ਪਿੰਡ ਸਵਾੜਾ ਵਿਖੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਕੇ ਤੇ ਮੌਤ

ਐਸ. ਏ. ਐਸ. ਨਗਰ,11 ਫਰਵਰੀ (ਸ.ਬ.) ਮੁਹਾਲੀ ਜਿਲ੍ਹੇ ਦੇ ਪਿੰਡ ਸਵਾੜਾ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਬੀਤੀ ਰਾਤ ਕਰੀਬ ਇੱਕ ਵਜੇ ਫਾਰਚੂਨਰ ਕਾਰ ਅਤੇ ਇਕ ਟਰੱਕ ਦੀ ਆਹਮੋ  ਸਾਹਮਣੀ ਟੱਕਰ ਹੋ ਗਈ, ਜਿਸ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਫਾਰਚੂਨਰ ਕਾਰ ਨੰਬਰ ਡੀ ਐਲ 9 ਸੀ ਏ ਈ 1405 ਚੁੰਨੀ ਤੋਂ ਮੁਹਾਲੀ ਜਾ ਰਹੀ ਸੀ ਅਤੇ ਟਰੱਕ  ਨੰਬਰ ਪੀ ਬੀ 13 ਐਮ 9770 ਮਨੀਮਾਜਰੇ ਤੋਂ ਸਕਰੈਪ ਲੋਡ ਕਰਕੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ| ਜਦੋਂ ਇਹ ਦੋਵੇਂ ਵਾਹਨ ਪਿੰਡ ਸਵਾੜਾ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ| ਇਸ ਹਾਦਸੇ ਵਿੱਚ ਕਾਰ ਸਵਾਰ ਆਰੀਅਨ ਸੋਨੀ ਉਮਰ 16 ਸਾਲ ਅਤੇ ਜੱਸ ਸ਼ੌਂਕੀ ਉਮਰ 19 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ| ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਕਾਰ ਬਹੁਤ ਤੇਜ਼ ਰਫਤਾਰ ਜਾ ਰਹੀ ਸੀ| ਦੋਵੇਂ ਮ੍ਰਿਤਕ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਆਏ ਸਨ| ਮਾਰੇ ਗਏ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਸਿਵਲ ਹਸਪਪਤਾਲ ਵਿਖੇ ਲਿਆਂਦੀਆਂ ਗਈਆਂ ਜਿਥੇ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ|
ਇਸ ਹਾਦਸੇ ਕਾਰਨ ਇਸ ਸੜਕ ਉਪਰ ਸਾਰਾ ਦਿਨ ਹੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਹਾਦਸਾਗ੍ਰਸਤ ਟਰੱਕ ਵਿੱਚ ਕਰੇਨ ਰਾਹੀਂ ਦੂਜੇ ਟਰੱਕ ਵਿੱਚ ਸਕਰੈਂਪ ਦੀ ਲੋਡਿੰਗ ਹੁੰਦੀ  ਰਹੀ|

Leave a Reply

Your email address will not be published. Required fields are marked *