ਪਿੰਡ ਸੋਹਾਣਾ ਦੇ ਸੀਵਰੇਜ਼, ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ : ਸਿੱਧੂ

ਐਸ.ਏ.ਐਸ.ਨਗਰ, 6 ਮਾਰਚ (ਸ.ਬ.) ਪਿੰਡ ਸੋਹਾਣਾ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਸਾਰਾ ਕੰਮ ਇੱਕੋ ਏਜੰਸੀ ਨੂੰ ਸੌਂਪਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਵੱਖ ਵੱਖ ਦਫਤਰਾਂ ਦੀ ਬਜਾਏ ਇੱਕੋ ਛੱਤ ਥੱਲੇ ਸਾਰੀਆਂ ਸਹੂਲਤਾਂ ਮਿਲ ਸਕਣ| ਇਸ ਗੱਲ ਦੀ ਜਾਣਕਾਰੀ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਪਿੰਡ ਸੋਹਾਣਾ ਦੇ ਲੋਕਾਂ ਦੀਆਂ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਪਿੰਡ ਸੋਹਾਣਾ ਵਿਖੇ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵਿਸੇਸ਼ ਦੌਰਾ ਕੀਤਾ| ਉਨ੍ਹਾਂ ਇਸ ਮੌਕੇ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ|
ਸ੍ਰ: ਸਿੱਧੂ ਨੇ ਇਸ ਮੌਕੇ ਦੱਸਿਆ ਕਿ ਪਿੰਡ ਸੋਹਾਣਾ ਦੇ ਕੁੱਝ ਕੰਮ ਗਮਾਡਾ ਅਧੀਨ ਹਨ ਅਤੇ ਕੁੱਝ ਨਗਰ ਨਿਗਮ ਕੋਲ ਹਨ, ਜਿਸ ਕਾਰਨ ਲੋਕਾਂ ਨੂੰ ਕਿਸੇ ਵੀ ਸਮੱਸਿਆ ਦੇ ਹੱਲ ਲਈ ਵੱਖ ਵੱਖ ਦਫਤਰਾਂ ਵਿੱਚ ਜਾਣਾ ਪੈਂਦਾ ਹੈ| ਉਨ੍ਹਾਂ ਦੱਸਿਆ ਕਿ ਜੇਕਰ ਇਹ ਸਾਰੇ ਕੰਮ ਇੱਕ ਏਜੰਸੀ ਕੋਲ ਆ ਜਾਣਗੇ ਤਾਂ ਲੋਕਾਂ ਨੂੰ ਦਰ ਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ|
ਪਿੰਡ ਸੋਹਾਣਾ ਦੇ ਵਸਨੀਕਾਂ ਨੇ ਇਸ ਮੌਕੇ ਸ੍ਰ: ਸਿੱਧੂ ਨੂੰ ਬੰਦ ਪਏ ਸੀਵਰੇਜ਼ ਸਬੰਧੀ ਜਾਣੂ ਕਰਾਇਆ ਜਿਸ ਕਾਰਨ ਘਰਾਂ ਵਿੱਚ ਬਦਬੂ ਆਉਂਦੀ ਹੈ ਅਤੇ ਮੌਕੇ ਤੇ ਬਜੁਰਗ ਔਰਤ ਸ੍ਰੀਮਤੀ ਰੱਤੀ ਨੇ ਸ੍ਰ: ਸਿੱਧੂ ਨੂੰ ਜੋਰ ਦੇ ਕੇ ਆਖਿਆ ਕਿ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਹਨ ਅਤੇ ਗਲੀਆਂ ਨਾਲੀਆਂ ਵਿੱਚ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਮੱਛਰ ਅਤੇ ਮੱਖੀਆਂ ਪੈਦਾ ਹੁੰਦੀਆਂ ਹਨ| ਜਿਸਨੂੰ ਹੱਲ ਕੀਤਾ ਜਾਵੇ| ਇਸ ਮੌਕੇ ਕੁੱਝ ਵਿਅਕਤੀਆਂ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਆਪਣੇ ਘਰਾਂ ਅੱਗੇ ਨਾਲੀਆਂ ਵਿੱਚ ਸੀਮਿੰਟ, ਬਜ਼ਰੀ ਪਾ ਕੇ ਉÎੱਚਾ ਕਰ ਲਿਆ ਹੈ ਜਿਸ ਕਾਰਨ ਪਿਛਲੇ ਘਰਾਂ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ| ਸ੍ਰ: ਸਿੱਧੂ ਨੇ ਵਿਸ਼ਵਾਸ਼ ਦਿਵਾਇਆ ਕਿ ਸੀਵਰੇਜ਼ ਦੇ ਪਾਣੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਜਿਸ ਲਈ ਮੁਹੱਲੇ ਵਾਲਿਆਂ ਦੀ ਸਹਿਮਤੀ ਵੀ ਜਰੂਰੀ ਹੈ|
ਇਸ ਮੌਕੇ ਲੋਕਾਂ ਨੇ ਸੋਹਾਣਾ ਵਿਖੇ ਲੱਗਣ ਵਾਲੀ ਨਜਾਇਜ ਮੰਡੀ ਸਬੰਧੀ ਸ਼ਿਕਾਇਤ ਕਰਦਿਆਂ ਕਿਹਾ ਕਿ ਮੰਡੀ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪੈਂਦਾ ਹੈ ਅਤੇ ਗੰਦਗੀ ਵੀ ਫੈਲਦੀ ਹੈ| ਇਸ ਮੰਡੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ| ਸ੍ਰ: ਸਿੱਧੂ ਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਜਾਇਜ ਮੰਡੀ ਨੂੰ ਅੱਜ ਤੋਂ ਹੀ ਬੰਦ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ| ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਵਿੱਚ ਪਾਰਕਾਂ ਦੀ ਦੁਰਦਸ਼ਾ ਵੀ ਖਰਾਬ ਹੋ ਚੁੱਕੀ ਹੈ ਅਤੇ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈ| ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪਾਰਕਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਜਿਹੜੇ ਗਮਾਡਾ ਵੱਲੋਂ ਪਾਰਕ ਨਗਰ ਨਿਗਮ ਨੂੰ ਤਬਦੀਲ ਕੀਤੇ ਸਨ ਉਨ੍ਹਾਂ ਨੂੰ ਮੁੜ ਤੋਂ ਗਮਾਡਾ ਅਧੀਨ ਲਿਆਉਣ ਲਈ ਵਿਸੇਸ਼ ਯਤਨ ਕੀਤੇ ਜਾਣਗੇ ਤਾਂ ਜੋ ਪਾਰਕਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ| ਇਸ ਮੌਕੇ ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ ਚੰਦ ਸ਼ਰਮਾਂ ਮੱਛਲੀਕਲਾਂ, ਸੁਰਿੰਦਰ ਸਿੰਘ ਰਾਜਪੂਤ ਕੌਂਸਲਰ, ਐਕਸ਼ੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਜਗਜੀਤ ਸਿੰਘ ਧਾਮੀ, ਕਾਰਜਸਾਧਕ ਅਫਸਰ ਸ੍ਰ: ਸਰਬਜੀਤ ਸਿੰਘ, ਐਕਸੀਅਨ ਅਸ਼ਵਨੀ ਕੁਮਾਰ, ਐਸ.ਡੀ.ਓ. ਗੁਰਪ੍ਰੀਤ ਸਿੰਘ ਬਰਾੜ, ਐਸ ਡੀ ਓ ਬਿਜਲੀ ਬੋਰਡ ਹਰਭਜਨ ਸਿੰਘ, ਮੁੱਖ ਥਾਣਾ ਅਫਸਰ ਸੋਹਾਣਾ ਮਨਜੀਤ ਸਿੰਘ, ਐਡਵੋਕੇਟ ਸੁਸ਼ੀਲ ਅਤਰੀ, ਸ੍ਰੀ ਸੌਰਵ ਸ਼ਰਮਾ ,ਗੁਰਚਰਨ ਸਿੰਘ ਭਮਰਾ, ਮਾਸਟਰ ਸੁਖਦੇਵ ਸਿੰਘ, ਸ੍ਰੀ ਆਰ.ਪੀ.ਗੁਪਤਾ, ਹਰਜੀਤ ਸਿੰਘ ਭੌਲੂ, ਜਸਵਿੰਦਰ ਸਿੰਘ ਜੱਸੀ, ਸੁਸੀਲ ਕੁਮਾਰ ਸ਼ਰਮਾ, ਬੂਟਾ ਸਿੰਘ ਸੋਹਾਣਾ ਸਮੇਤ ਹੋਰ ਅਧਿਕਾਰੀ ਅਤੇ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *