ਪਿੰਡ ਸੋਹਾਣਾ ਤੇ ਮੰਡਰਾ ਰਿਹਾ ਹੈ ਹੈਜੇ ਦੀ ਬਿਮਾਰੀ ਦਾ ਖਤਰਾ, ਪਿੰਡ ਵਿੱਚ ਉਲਟੀਆਂ ਅਤੇ ਦਸਤ ਦੇ ਮਰੀਜਾਂ ਦੀ ਗਿਣਤੀ ਵਿੱਚ ਅਚਨਚੇਤ ਵਾਧਾ ਸਿਹਤ ਵਿਭਾਗ ਨੇ ਕੈਂਪ ਲਗਾ ਕੇ ਮਰੀਜਾਂ ਦੀ ਕੀਤੀ ਜਾਂਚ

ਐਸ ਏ ਐਸ ਨਗਰ, 8 ਫਰਵਰੀ (ਸ ਬ) ਇਤਿਹਾਸਿਕ ਪਿੰਡ ਸੋਹਾਣਾ ਵਿਖੇ ਹੈਜੇ ਦੀ ਬਿਮਾਰੀ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ| ਇਸ ਸੰਬੰਧੀ ਪਿਛਲੇ ਕੁੱਝ ਦਿਨਾਂ ਤੋਂ ਪਿੰਡ ਵਿੱਚ ਉਲਟੀਆਂ ਅਤੇ ਦਸਤ ਦੀ ਬਿਮਾਰੀ ਦੇ ਮਰੀਜਾਂ ਦੀ ਗਿਣਤੀ ਵਿੱਚ ਹੁੰਦੇ ਲਗਾਤਾਰ ਵਾਧੇ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ| ਇਸਦੇ ਨਾਲ ਨਾਲ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਵਿੱਚ ਸਪਲਾਈ ਕੀਤੇ ਜਾ ਰਹੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਭਰੇ ਹਨ ਜਿਹਨਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਹਫਤੇ ਪਹਿਲਾਂ ਵੀ ਪਿੰਡ ਵਿੱਚ ਹੈਜੇ ਦੇ ਦੋ ਮਰੀਜ ਸਾਮ੍ਹਣੇ ਆ ਚੁੱਕੇ ਹਨ ਜਿਸਦਾ ਕਾਰਨ ਇੱਥੇ ਪੀਣ ਵਾਲੇ ਪ੍ਰਦੂਸ਼ਿਤ ਪਾਦੀ ਦੀ ਸਪਲਾਈ ਨੂੰ ਦੱਸਿਆ ਜਾ ਰਿਹਾ ਹੈ| ਸਿਹਤ ਵਿਭਾਗ ਦੇ ਇੰਸਪੈਕਟਰ ਸ੍ਰੀ ਦਿਨੇਸ਼ ਚੌਧਰੀ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਪਿੰਡ ਵਿੱਚ ਉਲਟੀਆਂ ਅਤੇ ਦਸਤ ਦੇ ਮਰੀਜਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਅਤੇ ਉਸ ਵੇਲੇ ਪਿੰਡ ਦੀਆਂ ਦੋ ਮਹਿਲਾਵਾਂ ਬਬੀਤਾ ਅਤੇ ਮਮਤਾ ਵਿੱਚ ਹੈਜੇ ਦੀ ਬਿਮਾਰੀ ਹੋਣ ਦੀ ਪੁਸ਼ਟੀ ਵੀ ਹੋਈ ਸੀ ਜਿਹਨਾਂ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਇਲਾਜ ਕੀਤਾ ਗਿਆ ਸੀ| ਉਹਨਾਂ ਦੱਸਿਆ ਕਿ ਉਸ ਵੇਲੇ ਸਿਹਤ ਵਿਭਾਗ ਵਲੋਂ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਜਿਹੜੇ ਸੈਂਪਲ ਭਰੇ ਗਏ ਸੀ ਉਹਨਾਂ ਵਿੱਚੋਂ ਕਾਫੀ ਸੈਂਪਲ   ਫੇਲ੍ਹ ਹੋ ਗਏ ਸਨ ਜਿਸਤੋਂ ਬਾਅਦ ਵਿਭਾਗ ਵਲੋਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ ਅਤੇ ਜਲ ਸਪਲਾਈ ਵਿਭਾਗ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਸੁਧਾਰ ਵੀ ਕੀਤਾ ਗਿਆ ਸੀ| ਇਸਤੋਂ ਬਾਅਦ ਸਿਹਤ ਵਿਭਾਗ ਵਲੋਂ ਪਿੰਡ ਵਿੱਚ ਦੁਬਾਰਾ ਭਰੇ ਪਾਣੀ ਦੇ ਸੈਂਪਲ ਪਾਸ ਹੋਣ ਉਪਰੰਤ ਇਹ ਮਾਮਲਾ ਖਤਮ ਹੋ ਗਿਆ ਸੀ ਪਰੰਤੂ ਹੁਣ ਫਿਰ ਪਿਛਲੇ ਕੁੱਝ ਦਿਨਾਂ ਤੋਂ ਪਿੰਡ ਵਿੱਚ ਉਲਟੀਆਂ ਅਤੇ ਦਸਤ ਦੇ ਮਾਮਲੇ ਲਗਾਤਾਰ ਵੰਧਣ ਲੱਗ ਗਏ ਹਨ ਜਿਸਤੋਂ ਬਾਅਦ ਅੱਜ ਪਿੰਡ ਵਿੱਚ ਕੈਂਪ ਲਗਾ ਕੇ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚੋਂ ਨਵੇਂ ਸਿਰੇ ਤੋਂ ਪਾਣੀ ਦੇ ਸੈਂਪਲ ਵੀ ਭਰੇ ਜਾ ਰਹੇ ਹਨ|
ਸਿਹਤ ਵਿਭਾਗ ਵਲੋਂ ਲਗਾਏ ਗਏ ਕੈਂਪ ਦੌਰਾਨ ਡਾ ਸੰਗੀਤ ਪਾਲ ਅਤੇ ਡਾ ਦੀਪਿਕਾ ਨੇ ਮਰੀਜਾਂ ਦੀ ਜਾਂਚ ਕੀਤੀ| ਅੱਜ ਦੇ ਕੈਂਪ ਦੌਰਾਨ ਭਾਵੇਂ ਹੈਜੇ ਦਾ ਕੋਈ ਮਾਮਲਾ ਸਾਮ੍ਹਣੇ ਲਈਂ ਆਇਆ ਪਰੰਤੂ ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਸੀ ਕਿ ਜੇਕਰ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਹੋਇਆ ਤਾਂ ਸਥਿਤੀ ਵਿਗੜ ਸਕਦੀ ਹੈ| ਡਾਕਟਰਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਹਰੀਜਨ ਮੁਹੱਲੇ ਵਿੱਚ            ਸੀਵਰੇਜ ਬੰਦ ਹੋਣ ਕਾਰਨ ਇਸ ਬਿਮਾਰੀ ਦਾ ਖਤਰਾ ਹੋਰ ਵੀ ਜਿਆਦਾ ਹੈ| ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਦਾ ਦੌਰਾ ਵੀ ਕੀਤਾ ਗਿਆ| ਉਹਨਾਂ ਦੱਸਿਆ ਕਿ ਵਿਭਾਗ ਵਲੋਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਲੋੜੀਂਦੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਜਲ ਸਪਲਾਈ ਵਿਭਾਗ ਦੇ ਐਸ ਡੀ ਓ ਸ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਵਿਭਾਗ ਦੇ ਕਰਮਚਾਰੀ ਇਸ ਸਮਸਿਆ ਨੂੰ ਦੂਰ ਕਰਨ ਲਈ ਲੱਗੇ ਹੋਏ ਹਨ| ਉਹਨਾਂ ਕਿਹਾ ਕਿ ਪਹਿਲਾਂ ਵੀ ਇਹ ਸਮਸਿਆ ਆਈ ਸੀ, ਉਸ ਸਮੇਂ ਵੀ ਵਿਭਾਗ ਵਲੋਂ ਪਹਿਲਾਂ ਸਪਲਾਈ ਰੋਕ ਕੇ ਅਤੇ ਮੁੜ ਸਫਾਈ ਕਰਵਾ ਕੇ ਜਲ ਸਪਲਾਈ ਸ਼ੁਰੂ ਕੀਤੀ ਗਈ ਸੀ ਅਤੇ ਉਸ ਵੇਲੇ ਪਾਣੀ ਦੇ ਸੈਂਪਲ ਠੀਕ ਪਾਏ  ਗਏ ਸਨ| ਉਹਨਾਂ ਦੱਸਿਆ ਕਿ ਵਿਭਾਗ ਨੇ ਪਿੰਡ ਵਿਚ ਕਲੋਰੀਨ ਪਲਾਂਟ ਵੀ ਲਗਾਇਆ ਹੋਇਆ ਹੈ| ਉਹਨਾਂ ਦੱਸਿਆ ਕਿ ਜਾਮ ਹੋਵੇ ਸੀਵਰੇਜ ਨੂੰ ਖੋਲ੍ਹਣ ਲਈ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਇਸ ਕੰਮ ਵਾਸਤੇ ਵਿਭਾਗ ਤੋਂ ਸੀਵਰੇਜ ਕਲੀਨਿੰਗ ਮਸ਼ੀਨ ਵੀ ਮੰਗਵਾਈ ਜਾ ਰਹੀ ਹੈ| ਉਹਨਾਂ ਕਿਹਾ ਕਿ ਉਹਨਾਂ ਵਲੋਂ ਵੀ ਇਸ ਪਿੰਡ ਵਿਚੋਂ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਪਿੰਡ ਵਿੱਚਲੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮੱਸਿਆ ਤੁੰਰਤ ਦੂਰ ਕਰਵਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *