ਪਿੰਡ ਸਿੱਲ ਵਿੱਚ ਗੈਂਗਰੇਪ ਦੀ ਸ਼ਿਕਾਰ ਨਾਬਾਲਿਗ ਲੜਕੀ ਨੂੰ ਜਲਦੀ ਨਿਆਂ ਦੇਣ ਦੀ ਮੰਗ

ਪਿੰਡ ਸਿੱਲ ਵਿੱਚ ਗੈਂਗਰੇਪ ਦੀ ਸ਼ਿਕਾਰ ਨਾਬਾਲਿਗ ਲੜਕੀ ਨੂੰ ਜਲਦੀ ਨਿਆਂ ਦੇਣ ਦੀ ਮੰਗ
ਐਨ ਐਸ ਸੀ ਏ ਦਾ ਵਫਦ ਆਈ ਜੀ ਨੂੰ ਮਿਲਿਆ
ਐਸ ਏ ਐਸ ਨਗਰ, 19 ਦਸੰਬਰ (ਸ.ਬ.) ਨੈਸ਼ਨਲ ਸ਼ਡਿਊਲਡਕਾਸਟ ਅਲਾਇੰਸ (ਐਨ ਐਸ ਸੀ ਏ) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਇੱਕ ਵਫਦ ਨੇ ਬੀਤੀ ਜੁਲਾਈ ਵਿੱਚ ਮੁਹਾਲੀ ਜਿਲ੍ਹੇ ਦੇ ਪਿੰਡ ਸਿੱਲ ਵਿੱਚ ਇੱਕ 13 ਸਾਲਾ ਲੜਕੀ ਦੇ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਮਾਮਲਾ ਦਰਜ ਕਰਦੇ ਸਮੇਂ ਢੁਕਵੀਆਂ ਧਾਰਾਵਾਂ ਨਾ ਲਗਾਉਣ ਅਤੇ ਹੁਣ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਜੋਨ ਦੇ ਆਈ ਜੀ ਅਮਰਦੀਪ ਸਿੰਘ ਰਾਏ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਕੇ ਪੀੜਤ ਲੜਕੀ ਨੂੰ ਇਨਸਾਫ ਦੇਣ ਦੀ ਮੰਗ ਕੀਤੀ|
ਮੁਲਾਕਾਤ ਉਪਰੰਤ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕੈਂਥ ਨੇ ਕਿਹਾ ਕਿ ਆਈ ਜੀ ਨੇ ਮਾਮਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਸੁਣਿਆ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਕੇਸ ਨਾਲ ਸਬੰਧਿਤ ਸਾਰੇ ਹੀ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾਜਾਵੇਗਾ ਅਤੇ ਨਾਲੋ ਨਾਲ ਹੀ ਮਾਮਲੇ ਵਿੱਚ ਹੋਰ ਢੁਕਵੀਆਂ ਧਾਰਾਵਾਂ ਵੀ ਲਾਗੂ ਕੀਤੀਆਂ ਜਾਣਗੀਆਂ|
ਕੈਂਥ ਨੇ ਆਈ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਪੁਲੀਸ ਥਾਣਿਆਂ ਅੰਦਰ ਗਰੀਬ ਅਤੇ ਆਮ ਆਦਮੀਆਂ ਦੀ ਸਹੀ ਢੰਗ ਨਾਲ ਸੁਣਵਾਈ ਨਹੀਂ ਹੁੰਦੀ ਅਤੇ ਉਹਨਾਂ ਨੂੰ ਬੇਵਜ੍ਹਾ ਢੰਗ ਨਾਲ ਤੰਗ ਕੀਤਾ ਜਾਂਦਾ ਹੈ ਅਤੇ ਨਿਆਂ ਨਹੀਂ ਦਿੱਤਾ ਜਾਂਦਾ ਜਿਵੇਂ ਕਿ ਇਸ ਮਾਮਲੇ ਵਿੱਚ ਸਾਫ ਹੋ ਗਿਆ ਹੈ ਕਿ ਗੈਂਗਰੇਪ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਦੇ ਮਾਮਲੇ ਵਿੱਚ ਗੈਂਗਰੇਪ ਦਾ ਸੈਕਸ਼ਨ 376-ਡੀ ਹੀ ਨਹੀਂ ਲਗਾਇਆ ਗਿਆ|
ਉਹਨਾਂ ਕਿਹਾ ਕਿ ਮਾਮਲੇ ਦੀ ਕੋਈ ਵੀ ਸੁਣਵਾਈ ਪੰਜ ਮਹੀਨੇ ਲੰਘ ਜਾਣ ਦੇ ਬਾਵਜੂਦ ਨਹੀਂ ਹੋ ਸਕੀ, ਕਿਉਂਕਿ ਪੁਲੀਸ ਵੱਲੋਂ ਕੋਈ ਗ੍ਰਿਫਤਾਰੀ ਹੀ ਨਹੀ. ਕੀਤੀ ਗਈ ਤੇ ਢੁਕਵੀਆਂ ਧਾਰਾਵਾਂ ਨਾ ਲਗਾ ਕੇ ਦੋਸ਼ੀਆਂ ਨੂੰ ਬਚਾਉਣ ਤੇ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ|

Leave a Reply

Your email address will not be published. Required fields are marked *