ਪਿੰਡ ਸਵਾੜਾ ਦੀ ਹੱਡਾ ਰੋੜੀ ਤੇ ਕੋਈ ਨਜਾਇਜ ਕਬਜਾ ਨਹੀਂ ਹੋਇਆ : ਸਰਪੰਚ ਹਰਪ੍ਰੀਤ ਸਿੰਘ

ਐਸ ਏ ਐਸ ਨਗਰ, 17 ਜੁਲਾਈ (ਸ.ਬ.) ਗ੍ਰਾਮ ਪੰਚਾਇਤ ਸਵਾੜਾ ਦੇ ਸਰਪੰਚ ਸ. ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪਿੰਡ ਸਵਾੜਾ ਦੀ ਹੱਡਾ ਰੋੜੀ ਉੱਪਰ ਕੋਈ ਨਜਾਇਜ਼ ਕਬਜਾ ਨਹੀਂ ਹੋਇਆ|
ਅੱਜ ਇੱਕ ਬਿਆਨ ਵਿੱਚ ਸਰਪੰਚ ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਦਾ ਮਾਹੌਲ ਖਰਾਬ ਕਰਨ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਿੰਡ ਦੀ ਹੱਡਾ ਰੋੜੀ ਉੱਪਰ ਪੰਚਾਇਤ ਨੇ ਨਜਾਇਜ ਕਬਜਾ ਕਰਵਾ ਦਿਤਾ ਹੈ| ਉਹਨਾਂ ਕਿਹਾ ਕਿ ਇਹ ਗਲ ਠੀਕ ਨਹੀਂ ਹੈ, ਸਗੋਂ ਪਿੰਡ ਦੀ ਪੰਚਾਇਤ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਯਮਾਂ ਅਨੁਸਾਰ ਬੋਲੀ ਕਰਕੇ ਦਿਤੀ ਹੈ| ਉਹਨਾਂ ਕਿਹਾ ਕਿ ਖੁਦ ਪੰਚਾਇਤ ਨੇ ਹੀ ਪੰਚਇਤੀ ਜਮੀਨ ਉੱਪਰ ਹੋਇਆ ਨਜਾਇਜ ਕਬਜਾ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਛੁਡਵਾਇਆ ਸੀ ਅਤੇ ਹੁਣ ਹੱਡਾ ਰੋੜੀ ਵਾਲੀ ਜਮੀਨ ਬੋਲੀ ਉੱਪਰ ਦਿਤੀ ਗਈ ਹੈ, ਜੋ ਕਿ ਨਿਯਮਾਂ ਅਨੁਸਾਰ ਬਿਲਕੁਲ ਸਹੀ ਹੈ|
ਉਹਨਾਂ ਕਿਹਾ ਕਿ ਜਿਸ ਥਾਂ ਹੱਡਾ ਰੋੜੀ ਸੀ, ਉਸਦੇ ਨੇੜੇ ਹੀ ਮਾਤਾ ਸਾਹਿਬ ਕੌਰ ਗਰਲਜ ਸਕੂਲ ਹੈ| ਹੱਡਾ ਰੋੜੀ ਦੇ ਖੂੰਖਾਰ ਕੁੱਤੇ ਕੋਮਲ ਸਕੂਲੀ ਬੱਚਿਆਂ ਨੂੰ ਕੱਟਣ ਦਾ ਯਤਨ ਕਰਦੇ ਸਨ, ਇਸ ਹੱਡਾ ਰੋੜੀ ਕਾਰਨ ਬਹੁਤ ਗੰਦਗੀ ਅਤੇ ਬਦਬੂ ਫੈਲੀ ਹੋਈ ਸੀ, ਜਿਸ ਕਰਕੇ ਪਿੰਡ ਦੀ ਪੰਚਾਇਤ ਨੇ ਇਹ ਜਮੀਨ ਬੋਲੀ ਰਾਹੀ ਦੇ ਦਿਤੀ|
ਉਹਨਾਂ ਕਿਹਾ ਕਿ ਇਸ ਪਿੰਡ ਦੇ ਕੁਝ ਸ਼ਰਾਰਤੀ ਅਨਸਰ ਪਿੰਡ ਦੇ ਹਰ ਵਿਕਾਸ ਕੰਮ ਵਿੱਚ ਹੀ ਅੜਿਕਾ ਪਾਉਂਦੇ ਹਨ ਅਤੇ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ| ਹੁਣ ਇਹ ਸ਼ਰਾਰਤੀ ਅਨਸਰ ਹੱਡਾ ਰੋੜੀ ਉੱਪਰ ਨਜਾਇਜ ਕਬਜੇ ਦੀਆਂ ਝੂਠੀਆਂ ਅਫਵਾਹਾਂ  ਫੈਲਾਅ ਰਹੇ ਹਨ, ਜਿਸ ਵਿਚ ਕੋਈ ਸੱਚਾਈ ਨਹੀਂ ਹੈ|

Leave a Reply

Your email address will not be published. Required fields are marked *