ਪਿੰਡ ਸਹੌੜਾ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਤੇ ਕਾਰਵਾਈ ਨਾ ਕਰਨ ਦਾ ਦੋਸ਼, ਦੋਵਾਂ ਧਿਰਾਂ ਵਲੋਂ ਇੱਕ ਦੂਜੇ ਤੇ ਹਮਲਾ ਕਰਨ ਦੇ ਇਲਜ਼ਾਮ

ਪਿੰਡ ਸਹੌੜਾ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਤੇ ਕਾਰਵਾਈ ਨਾ ਕਰਨ ਦਾ ਦੋਸ਼, ਦੋਵਾਂ ਧਿਰਾਂ ਵਲੋਂ ਇੱਕ ਦੂਜੇ ਤੇ ਹਮਲਾ ਕਰਨ ਦੇ ਇਲਜ਼ਾਮ
ਮਾਮਲਾ ਪੰਜ ਮਹੀਨੇ ਪਹਿਲਾਂ ਵਿਆਹ ਸਮਾਗਮ ਦੌਰਾਨ ਲੜਕੀ ਦੀ ਫੋਟੋ ਖਿੱਚ ਕੇ ਗਾਣਾ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ 
ਐਸ ਏ ਐਸ ਨਗਰ, 1 ਸਤੰਬਰ (ਸ.ਬ.) ਜ਼ਿਲ੍ਹਾ ਮੁਹਾਲੀ ਦੇ ਪਿੰਡ ਸਹੌੜਾ ਵਿੱਚ ਬੀਤੀ 22 ਅਗਸਤ ਨੂੰ ਹੋਏ ਇੱਕ ਝਗੜੇ (ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋਏ ਸਨ) ਦੀ ਇੱਕ ਧਿਰ ਵਲੋਂ ਇਲਜਾਮ ਲਗਾਇਆ ਗਿਆ ਹੈ ਕਿ ਪਿੰਡ ਦੇ ਹੀ ਇੱਕ ਪਰਿਵਾਰ ਵਲੋਂ ਯੋਜਨਾਬੱਧ ਢੰਗ ਨਾਲ ਉਹਨਾਂ ਦੇ ਘਰ ਤੇ ਹਮਲਾ ਕਰਨ ਤੋਂ ਬਾਅਦ ਉਹਨਾਂ ਦਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ| ਪਰਿਵਾਰ ਦਾ ਇਲਜਾਮ ਹੈ ਕਿ ਪੁਲੀਸ ਤੋਂ ਇਨਸਾਫ ਨਾ ਮਿਲਣ ਕਾਰਨ ਉਹਨਾਂ ਨੂੰ ਆਪਣਾ ਖੁਦ ਦਾ ਘਰ ਬਾਰ ਛੱਡ ਕੇ ਪਿੰਡ ਸਿਆਲਵਾ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਪਨਾਹ ਲੈਣੀ ਪਈ ਹੈ ਜਦੋਂਕਿ ਦੂਜੇ ਪਾਸੇ ਹਮਲਵਾਰ ਹੁਣੇ ਵੀ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ| ਇਸ ਸੰਬੰਧੀ ਪੀੜਿਤ ਪਰਿਵਾਰ ਦੇ ਜਸਪਾਲ ਸਿੰਘ ਨੇ ਜਿਲ੍ਹੇ ਦੇ ਐਸ ਐਸ ਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ|
ਦਿਹਾੜੀ ਦਾ ਕੰਮ ਕਰਨ ਵਾਲੇ ਜਸਪਾਲ ਸਿੰਘ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਂਦੱਸਿਆ ਕਿ ਇਹ ਮਾਮਲਾ ਅਸਲ ਵਿੱਚ ਕਰੀਬ ਪੰਜ ਮਹੀਨੇ ਪਹਿਲਾਂ ਸ਼ੁਰੂ ਹੋਇਆ ਜਦੋਂ ਉਸਦੇ ਗੁਆਂਢ ਵਿੱਚ ਹੋਏ ਇੱਕ ਵਿਆਹ ਦੌਰਾਨ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਜਸਪ੍ਰੀਤ ਸਿੰਘ ਨੇ ਉਨ੍ਹਾਂ ਦੀ ਭਤੀਜੀ ਦੀ ਫੋਟੋ ਖਿੱਚ ਕੇ ਅਤੇ ਉਸ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦਾ ਗਾਣਾ ਫਿੱਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਸੀ ਜਿਹੜਾ ਘੁੰਮ ਫਿਰ ਕੇ ਉਨ੍ਹਾਂ ਤੱਕ ਪਹੁੰਚ ਗਿਆ ਸੀ|
ਉਹਨਾਂ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਆਪਣੀ ਆਈਡੀ ਜਸਪ੍ਰੀਤ 420 ਰਾਹੀਂ ਇਸ ਨੂੰ ਪੋਸਟ ਕੀਤਾ ਸੀ| ਜਦੋਂ ਉਨ੍ਹਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕਰਵਾ ਦਿੱਤਾ ਪਰੰਤੂ ਕੁਝ ਦਿਨ ਬਾਅਦ ਜਸਪ੍ਰੀਤ ਫੇਰ ਉਨ੍ਹਾਂ ਦੀ ਭਤੀਜੀ ਨੂੰ ਗਲੀ ਵਿੱਚ ਰੋਕ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ| ਇਸ ਮੁੱਦੇ ਤੇ ਮੁੜ ਪੰਚਾਇਤ ਹੋਈ ਅਤੇ ਪੰਚਾਇਤ ਵਿੱਚ ਫ਼ੈਸਲਾ ਹੋਇਆ ਕਿ ਜੇਕਰ ਜਸਪ੍ਰੀਤ ਹੁਣ ਕੋਈ ਮਾੜੀ ਹਰਕਤ ਕਰਦਾ ਹੈ ਤਾਂ ਉਸ ਨੂੰ 20 ਹਜ਼ਾਰ ਰੁਪਏ ਜੁਰਮਾਨਾ ਦੇਣਾ ਹੋਵੇਗਾ ਅਤੇ ਇਸਦਾ ਲਿਖਤੀ ਤੌਰ ਤੇ ਫੈਸਲਾ ਵੀ ਹੋਇਆ|
ਉਹਨਾਂ ਇਲਜਾਮ ਲਗਾਇਆ ਕਿ ਜਸਪ੍ਰੀਤ ਫਿਰ ਵੀ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ ਅਤੇ ਬੀਤੀ 22 ਅਗਸਤ ਨੂੰ ਜਸਪ੍ਰੀਤ ਨੇ ਆਪਣੇ ਢਾਈ ਤਿੰਨ ਦਰਜਨ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ| ਇਸ ਹਮਲੇ ਦੌਰਾਨ ਉਸ ਦੇ ਪਿਤਾ ਪ੍ਰੇਮ ਸਿੰਘ, ਮਾਮਾ ਕੁਲਵੰਤ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਨੂੰ ਸੱਟਾ ਵੱਜੀਆਂ| ਉਹਨਾਂ ਇਲਜਾਮ ਲਗਾਇਆ ਕਿ ਇਸ ਦੌਰਾਨ ਹਮਲਾਵਰਾਂ ਨੇ  ਉਨ੍ਹਾਂ ਦੇ ਘਰ ਵਿੱਚ ਤੋੜ ਭੰਨ੍ਹ ਵੀ ਕੀਤੀ ਅਤੇ ਦਹਿਸ਼ਤ ਫਲਾਉਣ ਲਈ ਦੋ ਹਵਾਈ ਫਾਇਰ ਵੀ ਕੀਤੇ ਜਿਸ ਕਾਰਨ ਉਹਨਾਂ ਦਾ ਪੂਰਾ ਪਰਿਵਾਰ ਡਰ ਦੇ ਸਾਏ ਹੇਠ ਜੀ ਰਿਹਾ ਹੈ|
ਉਨ੍ਹਾਂ ਇਲਜਾਮ ਲਗਾਇਆ ਕਿ ਜਸਪ੍ਰੀਤ ਨੇ ਆਪਣੀ ਫੇਸਬੁੱਕ ਆਈਡੀ ਤੇ ਹਥਿਆਰਾਂ ਸਮੇਤ ਕਈਂ ਫੋਟੋਆਂ ਅਪਲੋਡ ਕੀਤੀਆਂ ਹਨ ਅਤੇ ਉਹ ਉਹਨਾਂ ਦੀ ਭਤੀਜੀ ਨੂੰ ਧਮਕਾਉਂਦਾ ਹੈ ਕਿ ਜੇਕਰ ਉਸ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਉਸ ਦੇ ਨਾਂ ਦੀ ਚਿੱਠੀ ਜੇਬ੍ਹ ਵਿੱਚ ਰੱਖ ਕੇ ਖ਼ੁਦਕੁਸ਼ੀ ਕਰ ਲਵੇਗਾ ਅਤੇ ਉਸਨੂੰ ਝੂੱਠੇ ਮਾਮਲੇ ਵਿੱਚ ਫਸਾ ਦੇਵੇਗਾ|
ਉਹਨਾਂ ਕਿਹਾ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਦੇਣ ਖਰੜ ਥਾਣੇ ਗਏ ਤਾਂ ਪੁਲੀਸ ਨੇ ਕੋਰੋਨਾ ਦੀ ਗੱਲ ਕਹਿ ਕੇ ਉਹਨਾਂ ਦੀ ਸ਼ਿਕਾਇਤ ਹੀ ਨਹੀਂ ਲਈ ਅਤੇ ਪਬਲਿਕ ਡੀਲਿੰਗ ਬੰਦ ਹੋਣ ਦੀ ਗੱਲ ਕਹਿ ਕੇ ਵਾਪਸ ਮੋੜ ਦਿੱਤਾ| ਜਿਸਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਸਹੁਰੇ ਪਿੰਡ ਸਿਆਲਵਾ ਵਿੱਚ ਰਹਿ ਰਿਹਾ ਹੈ| ਉਨ੍ਹਾਂ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਏ ਅਤੇ ਹਮਲਾਵਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ|
ਦੂਜੇ ਪਾਸੇ ਜਸਪ੍ਰੀਤ ਦੇ ਭਰਾ ਗੁਰਬਚਨ ਸਿੰਘ ਨੇ ਸੰਪਰਕ ਕਰਨ ਤੇ ਇਹਨਾਂ ਇਲਜਾਮਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ| ਉਹਨਾਂ ਮੰਨਿਆ ਕਿ ਉਹਨਾਂ ਦੇ ਭਰਾ ਤੋਂ ਲੜਕੀ ਦੀ ਫੋਟੋ ਖਿੱਚ ਕੇ ਉਸਦਾ ਗਾਣਾ ਬਣਾਉਣ ਦੀ ਗਲਤੀ ਹੋਈ ਸੀ ਅਤੇ ਇਸ ਮਾਮਲੇ ਵਿੱਚ ਪੰਚਾਇਤ ਵਲੋਂ ਸਮਝੌਤਾ ਵੀ ਹੋ ਗਿਆ ਸੀ ਪਰੰਤੂ ਜਸਪਾਲ ਦੇ ਪਰਿਵਾਰ ਵਲੋਂ ਮਾਮਲਾ ਖਤਮ ਨਹੀਂ ਕੀਤਾ ਗਿਆ ਅਤੇ 22 ਅਗਸਤ ਦੀ ਰਾਤ ਨੂੰ ਜਸਪਾਲ ਨੇ ਬਾਹਰੋਂ ਮੁੰਡੇ ਲਿਆ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਕੁੱਟਿਆ ਗਿਆ ਹੈ| ਉਹਨਾਂ ਕਿਹਾ ਕਿ ਉਹਨਾਂ ਕੋਲ ਜਸਪਾਲ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਹਮਲੇ ਵੇਲੇ ਦੀਆਂ ਫੋਟੋਆਂ ਅਤੇ ਵੀਡੀਓ ਵੀ ਮੌਜੂਦ ਹਨ, ਜਿਹੜੀਆਂ ਉਹ ਵਿਖਾ ਸਕਦੇ ਹਨ| ਉਹਨਾਂ ਕਿਹਾ ਕਿ ਹੁਣ ਖੁਦ ਨੂੰ ਬਚਾਉਣ ਲਈ ਜਸਪਾਲ ਵਲੋਂ ਇਹ ਝੂਠੇ ਇਲਜਾਮ ਲਗਾਏ ਜਾ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਧੱਕਾ ਹੋਇਆ ਹੈ| 
ਸੰਪਰਕ ਕਰਨ ਤੇ ਖਰੜ ਥਾਣਾ ਸਦਰ ਦੇ ਏ ਐਸ ਆਈ ਕੁਲੰਵਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਥਾਣੇ ਦ 15 ਦੇ ਕਰੀਬ ਮੁਲਜਮਾਂ ਦੇ ਕੋਰੋਨਾ ਪਾਜਿਟਿਵ ਆਉਣ ਤੋਂ ਬਾਅਦ ਥਾਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਥਾਣੇ ਵਲੋਂ ਅੱਜ ਹੀ ਕੰਮ ਕਰਨਾ ਸ਼ੁਰੂ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਪਿੰਡ ਸਹੌੜਾ ਵਿੱਚ ਦੋ ਧਿਰਾਂ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਦੋਵਾਂ ਪਾਸਿਆਂ ਦੇ ਲੋਕ ਮਾਮੂਲੀ ਜਖਮੀ ਹੋਏ ਸਨ ਅਤੇ ਪੁਲੀਸ ਨੂੰ ਇਹਨਾਂ ਦੀਆਂ ਮੈਡੀਕਲ  ਰਿਪੋਰਟਾਂ ਵੀ ਮਿਲ ਗਈਆਂ ਹਨ ਜਿਸਤੋਂ ਬਾਅਦ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *