ਪਿੰਡ ਸੋਹਾਣਾ ਵਿਚਲੇ ਟੋਭਿਆਂ ਨੂੰ ਵਿਕਸਿਤ ਕਰਕੇ ਬਣਾਇਆ ਜਾਵੇਗਾ ਸੈਰਗਾਹ : ਮੇਅਰ ਕੁਲਵੰਤ ਸਿੰਘ

ਪਿੰਡ ਸੋਹਾਣਾ ਵਿਚਲੇ ਟੋਭਿਆਂ ਨੂੰ ਵਿਕਸਿਤ ਕਰਕੇ ਬਣਾਇਆ ਜਾਵੇਗਾ ਸੈਰਗਾਹ : ਮੇਅਰ ਕੁਲਵੰਤ ਸਿੰਘ
ਨਿਗਮ ਅਧੀਨ ਆਉਂਦੇ ਪਿੰਡਾਂ ਨੂੰ ਮਿਲਣਗੀਆਂ ਅਤਿਆਧੁਨਿਕ ਸੁਵਿਧਾਵਾਂ, ਮੇਅਰ ਨੇ ਕੀਤਾ ਪਿੰਡ ਸੋਹਾਣਾ ਦਾ ਦੌਰਾ
ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਨਗਰ ਨਿਗਮ ਮੁਹਾਲੀ ਅਧੀਨ ਆਉਂਦੇ ਪਿੰਡ ਸੋਹਾਣਾ ਵਿੱਚ ਪੈਂਦੇ ਤਿੰਨ ਟੋਭਿਆਂ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਵਾਤਾਵਰਨ ਦੇ ਨਿਯਮਾਂ ਅਨੁਸਾਰ ਵਿਕਸਿਤ ਕਰਕੇ ਆਮ ਲੋਕਾਂ ਲਈ ਸੈਰਗਾਹਾਂ ਬਣਾਈਆਂ ਜਾਣਗੀਆ| ਇਸ ਸੰਬੰਧੀ ਐਲਾਨ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਪਿੰਡ ਸੋਹਾਣਾ ਦੇ ਦੌਰੇ ਦੌਰਾਨ ਕੀਤਾ ਗਿਆ| ਪਿੰਡ ਦੇ ਕੌਂਸਲਰਾਂ ਸ੍ਰ. ਪਰਵਿੰਦਰ ਸਿੰਘ ਸੋਹਾਣਾ, ਸ੍ਰ. ਸੁਰਿੰਦਰ ਸਿੰਘ ਰੋਡਾ ਅਤੇ ਬੀਬੀ ਕਮਲਜੀਤ ਕੌਰ ਦੇ ਸੱਦੇ ਤੇ ਪਿੰਡ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਨਿਗਮ ਦੇ ਵਾਰਡ ਨੰਬਰ 42 ਅਤੇ 43 (ਪਿੰਡ ਸੋਹਾਣਾ) ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਉਹ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦਾ ਵਿਕਾਸ ਕਰਨ ਲਈ ਵਚਨਬੱਧ ਹਨ ਅਤੇ ਇਸ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਉਪਰ ਕੀਤਾ ਜਾਵੇਗਾ| ਇਸ ਮੌਕੇ ਉਹਨਾਂ ਦੇ ਨਾਲ ਨਿਗਮ ਦੇ ਅਧਿਕਾਰੀ ਵੀ ਹਾਜਿਰ ਸਨ| ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਿਰ ਹੋਏ| ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਕੌਂਸਲਰਾਂ ਵਲੋਂ ਨਿਗਮ ਦੇ ਮੇਅਰ ਕੁਲਵੰਤ ਸਿੰਘ ਨਾਲ ਨੇੜਤਾ ਕਾਇਮ ਕੀਤੇ ਜਾਣ ਨਾਲ ਮੇਅਰ ਵਲੋਂ ਵੀ ਇਹਨਾਂ ਕੌਂਸਲਰਾਂ ਦੇ ਵਾਰਡਾਂ ਵਿਚ ਵਿਕਾਸ ਕੰਮ ਕਰਵਾਉਣ ਨੂੰ ਤਰਜੀਹ ਦਿਤੀ ਜਾ ਰਹੀ ਹੈ|
ਇਸ ਮੌਕੇ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ ਅਤੇ ਕਮਲਜੀਤ ਕੌਰ ਨੇ ਮੇਅਰ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ| ਉਹਨਾਂ ਮੇਅਰ ਨੂੰ ਦੱਸਿਆ ਕਿ ਇਸ ਪਿੰਡ ਵਿਚ ਤਿੰਨ ਟੋਭੇ ਹਨ ਜਿਹਨਾਂ ਅਧੀਨ ਲਗਭਗ 10 ਏਕੜ ਥਾਂ ਆਉਂਦੀ ਹੈ ਅਤੇ ਇਸ ਥਾਂ ਤੇ ਨਾਜਾਇਜ ਕਬਜੇ ਹੋ ਰਹੇ ਹਨ| ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਥਾਂ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਤੋਂ ਬਾਅਦ ਇਹਨਾਂ ਟੋਭਿਆਂ ਉਪਰ ਹੋਏ ਨਜਾਇਜ ਕਬਜੇ ਵੀ ਹਟਾਏ ਜਾਣਗੇ ਅਤੇ ਵਾਤਾਵਰਨ ਨੂੰ ਮੁੱਖ ਰੱਖਕੇ ਇਹਨਾਂ ਟੋਭਿਆਂ ਨੂੰ ਪਾਰਕਾਂ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਨਿਗਮ ਵਲੋਂ ਸੋਹਾਣਾ ਪਿੰਡ ਦਾ ਪੂਰਾ ਸੁੰਦਰੀਕਰਨ ਕੀਤਾ ਜਾਵੇਗਾ| ਉਹਨਾਂ ਕਿਹਾ ਇਸ ਕੰਮ ਵਾਸਤੇ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿੰਨਾ ਵੀ ਖਰਚਾ ਕਰਨਾ ਪਵੇ ਨਿਗਮ ਵਲੋਂ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਨਿਗਮ ਕੋਲ ਫੰਡ ਦੀ ਕੋਈ ਤੋੜ ਨਹੀਂ ਹੈ ਅਤੇ ਪਿੰਡ ਵਾਸੀਆਂ ਨੂੰ ਅਤਿ ਆਧੁਨਿਕ ਸਹਲਤਾਂ ਮੁਹਈਆ ਕਰਵਾਈਆਂ ਜਾਣਗੀਆਂ| ਉਹਨਾਂ ਮੌਕੇ ਉਪਰ ਹੀ ਅਧਿਕਾਰੀਆਂ ਨੂੰ ਇਸ ਸਬੰਧੀ ਤਖਮੀਨੇ ਤਿਆਰ ਕਰਨ ਦੇ ਹੁਕਮ ਵੀ ਦਿੱਤੇ|
ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਉਹ ਮੁਹਾਲੀ ਦੇ ਡੀ ਸੀ ਹੁੰਦੇ ਸਨ ਉਦੋਂ ਵੀ ਉਹਨਾਂ ਨੇ ਸੋਹਾਣਾ ਪਿੰਡ ਦੇ ਵਿਕਾਸ ਲਈ ਵਿਸ਼ੇਸ ਉਪਰਾਲੇ ਕੀਤੇ ਸਨ| ਉਹਨਾਂ ਕਿਹਾ ਕਿ ਇਸ ਪਿੰਡ ਦਾ ਹੋਰ ਵੀ ਵਿਕਾਸ ਕੀਤਾ ਜਾਣਾ ਚਾਹੀਦਾ ਹੈ| ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਮੇਅਰ ਕੁਲਵੰਤ ਸਿੰਘ ਦਾ ਸੋਹਾਣਾ ਦਾ ਦੌਰਾ ਕਰਨ ਲਈ ਧੰਨਵਾਦ ਕੀਤਾ|
ਇਸ ਮੌਕੇ ਸਰਵਸ੍ਰੀ ਮਾਨ ਸਿੰਘ ਸੋਹਾਣਾ, ਬਲਬੀਰ ਕੌਰ ਸਾਬਕਾ ਬਲਾਕ ਸੰਮਤੀ ਮਂੈਬਰ, ਹਰਸੰਗਤ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ ਮਾਨ, ਸੁਭਾਸ ਸ਼ਰਮਾ, ਸੁਰੇਸ਼ ਕੁਮਾਰ, ਮਨਜੀਤ ਸਿੰਘ ਸਾਬਕਾ ਪੰਚ, ਮਨਜੀਤ ਕੌਰ ਸਾਬਕਾ ਪੰਚ, ਸੁਭਾਸ਼ ਬੱਬਰ, ਦਲਜੀਤ ਸਿੰਘ ਸਾਬਕਾ ਪੰਚ ਵੀ ਮੌਜੂਦ ਸਨ|

Leave a Reply

Your email address will not be published. Required fields are marked *