ਪਿੰਡ ਸੁਹਾਲੀ ਵਿਖੇ ਮਾਂ ਅਤੇ ਬੱਚੇ ਦੀ ਸਿਹਤ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ

ਐਸ. ਏ. ਐਸ ਨਗਰ, 21 ਜੁਲਾਈ (ਸ.ਬ.) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅੱਜ ਪਿੰਡ ਸੁਹਾਲੀ ਵਿਖੇ ਮਾਂ ਅਤੇ ਬੱਚੇ ਦੀ ਤੰਦੁਰਸਤੀ ਲਈ ਡਾ. ਦਲੇਰ ਸਿੰਘ ਮੁਲਤਾਨੀ ਸੀਨੀਅਰ ਮੈਡੀਕਲ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ|
ਇਸ ਮੌਕੇ ਡਾ. ਮੁਲਤਾਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਂ ਦੇ ਗਰਭ ਧਾਰਣ ਤੋਂ ਲੈ ਕੇ ਜਣੇਪੇ ਸਿਹਤ ਅਤੇ ਨਵ ਜਨਮੇ ਬੱਚੇ 0 ਤੋਂ 1 ਸਾਲ ਦੇ ਲੜਕੇ ਅਤੇ 0 ਤੋਂ 5 ਸਾਲ ਤੱਕ ਦੀਆਂ ਲੜਕੀਆਂ ਲਈ ਸਾਰੀਆਂ ਸਿਹਤ ਸਹੂਲਤਾਂ ਮੁਫਤ ਹਨ| ਉਹਨਾਂ ਦੱਸਿਆ ਕਿ ਹਰੇਕ ਪਿੰਡ ਵਿੱਚ 1000 ਦੀ ਆਬਾਦੀ ਤੇ ਇੱਕ ਆਸ਼ਾ ਵਰਕਰ ਅਤੇ ਇਸ ਤਰ੍ਹਾਂ 5000 ਤੋਂ 10000 ਤੱਕ ਦੀ ਅਬਾਦੀ ਦੇ ਇੱਕ ਮੇਲ ਅਤੇ ਫੀਮੇਲ ਵਰਕਰ ਹਨ ਜਿਨ੍ਹਾਂ ਦਾ ਕੰਮ ਪ੍ਰਵੈਨਟਿਵ ਅਤੇ ਪ੍ਰਮੋਟਿਵ ਸਿਹਤ ਸੁਵਿਧਾਵਾ ਦੇਣਾ ਹੈ| ਹਰੇਕ ਆਸ਼ਾ ਵਰਕਰ ਨੂੰ ਹਦਾਇਤ ਕੀਤੀ ਹੋਈ ਹੈ ਪਿੰਡ ਵਿੱਚ ਸ਼ਾਦੀ ਹੋਣ ਤੇ ਨਵੇਂ ਜੋੜੇ ਨਾਲ ਤਾਲ ਮੇਲ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਬੱਚਾ ਜੰਮਣ ਦੀ ਲੋੜ ਅਤੇ ਸਿਹਤ ਬਾਰੇ ਜਾਣਕਾਰੀ ਦਿੱਤੀ ਜਾਵੇ|
ਉਹਨਾਂ ਦੱਸਿਆ ਕਿ ਜਿੱਥੇ ਮਾਵਾਂ ਨੂੰ ਚੰਗੀ ਖੁਰਾਕ, ਡਾਕਟਰੀ ਚੈਕ ਅਪ ਅਤੇ ਆਂਗਣਵਾੜੀ ਸੈਂਟਰ ਰਾਹੀ ਖੁਰਾਕ ਦਿੱਤੀ ਜਾ ਰਹੀ ਹੈ ਉਥੇ ਮਹੀਨੇ ਦੀ ਹਰ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀ ਮੁਹਿੰਮ ਦੌਰਾਨ ਗਰਭਵਤੀ ਮਾਵਾਂ ਦਾ ਸਪੈਸ਼ਲ ਚੈਕ ਅਪ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਇਹ ਹੈ ਕਿ ਮਾਵਾਂ ਦੀਆਂ ਗਰਭ ਦੌਰਾਨ ਮੌਤ ਦਰ ਘੱਟ ਗਈ ਹੈ| ਇਸੇ ਤਰ੍ਹਾਂ ਤੰਦਰੁਸਤ ਮਾਵਾਂ ਤੰਦਰੁਸਤ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ਜਿਸ ਨਾਲ ਜਨਮ ਸਮੇਂ ਨਵ ਜਨਮੇ ਬੱਚਿਆਂ ਦੀ ਮੌਤ ਦਰ ਵੀ ਬਹੁਤ ਘੱਟ ਗਈ ਹੈ|
ਛੋਟਾ ਪਰਿਵਾਰ ਸੁੱਖੀ ਪਰਿਵਾਰ ਅਤੇ ਬੇਟਾ ਬੇਟੀ ਇੱਕ ਸਮਾਨ ਦੇ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਬਾਰੇ ਦਸਦਿਆਂ ਮਾਵਾਂ ਨੂੰ ਹਦਾਇਤ ਕੀਤੀ ਕਿ ਮਾਂ ਦਾ ਪਹਿਲਾਂ ਦੁੱਧ ਬੱਚੇ ਲਈ ਵਰਦਾਨ ਸਿੱਧ ਹੁੰਦਾ ਹੈ| ਉਥੇ ਮਾਂ ਵੀ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬੱਚ ਜਾਂਦੀ ਹੈ| ਉਹਨਾਂ ਦੱਸਿਆ ਕਿ ਗਰੀਬੀ ਰੇਖਾ ਹੇਠ ਮਾਵਾਂ ਲਈ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਪਿੰਡਾਂ ਵਿਚ 700 ਅਤੇ ਸ਼ਹਿਰਾਂ ਵਿਚ 600 ਰੁਪਏ ਦੀ ਮਾਲੀ ਮਦਦ ਵੀ ਕੀਤੀ ਜਾਂਦੀ ਹੈ|
ਇਸ ਮੌਕੇ ਤੇ ਪਿੰਡ ਸਰਪੰਚ ਸਤਨਾਮ ਸਿੰਘ, ਸਰੋਜ ਰਾਣੀ ਪੰਚ ਮਨਜੀਤ ਕੌਰ ਪੰਚ, ਜਗਦੀਸ ਸਿੰਘ ਪੰਚ, ਸਿਹਤ ਸਟਾਫ ਅਤੇ ਪਤਵੰਤੇ ਹਾਜਰ ਸਨ|

Leave a Reply

Your email address will not be published. Required fields are marked *