ਪੀਣ ਵਾਲੇ ਪਾਣੀ ਦੀ ਮਾੜੀ ਸਪਲਾਈ ਤੋਂ ਦੁਖੀ ਗੁਰੂ ਅੰਗਦ ਦੇਵ ਨਗਰ ਦੇ ਵਸਨੀਕਾਂ ਨੇ ਘੇਰੀ ਖਰੜ ਨਗਰ ਕੌਂਸਲ

ਖਰੜ, 7 ਅਗਸਤ (ਸ਼ਮਿੰਦਰ ਸਿੰਘ) ਖਰੜ ਦੇ ਗੁਰੂ ਅੰਗਦ ਦੇਵ ਨਗਰ, ਰੰਧਾਵਾ ਰੋਡ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਪਰੇਸ਼ਾਨ ਹਨ| ਇਸਦਾ ਕਾਰਨ ਇਹ ਹੈ ਕਿ ਇਸ ਖੇਤਰ ਵਿੱਚ ਲੱਗੇ ਟਿਊਬਵੈਲ ਦੀ ਮੋਟਰ ਥੋੜ੍ਹੇ ਦਿਨਾਂ ਬਾਅਦ ਖਰਾਬ ਹੋ ਜਾਂਦੀ ਹੈ ਅਤੇ ਮੋਟਰ ਨਾ ਚਲਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ| 
ਇਸ ਸੰਬੰਧੀ ਇੱਥੋਂ ਦੇ ਵਸਨੀਕਾਂ ਨੇ ਅੱਜ ਇਲਾਕੇ ਦੇ ਸਾਬਕਾ ਕੌਂਸਲਰ ਸ੍ਰ. ਦਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਦਫਤਰ ਪਹੁੰਚ ਕੇ ਰੋਸ ਪ੍ਰਗਟ ਕੀਤਾ ਅਤੇ ਪਾਣੀ ਦੀ ਨਾਕਸ ਸਪਲਾਈ ਦੇ ਖਿਲਾਫ ਨਾਹਰੇ ਕਰਨ ਤੋਂ ਬਾਅਦ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਮੰਗ ਪੱਤਰ ਦਿੱਤਾ| ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਿੱਛਲੇ ਕਈ ਦਿਨਾਂ ਤੋਂ ਪੇਸ਼ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਉੱਥੇ ਨਵਾਂ ਟਿਊਬਵੈਲ ਲਗਾਇਆ ਜਾਵੇ| 
ਇਸ ਮੌਕੇ ਸਾਬਕਾ ਕੌਂਸਲਰ ਸ੍ਰੀ ਦਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਿਲੱਤ ਕਾਰਨ ਲੋਕਾਂ ਵਿੱਚ ਭਾਰੀ ਪ੍ਰੇਸ਼ਾਨੀ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਨੰ. 25 ਵਿੱਚ ਲੱਗੇ ਸਰਕਾਰੀ ਟਿਊਬਵੈਲ ਦੀ ਮੋਟਰ ਹਰ ਤੀਜੇ ਦਿਨ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ| ਇਸਦੇ ਨਾਲ ਹੀ ਲੋਕ ਬਿਜਲੀ ਦੇ ਲੱਗਣ ਵਾਲੇ ਕੱਟਾਂ ਤੋਂ ਵੀ ਬਹੁਤ           ਪ੍ਰੇਸ਼ਾਨ ਹਨ| ਉਹਨਾਂ ਦੱਸਿਆ ਕਿ ਇਸ ਸੰਬਧੀ ਉਨਾਂ ਵਲੋਂ ਪਹਿਲਾ ਵੀ ਮੰਗ ਕੀਤੀ ਗਈ ਸੀ ਕਿ ਵਾਰਡ ਨੰ. 25 ਅਤੇ 26 ਵਿੱਚ ਨਵਾਂ ਟਿਊਬਵੈਲ ਲਗਾਇਆ ਜਾਵੇ|
ਉਹਨਾਂ ਕਿਹਾ ਕਿ ਇਸ ਟਿਊਬਵੈਲ ਵਿੱਚ ਨਵੀਂ ਮੋਟਰ ਅਤੇ ਕੰਟਰੋਲ ਪੈਨਲ ਵੀ ਲਗਾਇਆ ਜਾਵੇ ਤਾਂ ਜੋ ਇਸ ਮੋਟਰ ਨੂੰ ਸੜਨ ਤੋਂ ਬਚਾਇਆ ਜਾ ਸਕੇ|  ਇਸ ਮੌਕੇ ਉਨਾਂ ਦੇ ਨਾਲ ਪਰਮਿੰਦਰ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਕੌਰ, ਅਜੀਤ ਸਿੰਘ, ਕਰਨੈਲ ਸਿੰਘ, ਚਰਨਜੀਤ ਕੌਰ, ਰਣਧੀਰ ਸਿੰਘ ਭੱਟੀ, ਗੁਰਮੀਤ ਰਾਮ, ਸੁਰਜੀਤ ਸਿੰਘ ਅਤੇ ਹੋਰ ਨਿਵਾਸੀ ਹਾਜਿਰ ਸਨ|

Leave a Reply

Your email address will not be published. Required fields are marked *