਸ਼ਿਕਾਇਤ ਵਿੱਚ ਉਸਨੇ ਲਿਖਿਆ ਹੈ ਕਿ ਉਸਦਾ ਪਿੰਡ ਲਾਂਡਰਾ ਵਿਖੇ ਜੱਦੀ ਮਕਾਨ ਹੈ ਜਿਸਦੀ ਮਲਕੀਅਤ ਉਸਦੇ ਨਾਮ ਤੇ ਹੈ ਅਤੇ 15 ਸਾਲ ਪਹਿਲਾ ਉਸਨੇ ਇਸ ਪੁਰਾਣੇ ਮਕਾਨ ਨੂੰ ਢਾਹ ਕੇ 2 ਮੰਜਿਲਾਂ ਅਤੇ ਤੀਜੀ ਮੰਜਿਲ ਤੇ ਇੱਕ ਕਮਰਾ ਤਿਆਰ ਕਰਵਾਇਆ ਸੀ| ਉਸਨੇ ਲਿਖਿਆ ਹੈ ਕਿ  10 ਕੁ ਸਾਲ ਪਹਿਲਾਂ ਉਸਦੇ ਬੇਟੇ ਦਾ ਵਿਆਹ ਹੋਇਆ ਅਤੇ ਵਿਆਹ ਤੋਂ ਲਗਭਗ 6 ਮਹੀਨੇ ਬਾਅਦ ਹੀ ਉਸਦੇ ਨੂੰਹ ਪੁੱਤ ਅਲੱਗ ਤੋਂ ਮਕਾਨ ਦੀ ਪਹਿਲੀ ਮੰਜਿਲ ਤੇ ਰਹਿਣ ਲਗ ਪਏ|
ਸ਼ਿਕਾਇਤਕਰਤਾ ਅਨੁਸਾਰ ਉਸਦਾ ਖਿਆਲ ਨਾ ਰੱਖਣ, ਮਾੜਾ ਵਿਵਹਾਰ ਕਰਨ ਕਾਰਨ ਉਹਨਾਂ ਨੇ ਆਪਣੇ ਬੇਟੇ ਅਤੇ ਨੂੰਹ ਨੂੰ 2012 ਵਿੱਚ ਆਪਣੀ ਚਲ, ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ ਪਰ ਉਹ ਦੋਵੇਂ ਉਸੇ ਮਕਾਨ ਵਿੱਚ ਰਹਿੰਦੇ ਰਹੇ| ਕੁਝ ਸਮੇਂ ਬਾਅਦ ਉਨ੍ਹਾਂ ਦੇ ਬੇਟੇ ਅਤੇ ਨੂੰਹ ਵਿਚਕਾਰ ਆਪਸੀ ਝਗੜਾ ਹੋ ਗਿਆ ਅਤੇ ਉਨ੍ਹਾਂ ਦਾ ਬੇਟਾ ਘਰ ਛੱਡ ਕੇ ਬਾਹਰ ਰਹਿਣ ਲੱਗ ਪਿਆ| 
ਸ਼ਿਕਾਇਤਕਰਤਾ ਅਨੁਸਾਰ ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੇ ਮਕਾਨ ਦੀ ਤੀਜੀ ਮੰਜਿਲ ਦੇ ਕਮਰੇ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਥਾਣਾ ਸੋਹਾਣਾ ਵਿਖੇ ਉਸਦੇ ਖਿਲਾਫ ਦਰਖਾਸਤ ਦਿੱਤੀ ਪਰੰਤੂ ਪੁਲੀਸ ਵਲੋਂ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਲਿਖਿਆ ਹੈ ਕਿ ਹਫਤਾ ਕੁ ਪਹਿਲਾ ਸੋਹਾਣਾ ਥਾਣੇ ਤੋਂ ਕੁਝ ਪੁਲੀਸ ਮੁਲਾਜਮ ਆਏ ਅਤੇ ਉਪਰਲਾ ਕਮਰਾ ਉਨ੍ਹਾਂ ਦੀ ਨੂੰਹ ਨੂੰ ਦੇਣ ਲਈ ਕਹਿਣ ਲੱਗੇ ਪਰ ਉਨ੍ਹਾਂ ਨੇ ਕਮਰਾ ਦੇਣ ਤੋਂ ਮਨਾਂ ਕਰ ਦਿੱਤਾ| ਇਸ ਦੌਰਾਨ ਹਫਤੇ ਵਿੱਚ 3-4 ਵਾਰ ਇਹ ਪੁਲੀਸ ਮੁਲਾਜਮ ਆ ਕੇ ਉਨਾਂ ਨੂੰ ਧਮਕੀਆਂ ਦੇ ਕੇ ਜਾਂਦੇ ਸਨ ਅਤੇ ਕਮਰੇ ਦੀ ਚਾਬੀ ਵੀ ਮੰਗਦੇ ਸਨ| 
ਸ਼ਿਕਾਇਤਕਰਤਾ ਅਨੁਸਾਰ ਬੀਤੇ ਦਿਨ ਸੋਹਾਣਾ ਥਾਣਾ ਦੇ ਐਸ.ਐਚ.ਓ. ਦਲਜੀਤ ਸਿੰਘ ਗਿੱਲ ਅਤੇ ਹੋਰ 6-7 ਮੁਲਾਜਮ ਰਾਤ ਨੂੰ 9 ਵਜੇ ਉਨਾਂ ਦੇ ਘਰ ਆਏ ਅਤੇ ਕਮਰੇ ਦੀ ਚਾਬੀ ਮੰਗੀ| ਜਦੋਂ ਉਨ੍ਹਾਂ ਚਾਬੀ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਐਸ.ਐਚ.ਓ. ਨੇ ਕਮਰੇ ਦਾ ਦਰਵਾਜਾ ਤੋੜਨ ਦੀ ਧਮਕੀ ਦਿੱਤੀ ਅਤੇ ਦਰਵਾਜੇ ਨੂੰ ਲੱਤਾਂ ਮਾਰੀਆਂ| ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਮੁੱਕਦਮਾ ਦਰਜ ਕਰਨ ਦੀ ਧਮਕੀ ਦਿੱਤੀ| ਇਸਦੇ ਚਲਦਿਆਂ ਉਨ੍ਹਾਂ ਨੇ ਡਰਦਿਆਂ ਉਕਤ ਐਸ.ਐਚ.ਓ. ਨੂੰ ਕਮਰੇ ਦੀ ਚਾਬੀ ਦੇ ਦਿੱਤੀ| 
ਉਹਨਾਂ ਲਿਖਿਆ ਹੈ ਕਿ ਉਹਨਾਂ ਨੂੰ  ਡਰ ਹੈ ਕਿ ਇਹ ਅਧਿਕਾਰੀ ਉਨਾਂ ਦੇ ਮਕਾਨ ਤੇ ਕਬਜਾ ਕਰ ਕੇ ਕੋਈ ਜਾਨੀ ਨੁਕਸਾਨ ਵੀ ਕਰ ਸਕਦਾ ਹੈ| ਉਨਾਂ ਨੂੰ ਇਹ ਵੀ ਡਰ ਹੈ ਕਿ ਪੁਲੀਸ ਵਲੋਂ ਉਨਾਂ ਦੇ ਕਮਰੇ ਵਿੱਚ ਕੋਈ ਗਲਤ ਸਮਾਨ ਰਖਵਾ ਕੇ ਉਨ੍ਹਾਂ ਤੇ ਝੂਠਾ ਪਰਚਾ ਦਾਇਰ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੇ ਕਮਰੇ ਵਿੱਚ ਪਿਆ ਕੀਮਤੀ ਸਮਾਨ ਚੋਰੀ ਹੋ ਸਕਦਾ ਹੈ ਇਸ ਲਈ ਇਸ ਮਾਮਲੇ ਵਿੱਚ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ| ਇਸ ਸ਼ਿਕਾਇਤ ਦੀਆਂ ਕਾਪੀਆਂ ਪੰਜਾਬ ਪੁਲੀਸ ਦੇ ਡੀ ਜੀ ਪੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਵਿਜੀਲੈਂਸ ਵਿਭਾਗ ਨੂੰ ਵੀ ਭੇਜੀਆਂ ਗਈਆਂ ਹਨ| 
ਇਸ ਸੰਬੰਧੀ ਸੋਹਾਣਾ ਥਾਣਾਂ ਦੇ ਐਸ ਐਚ ਉ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ, ਪਰੰਤੂ ਉਹਨਾਂ ਨੇ ਫੋਨ ਨਹੀਂ ਚੁੱਕਿਆ| ਇਸ ਸੰਬੰਧੀ ਉਹਨਾਂ ਦੇ ਫੋਨ ਅਤੇ ਵਾਟਸਅਪ ਤੇ ਮੈਸੇਜ ਵੀ ਭੇਜਿਆ ਗਿਆ ਪਰੰਤੂ ਉਹਨਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ| 
ਸੰਪਰਕ ਕਰਨ ਦੇ ਐਸ ਐਚ ਉ. ਸ. ਦਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਮੇਰੇ ਕਿਰਦਾਰ ਬਾਰੇ ਪੂਰਾ ਇਲਾਕਾ ਜਾਣਦਾ ਹੈ ਅਤੇ ਮੈਂ ਨਿਸ਼ਕਾਮ ਸੇਵਾ ਕਰਦਾ ਹਾਂ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਬਜੁਰਗ ਝੂਠ ਬੋਲ ਰਿਹਾ ਹੈ| ਉਸਦਾ ਪੋਤਾ ਉੱਪਰੀ ਮੰਜਿਲ ਤੇ ਰਹਿੰਦਾ ਹੈ ਅਤੇ ਉਸਨੂੰ ਸਾਹ ਦੀ ਤਕਲੀਫ ਹੈ| ਉਹਨਾਂ ਕਿਹਾ ਕਿ ਉਹਨਾਂ ਦੀ ਬਜੁਰਗ ਨਾਲ ਤਾਂ ਗੱਲ ਹੀ ਨਹੀਂ ਹੋਈ ਅਤੇ ਉਹਨਾਂ ਦੀ ਪਤਨੀ ਨੂੰ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਉੱਪਰ ਜਾਣ ਵਾਲੀਆਂ ਪੌੜੀਆਂ ਦੇ ਦਰਵਾਜੇ ਦੇ ਤਾਲੇ ਦੀਆਂ ਦੋ ਚਾਬੀਆਂ ਰੱਖ ਲਓ ਤਾਂ ਜੋ ਇਹ ਬਿਮਾਰ ਵਿਅਕਤੀ ਤਾਜੀ ਹਵਾ ਲੈ ਸਕੇ ਅਤੇ ਇਸਤੋਂ ਇਲਾਵਾ ਉਹਨਾਂ ਹੋਰ ਕੋਈ ਗੱਲ ਨਹੀਂ ਕੀਤੀ|

Leave a Reply

Your email address will not be published. Required fields are marked *