ਪੀਣ ਵਾਲੇ ਪਾਣੀ ਦੀ ਘਾਟ ਦੂਰ ਕਰਨ ਲਈ ਉਪਰਾਲੇ ਕੀਤੇ ਜਾਣੇ ਜਰੂਰੀ

ਪਿਛਲੇ ਕੁੱਝ ਦਿਨਾਂ ਤੋਂ ਜਿਥੇ ਗਰਮੀ ਨੇ ਜੋਰ ਫੜ ਲਿਆ ਹੈ ਉਥੇ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਘਾਟ ਵੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ| ਬੀਤੇ ਦੋ ਦਿਨਾਂ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਘੱਟ ਰਹੀ ਅਤੇ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਬੰਦ ਰਹੀ| ਇਸ ਸਬੰਧੀ ਵਿਭਾਗ ਵਲੋਂ ਕਿਹਾ ਜਾ ਰਿਹਾ ਹੈ ਕਿ ਅਜਿਹਾ ਕਜੌਲੀ ਵਾਟਰ ਵਰਕਸ ਵਿਚ ਮੁਰੰਮਤ ਦੇ ਜਰੂਰੀ ਕੰਮਾਂ ਨੂੰ ਕੀਤੇ ਜਾਣ ਕਾਰਨ ਹੋਇਆ ਪਰ ਐਤਵਾਰ ਦੇ ਦਿਨ ਪਾਣੀ ਨਾ ਆਉਣ ਜਾਂ ਬਹੁਤ ਘੱਟ ਮਾਤਰਾ ਵਿਚ ਆਉਣ ਕਾਰਨ ਆਮ ਲੋਕ ਖਾਸ ਕਰਕੇ ਨੌਕਰੀਪੇਸ਼ਾ ਲੋਕ ਬਹੁਤ ਪ੍ਰੇਸ਼ਾਨ ਹੋ ਗਏ ਸਨ| ਇਸਦਾ ਕਾਰਨ ਇਹ ਸੀ ਕਿ ਨੌਕਰੀਪੇਸਾ ਵਿਅਕਤੀਆਂ ਨੂੰ ਹਫਤੇ ਵਿਚ ਐਤਵਾਰ ਦੀ ਹੀ ਛੁੱਟੀ ਹੁੰਦੀ ਹੈ ਅਤੇ ਇਸ ਦਿਨ ਹੀ ਉਹਨਾਂ ਨੇ ਆਪਣੇ ਹਫਤੇ ਭਰ ਦੇ ਕਪੜੇ ਆਦਿ ਧੋਣੇ ਹੁੰਦੇ ਹਨ ਪਰ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਉਹਨਾਂ ਦੇ ਇਹ ਕੰਮ ਨਾ ਹੋ ਸਕੇ| ਇਸ ਤੋਂ ਇਲਾਵਾ ਕਈ ਘਰਾਂ ਵਿਚ ਤਾਂ ਭਾਂਡੇ ਮਾਂਜਣ ਲਈ ਵੀ ਪਾਣੀ ਨਹੀਂ ਸੀ ਬਚਿਆ| ਇਸ ਕਾਰਨ ਲੋਕਾਂ ਵਿਚ ਕਾਫੀ ਬੇਚੈਨੀ ਦੇਖੀ ਗਈ|
ਅਸਲ ਵਿਚ ਹਰ ਸਾਲ ਹੀ ਗਰਮੀਆਂ ਦੇ ਮੌਸਮ ਵਿਚ ਸਾਡੇ ਸ਼ਹਿਰ ਵਿਚ ਪੀਣ ਵਾਲੇ ਸਾਫ ਪਾਣੀ ਦੀ ਭਾਰੀ ਘਾਟ ਪੈਦਾ ਹੋ ਜਾਂਦੀ ਹੈ| ਭਾਵੇਂ ਕਿ ਸ਼ਹਿਰ ਦੇ ਇਕ ਕੌਂਸਲਰ ਵਲੋਂ ਕੁਝ ਸਮਾਂ ਪਹਿਲਾਂ ਇਸ ਸਬੰਧੀ ਹਾਈਕੋਰਟ ਵਿਚ ਕੇਸ ਵੀ ਦਾਇਰ ਕੀਤਾ ਗਿਆ ਸੀ ਅਤੇ ਹਾਈਕੋਰਟ ਨੇ ਪ੍ਰਸਾਸਨ ਨੂੰ ਪੀਣ ਵਾਲੇ ਪਾਣੀ ਦੀ ਕਮੀ ਦੂਰ ਕਰਨ ਲਈ ਢੁੱਕਵਾਂ ਪ੍ਰਬੰਧ ਕਰਨ ਲਈ ਕਿਹਾ ਸੀ ਪਰ ਹੁਣ ਤਕ ਪ੍ਰਸ਼ਾਸਨ ਵਲੋਂ ਪਾਣੀ ਦੀ ਘਾਟ ਪੂਰੀ ਕਰਨ ਲ ਈ ਕੁਝ ਵੀ ਨਹੀਂ ਕੀਤਾ ਗਿਆ ਜਿਸ ਕਾਰਨ ਇਸ ਵਾਰ ਵੀ ਗਰਮੀ ਦੇ ਮੌਸਮ ਵਿਚ ਹੀ ਪਾਣੀ ਦੀ ਵੱਡੀ ਘਾਟ ਦਾ ਸਹਿਰ ਵਾਸੀਆਂ ਨੂੰ ਸਾਹਮਣਾ ਕਰਨਾ ਪਵੇਗਾ|
ਹਰ ਸਾਲ ਗਰਮੀਆਂ ਦੌਰਾਨ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੋ ਜਾਂਦਾ ਹੈ| ਉਪਰਲੀਆਂ ਮੰਜਿਲਾਂ ਤੇ ਤਾਂ ਪਾਣੀ ਚੜਦਾ ਹੀ ਨਹੀਂ ਅਹੈ ਤੇ ਹੇਠਲੀਆਂ ਮੰਜਿਲਾਂ ਉਪਰ ਵੀ ਪਾਣੀ ਦਾ ਪ੍ਰੈਸ਼ਰ ਬਹੁਤ ਹੀ ਘੱਟ ਹੁੰਦਾ ਹੈ, ਜਿਸ ਕਾਰਨ ਇਕ ਬਾਲਟੀ ਨੂੰ ਭਰਨ ਵਿੱਚ ਹੀ ਕਾਫੀ ਸਮਾਂ ਲੱਗ ਜਾਂਦਾ ਹੈ| ਇਸ ਦੇ ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਸਾਫ ਹੀ ਨਹੀਂ ਹੁਦਾ ਅਤੇ ਇਸ ਪਾਣੀ ਵਿਚ ਰੇਤਾ ਜਾਂ ਕੁਝ ਹੋਰ ਵੀ ਮਿਕਸ ਹ ੋਇਆ ਹੁੰਦਾ ਹੈ| ਜਿਸ ਕਾਰਨ ਇਹ ਪਾਣੀ ਪੀਣ ਦੇ ਯੋਗ ਨਹੀਂ ਰਹਿੰਦਾ| ਆਮ ਲੋਕਾਂ ਨੂੰ ਅਜਿਹੇ ਸਮੇਂ ਸਮਝ ਨਹੀਂ ਲੱਗਦੀ ਕਿ ਉਹ ਕੀ ਕਰਨ| ਕਈ ਵਾਰ ਤਾਂ ਲੋਕਾਂ ਨੂੰ ਆਪਣੇ ਖਰਚੇ ਉਪਰ ਪਾਣੀ ਦੇ ਟੈਂਕਰ ਮੰਗਵਾਉੇਣੇ ਪੈਂਦੇ ਹਨ ਅਤੇ ਕਈ ਵਾਰ ਇਲਾਕੇ ਦੇ ਕੌਂਸਲਰ ਵੀ ਨਗਰ ਨਿਗਮ ਵਲੋਂ ਪਾਣੀ ਦੇ ਟੈੱਂਕਰ ਭੇਜ ਦਿੰਦੇ ਹਨ|
ਸਾਡੇ ਸ਼ਹਿਰ ਵਿੱਚ ਵਸਨੀਕਾਂ ਵਲੋਂ ਪਾਣੀ ਦੀ ਬਰਬਾਦੀ ਅਤੇ ਦੁਰਵਰਤੋਂ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ| ਅਕਸਰ ਹੀ ਲੋਕ ਆਪਣੀਆਂ ਕਾਰਾਂ ਧੋਂਦੇ ਵੇਖੇ ਜਾ ਸਕਦੇ ਹਨ ਅਤੇ ਇਸਦੇ ਨਾਲ ਹੀ ਲੋਕ ਆਪਣੇ ਘਰ ਦੀ ਬਗੀਚੀ ਵਿਚ ਵੀ ਸਵੇਰੇ ਸਾਮ ਪਾਣੀ ਦਿੰਦੇ ਰਹਿੰਦੇ ਹਨ| ਭਾਵੇਂ ਕਿ ਹਰ ਸਾਲ ਹੀ ਗਰਮੀਆਂ ਦੌਰਾਨ ਪੀਣ ਵਾਲੇ ਪਾਣੀ ਨਾਲ ਵਾਹਨ ਧੋਣ ਅਤੇ ਬਗੀਚੀ ਨੂੰ ਪਾਣੀ ਦੇਣ ਉਪਰ ਪਾਬੰਦੀ ਲਗਾਈ ਜਾਂਦੀ ਹੈ ਪਰ ਇਸ ਪਾਬੰਦੀ ਦਾ ਲੋਕਾਂ ਉਪਰ ਘੱਟ ਹੀ ਅਸਰ ਹੁੰਦਾ ਹੈ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਦੇ ਆਪਣੀਆਂ ਕਾਰਾਂ ਅਤੇ ਹੋਰ ਵਾਹਨ ਪੀਣ ਵਾਲੇ ਪਾਣੀ ਨਾਲ ਹੀ ਧੌਂਦੇ ਰਹਿੰਦੇ ਹਨ| ਇਸ ਤੋਂ ਇਲਾਵਾ ਵੱਖ -ਵੱਖ ਥਾਂਵਾਂ ਉਪਰ ਅਕਸਰ ਹੀ ਪਾਣੀ ਦੇ ਪਾਈਪ ਲੀਕ ਹੋ ਜਾਦੇ ੇਹਨ ਜਿਹਨਾਂ ਨੂੰ ਜਲਦੀ ਠੀਕ ਨਹੀਂ ਕੀਤਾ ਜਾਂਦਾ ਜਾਂ ਕਈ ਲੋਕ ਜਨਤਕ ਟੂਟੀਆਂ ਜਾਂ ਆਪਣੇ ਘਰਾਂ ਦੀਆਂ ਟੂਟੀਆਂ ਹੀ ਖੁੱਲੀਆਂ ਛੱਡ ਦਿੰਦੇ ਹਨ ਜਿਸ ਕਾਰਨ ਕੀਮਤੀ ਪਾਣੀ ਬੇਕਾਰ ਹੀ ਗਟਰ ਵਿਚ ਚਲਿਆ ਜਾਂਦਾ ਹੈ|
ਕਈ ਵਾਰ ਪੀ ਜੀ ਵਿਚ ਰਹਿੰਦੇ ਮੁੰਡੇ ਅਕਸਰ ਹੀ ਨੇੜਲੇ ਘਰਾਂ ਦੀਆਂ ਟੈਂਕੀਆਂ ਵਿਚੋਂ ਪਾਣੀ ਚੋਰੀ ਕਰਕੇ ਲੈ ਜਾਂਦੇ ਹਨ ਜਿਸ ਕਾਰਨ ਕਈ ਵਾਰ ਝਗੜੇ ਤਕ ਦੀ ਨੌਬਤ ਆ ਜਾਂਦੀ ਹੈ| ਇਸ ਤੋਂ ਇਲਾਵਾ ਕੁਝ ਲੋਕ ਪਾਣੀ ਦੀ ਪਾਈਪ ਨੂੰ ਸਿੱਧੀ ਮੋਟਰ ਲਗਾ ਕੇ ਵੀ ਪਾਣੀ ਉਪਰਲੀ ਮੰਜਿਲ ਉਪਰ ਪਹੁੰਚਾਉਣ ਦਾ ਯਤਨ ਕਰਦੇ ਹਨ, ਜਿਸ ਕਾਰਨ ਹੋਰਨਾਂ ਘਰਾਂ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ| ਚਾਹੀਦਾ ਤਾਂ ਇਹ ਹੈ ਕਿ ਸਾਡੇ ਸ਼ਹਿਰ ਵਿਚ ਹਰ ਸਾਲ ਹੀ ਗਰਮੀਆਂ ਦੌਰਾਨ ਹੁੰਦੀ ਪਾਣੀ ਦੀ ਕਮੀ ਦੂਰ ਕਰਨ ਲਈ ਉਚੇਚੇ ਯਤਨ ਕੀਤੇ ਜਾਣ| ਹੈਰਾਨੀ ਤਾਂ ਇਸ ਗਲ ਦੀ ਹੈ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪ੍ਰਸਾਸਨ ਸ਼ਹਿਰ ਵਿਚ ਪਾਣੀ ਦੀ ਸਮੱਸਿਆ ਹਲ ਕਰਨ ਵਿਚ ਨਾਕਾਮ ਰਿਹਾ ਹੈ| ਇਸ ਲਈ ਪ੍ਰਸਾਸਨ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿਚ ਪਾਣੀ ਦੀ ਘਾਟ ਦੂਰ ਕਰਨ ਲਈ ਯੋਗ ਉਪਰਾਲੇ ਕਰੇ ਅਤੇ ਕਜੌਲੀ ਵਾਟਰ ਵਰਕਸ ਤੋਂ ਇਸ ਸ਼ਹਿਰ ਦਾ ਬਣਦਾ ਹਿਸਾ ਤੁਰੰਤ ਲੈਣ ਲਈ ਯਤਨ ਕੀਤੇ ਜਾਣ| ਪਾਣੀ ਦੀ ਦੁਰਵਰਤੋ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ|

Leave a Reply

Your email address will not be published. Required fields are marked *