ਪੀਣ ਵਾਲੇ ਪਾਣੀ ਦੀ ਕਿਲੱਤ ਕਾਰਨ ਤੰਗ ਹੋਣ ਲੱਗ ਪਏ ਸ਼ਹਿਰਵਾਸੀ

ਪੀਣ ਵਾਲੇ ਪਾਣੀ ਦੀ ਕਿਲੱਤ ਕਾਰਨ ਤੰਗ ਹੋਣ ਲੱਗ ਪਏ ਸ਼ਹਿਰਵਾਸੀ
ਤਾਪਮਾਨ ਵਧਣ ਦੇ ਨਾਲ ਹੀ ਪਾਣੀ ਦੀ ਸਪਲਾਈ ਹੋਈ ਪ੍ਰਭਾਵਿਤ
ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਪਿਛਲੇ ਦਿਨੀਂ ਪਈ ਬਰਸਾਤ ਦੇ ਬਾਵਜੂਦ ਗਰਮੀ ਨੇ ਜੋਰ ਫੜ ਲਿਆ ਹੈ| ਇਸ ਦੌਰਾਨ ਵਾਤਾਵਰਨ ਵਿੱਚ ਆਈ ਗਰਮੀ ਦੇ ਨਾਲ ਹੀ ਸਾਡੇ ਸ਼ਹਿਰ ਵਿਚਲੀ ਪੀਣ ਵਾਲੇ ਪਾਣੀ ਦੀ ਸਪਲਾਈ ਬੁਰ ੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਅਤੇ ਆਮ ਲੋਕਾਂ ਨੂੰ ਲੋੜੀਂਦੀ ਪਾਣੀ ਸਪਲਾਈ ਨਾ ਮਿਲਣ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ| ਹਾਲਾਤ ਇਹ ਹਨ ਕਿ ਪਿਛਲੇ ਕੁੱਝ ਦਿਨਾਂ ਤੋਂ ਉੱਪਰਲੀਆਂ ਮੰਜਿਲਾਂ ਵਿੱਚ ਪਾਣੀ ਦੀ ਸਪਲਾਈ ਲਗਭਗ ਠੱਪ ਹੋ ਚੁੱਕੀ ਹੈ| ਇਸਦੇ ਨਾਲ ਹੀ ਹੇਠਲੀ ਮੰਜਿਲ ਵਿੱਚ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਪਹਿਲਾਂ ਵਾਂਗ ਸਾਰਾ ਦਿਨ ਨਹੀਂ ਮਿਲਦੀ ਅਤੇ ਇਹ ਵੀ ਸਵੇਰੇ ਸ਼ਾਮ ਦੋ ਤਿੰਨ ਘੰਟੇ ਸੀਮਿਤ ਹੋ ਕ ਰਹਿ ਗਈ ਹੈ|
ਜਿਸ ਹਿਸਾਬ ਨਾਲ ਮੌਸਮ ਵਿੱਚ ਤਪਿਸ਼ ਵੱਧ ਰਹੀ ਹੈ ਉਸ ਨਾਲ ਅਜਿਹਾ ਲੱਗਦਾ ਹੈ ਕਿ ਇਸ ਵਾਰ ਜਿੱਥੇ ਗਰਮੀ ਪਹਿਲਾਂ ਨਾਲੋਂ ਕਿਤੇ ਵੱਧ ਪੈਣੀ ਹੈ ਉੱਥੇ ਹੁਣੇ ਤੋਂ ਹੀ ਆਰੰਭ ਹੋਈ ਕਿੱਲਤ ਦੱਸਦੀ ਹੈ ਕਿ ਗਰਮੀਆਂ ਵਿੱਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦਾ ਸਾਮ੍ਹਣਾ ਕਰਨਾ ਪੈਣਾ ਹੈ| ਹਾਲਾਂਕਿ ਤਿੰਨ ਦਿਨ ਪਹਿਲਾਂ ਹੋਈ ਬਰਸਾਤ ਤੋਂ ਬਾਅਦ ਮੌਸਮ ਵਿੱਚ ਕੁੱਝ ਠੰਡਕ ਆਈ ਸੀ ਪਰੰਤੂ ਹੁਣ ਫਿਰ ਗਰਮੀ ਦਾ ਜੋਰ ਵੱਧ ਰਿਹਾ ਹੈ|
ਇਸਨੂੰ ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਿਹਾ ਜਾਵੇ ਜਾਂ ਉਹਨਾਂ ਦੀ ਨਾ ਅਹਿਲੀਅਤ ਕਿ ਸ਼ਹਿਰ ਵਾਸੀਆਂ ਨੂੰ ਹਰ ਸਾਲ ਹੀ ਪੀਣ ਵਾਲੇ ਪਾਣੀ ਦੀ ਗੰਭੀਰ ਕਮੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰੰਤੂ ਇਸਦੇ ਬਾਵਜੂਦ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਸੰਬੰਧਿਤ ਅਧਿਕਾਰੀ ਟਾਲ ਮਟੋਲ ਕਰਨ ਅਤੇ ਇੱਕ ਦੂਜੇ ਉੱਪਰ ਜਿੰਮੇਵਾਰੀ ਸੁੱਟ ਦੇ ਪੱਲਾ ਝਾੜਦੇ ਦਿਖਦੇ ਹਨ|
ਸ਼ਹਿਰ ਵਿੱਚ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਵਾਲੇ ਗਮਾਡਾ (ਗ੍ਰੇਟਰ ਮੁਹਾਲੀ ਡਿਵਲਪਮੈਂਟ ਅਥਾਰਟੀ) ਵਲੋਂ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਲੋੜ ਅਨੁਸਾਰ ਪਾਣੀ ਦੀ ਸਪਲਾਈ ਦੇ ਪ੍ਰਬੰਧ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ| ਦੂਜੇ ਪਾਸੇ ਸ਼ਹਿਰ ਵਿੱਚ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਵਾਲੇ ਨਗਰ ਨਿਗਮ (ਪਹਿਲਾਂ ਨਗਰ ਕੌਂਸਲ) ਵਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਜਿਹੜੇ ਟਿਊਬਵੈਲ ਲਗਵਾਏ ਜਾਂਦੇ ਹਨ ਉਹਨਾਂ ਦੀ ਮਿਆਦ ਵੀ ਥੋੜ੍ਹੇ ਸਮੇਂ ਬਾਅਦ ਮੁੱਕ ਜਾਂਦੀ ਹੈ ਅਤੇ ਉਹ ਵੀ ਪਾਣੀ ਦੇਣਾ ਛੱਡ ਜਾਂਦੇ ਹਨ|
ਜੇਕਰ ਸ਼ਹਿਰ ਵਿੱਚ ਪਾਣੀ ਦੀ ਲੋੜ ਅਤੇ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਮਾਤਰਾ ਵਿਚਲੇ ਖੱਪੇ ਦੀ ਗੱਲ ਕਰੀਏ ਤਾਂ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਲੋੜ ਤੋਂ ਅੱਧਾ ਪਾਣੀ ਵੀ ਹਾਸਿਲ ਨਹੀਂ ਹੁੰਦਾ ਅਤੇ ਗਰਮੀ ਦੇ ਮੌਸਮ ਵਿੱਚ ਜਦੋਂ ਪਾਣੀ ਦੀ ਲਾਗਤ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ ਪਾਣੀ ਲਈ ਹਾਹਾਕਾਰ ਮਚ ਜਾਂਦੀ ਹੈ|
ਇਹ ਵਰਤਾਰਾ ਹਰ ਸਾਲ ਹੀ ਸਾਮ੍ਹਣੇ ਆਉਂਦਾ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਇਸੇ ਤਰ੍ਹਾਂ ਹੀ ਜਾਰੀ ਰਹਿੰਦੀ ਹੈ| ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਲਈ ਹੁੰਦੀ ਹਾਹਾਕਾਰ ਤੋਂ ਰਾਹਤ ਦਿਵਾਉਣ ਲਈ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਕਈ ਸਾਲ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਗਮਾਡਾ, ਜਨਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਦਾਲਤ ਵਿੱਚ ਕੇਸ ਵੀ ਪਾਇਆ ਗਿਆ ਸੀ ਅਤੇ ਉਹਨਾਂ ਵਲੋਂ ਪਾਈ ਗਈ ਜਨਹਿਤ ਪਟੀਸ਼ਨ ਤੇ ਹੋਈ ਸੁਣਵਾਈ ਤੋਂ ਬਾਅਦ ਪੰਜ ਸਾਲ ਸਾਲ ਪਹਿਲਾਂ (ਜੁਲਾਈ 2013 ਵਿੱਚ) ਗਮਾਡਾ ਨੇ ਮਾਣਯੋਗ ਅਦਾਲਤ ਵਿੱਚ ਬਾਕਾਇਦਾ ਹਲਫਨਾਮਾ ਦੇ ਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦੋ ਸਾਲਾਂ ਦੇ ਵਿੱਚ ਵਿੱਚ ਕਜੌਲੀ ਵਾਟਰ ਵਰਕਸ ਤੋਂ 40 ਐਮ ਜੀ ਡੀ ਪਾਣੀ ਦੀ ਸਪਲਾਈ ਲਾਈਨ ਪਾਉਣ ਦੀ ਗੱਲ ਕੀਤੀ ਸੀ| ਇਸ ਸੰਬੰਧੀ ਗਮਾਡਾ ਵਲੋਂ ਦਿੱਤੀ ਗਈ ਸਮਾਂ ਸੀਮਾ ਨੂੰ ਖਤਮ ਹੋਏ ਨੂੰ ਤਿੰਨ ਸਾਲ ਲੰਘ ਚੁੱਕੇ ਹਨ ਪਰੰਤੂ ਹੁਣ ਤਕ ਕਜੌਲੀ ਤੋਂ ਸ਼ਹਿਰ ਵਿੱਚ ਸਪਲਾਈ ਕਰਨ ਵਾਲੀ ਪਾਈਪ ਲਾਈਨ ਦਾ ਕੋਈ ਅਤਾ ਪਤਾ ਨਹੀਂ ਹੈ ਅਤੇ ਇਸ ਸਾਲ ਵੀ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਗੰਭੀਰ ਸਮੱਸਿਆ ਸਹਿਣੀ ਪੈਣੀ ਹੈ|
ਗਮਾਡਾ ਦੀ ਕਾਰਗੁਜਾਰੀ ਦੀ ਗੱਲ ਕਰੀਏ ਤਾਂ ਹੁਣੇ ਵੀ ਪਾਈਪ ਲਾਈਨ ਦਾ ਕੰਮ ਵਿਚਾਲੇ ਹੀ ਹੈ ਅਤੇ ਇਸ ਸਾਲ ਤਾਂ ਕੀ ਅਗਲੇ ਸਾਲ ਵੀ ਸ਼ਹਿਰ ਵਾਸੀਆਂ ਨੂੰ ਇਸ ਪਾਈਪ ਲਾਈਨ ਤੋਂ ਪਾਣੀ ਦੀ ਸਪਲਾਈ ਹਾਸਿਲ ਹੋਣ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ ਹੈ| ਗਮਾਡਾ ਵਲੋਂ ਕਜੌਲੀ ਤੋਂ ਮੁਹਾਲੀ ਨੂੰ ਸਪਲਾਈ ਕਰਨ ਵਾਲੀ ਪਾਈਪ ਲਾਈਨ ਦੇ ਤਹਿਤ ਪਿੰਡ ਜੰਡਪੁਰ ਤਕ ਪਾਈਪ ਲਾਈਨ ਪਾਈ ਜਾ ਚੁੱਕੀ ਹੈ ਜਿੱਥੇ ਗਮਾਡਾ ਵਲੋਂ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਣਾ ਹੈ ਅਤੇ ਇਸ ਥਾਂ ਤੇ ਪਾਣੀ ਨੂੰ ਸਾਫ ਕਰਕੇ ਬਾਅਦ ਵਿੱਚ ਵੱਖ ਵੱਖ ਪਾਈਪਾਂ ਰਾਹੀਂ ਸ਼ਹਿਰ ਵਿੱਚ ਸਪਲਾਈ ਹੋਣੀ ਸੀ ਪਰੰਤੂ ਇਸ ਵਾਟਰ ਟ੍ਰੀਟਮੈਂਟ ਦੀ ਉਸਾਰੀ ਦਾ ਕੰਮ ਹੁਣ ਤਕ ਸ਼ੁਰੂ ਹੀ ਨਹੀਂ ਹੋਇਆ ਹੈ|
ਇਸ ਥਾਂ ਤੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਤੋਂ ਬਾਅਦ ਉੱਥੋਂ ਸ਼ਹਿਰ ਤੱਕ ਪਾਣੀ ਪੁੱਜਦਾ ਕਰਨ ਲਈ ਪਾਈ ਜਾਣ ਵਾਲੀ ਪਾਈਪ ਲਾਈਨ ਵੀ ਪੈਣੀ ਹੈ ਅਤੇ ਉਸ ਵਿੱਚ ਵੀ ਕਾਫੀ ਸਮਾਂ ਲੱਗਣਾ ਹੈ|
ਹੁਣ ਜਦੋਂ ਇੱਕ ਵਾਰ ਫਿਰ ਗਰਮੀਆਂ ਦਾ ਮੌਸਮ ਜੋਰ ਫੜ ਗਿਆ ਹੈ ਸ਼ਹਿਰ ਵਾਸੀਆਂ ਲਈ ਆਰੰਭ ਹੋਈ ਪੀਣ ਵਾਲੇ ਪਾਣੀ ਦੀ ਕਿਲੱਤ ਦਾ ਕੋਈ ਹਲ ਹੁੰਦਾ ਨਜਰ ਨਹੀਂ ਆ ਰਿਹਾ ਹੈ ਅਤੇ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਹਾਲਾਤ ਵਿੱਚ ਸੁਧਾਰ ਦੀ ਕੋਈ ਆਸ ਨਜਰ ਨਹੀਂ ਆ ਰਹੀ ਹੈ| ਅਜਿਹੇ ਵਿੱਚ ਤੈਅ ਹੈ ਕਿ ਜਿਵੇਂ ਜਿਵੇਂ ਗਰਮੀ ਤੇਜ ਹੋਵੇਗੀ ਤਾਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਮ੍ਹਣਾ ਕਰਨਾ ਪੈਣਾ ਹੈ|

Leave a Reply

Your email address will not be published. Required fields are marked *