ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਕੀਤੀ ਜਾਂਦੀ ਫਿਜੂਲ ਖਰਚੀ ਤੇ ਸਖਤੀ ਨਾਲ ਰੋਕ ਲੱਗੇ

ਗਰਮੀ ਦਾ ਮੌਸਮ ਅਚਾਨਕ ਜੋਰ ਫੜਣ ਲੱਗ ਗਿਆ ਹੈ ਅਤੇ ਅਚਾਨਕ ਹੀ ਪਾਰਾ 36-37 ਡਿਗਰੀ ਤਕ ਪਹੁੰਚ ਗਿਆ ਹੈ| ਹਾਲਾਂਕਿ ਪਿਛਲੇ ਹਫਤੇ ਹੋਈ ਛੁਟਪੁਟ ਬਰਸਾਤ ਤੋਂ ਬਾਅਦ ਮੌਸਮ ਵਿੱਚ ਥੋੜ੍ਹੀ ਠੰਡਕ ਆਈ ਸੀ ਪਰੰਤੂ ਗਰਮੀ ਨੇ ਫਿਰ ਆਪਣਾ ਜੋਰ ਫੜ ਲਿਆ ਹੈ| ਮੌਸਮ ਵਿਗਿਆਨੀਆਂ ਵਲੋਂ ਇਸ ਵਾਰ ਪਹਿਲਾਂ ਹੀ ਇਹ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਇਸ ਸਾਲ ਪੈਣ ਵਾਲੀ ਗਰਮੀ ਦਾ ਕਹਿਰ ਪਹਿਲਾਂ ਨਾਲੋਂ ਕਾਫੀ ਵੱਧ ਰਹਿਣਾ ਹੈ ਅਤੇ ਪਾਰਾ 46-48 ਡਿਗਰੀ ਤਕ ਜਾਣ ਦੇ ਆਸਾਰ ਹਨ|
ਗਰਮੀ ਦਾ ਜੋਰ ਵਧਣ ਦੇ ਨਾਲ ਹੀ ਸ਼ਹਿਰ ਵਿਚਲੀ ਪੀਣ ਵਾਲੇ ਪਾਣੀ ਦੀ ਕਿਲੱਤ ਵੀ ਵਧ ਗਈ ਹੈ| ਹਰ ਸਾਲ ਹੀ ਅਜਿਹਾ ਹੁੰਦਾ ਹੈ ਅਤੇ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ| ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਕੋਠੀਆਂ ਅਤੇ ਮਕਾਨਾਂ ਦੀਆਂ ਹੇਠਲੀਆਂ ਮੰਜਿਲਾਂ ਵਿੱਚ ਤਾਂ ਹਾਲਾਤ ਫਿਰ ਵੀ ਕਾਫੀ ਹੱਦ ਤਕ ਕਾਬੂ ਹੇਠ ਰਹਿੰਦੇ ਹਨ ਅਤੇ ਉੱਥੇ ਵਸਨੀਕਾਂ ਨੂੰ ਪਾਣੀ ਦੀ ਲੋੜੀਂਦੀ ਸਪਲਾਈ ਮਿਲ ਜਾਂਦੀ ਹੈ ਪਰੰਤੂ ਉੱਪਰਲੀਆਂ ਮੰਜਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿਨ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕਾਫੀ ਹੱਦ ਤਕ ਬੰਦ ਹੋ ਜਾਂਦੀ ਹੈ| ਉੱਪਰਲੀਆਂ ਮੰਜਿਲਾਂ ਤੇ ਲੱਗੀਆਂ ਟੰਕੀਆਂ ਦੇਰ ਰਾਤ ਆਉਣ ਵਾਲੇ ਪਾਣੀ ਨਾਲ ਭਰਦੀਆਂ ਹਨ ਜਾਂ ਫਿਰ ਇਹ ਮੋਟਰ ਲਗਾ ਕੇ ਭਰੀਆਂ ਜਾਂਦੀਆਂ ਹਨ ਅਤੇ ਉੱਪਰਲੀਆਂ ਮੰਜਿਲਾਂ ਦੇ ਵਸਨੀਕਾਂ ਨੂੰ ਇਹਨਾਂ ਟੰਕੀਆਂ ਦੇ ਪਾਣੀ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ| ਗਰਮੀ ਦਾ ਜੋਰ ਵਧਣ ਤੇ ਜਦੋਂ ਪਾਣੀ ਦੀ ਸਪਲਾਈ ਦੇ ਮੁਕਾਬਲੇ ਇਸਦੀ ਲੋੜ ਵਿੱਚ ਵਾਧਾ ਹੋਣ ਕਾਰਨ ਟੂਟੀਆਂ ਵਿੱਚ ਪਾਣੀ ਦਾ ਪ੍ਰੈਸ਼ਰ ਘੱਟ ਜਾਂਦਾ ਹੈ ਤਾਂ ਇਸਦੀ ਸਭਤੋਂ ਜਿਆਦਾ ਮਾਰ ਉੱਪਰਲੀਆਂ ਮੰਜਿਲਾਂ ਤੇ ਰਹਿਣ ਵਾਲੇ ਲੋਕਾਂ ਨੂੰ ਹੀ ਸਹਿਣੀ ਪੈਂਦੀ ਹੈ| ਗਰਮੀਆਂ ਵਿੱਚ ਪ੍ਰੈਸ਼ਰ ਘੱਟ ਹੋ ਜਾਣ ਕਾਰਨ ਪਾਣੀ ਉੱਪਰਲੀਆਂ ਮੰਜਿਲਾਂ ਤਕ ਪਹੁੰਚਦਾ ਹੀ ਨਹੀਂ ਹੈ|
ਸਿਤਮ ਇਹ ਵੀ ਹੈ ਕਿ ਹੇਠਲੀਆਂ ਮੰਜਿਲਾਂ ਵਿੱਚ ਰਹਿਣ ਵਾਲੇ ਲੋਕਾਂ ਵਲੋਂ ਤਾਂ ਆਪਣੀਆਂ ਬਗੀਚੀਆਂ ਵਿੱਚ ਪਾਣੀ ਲਗਾ ਕੇ ਅਤੇ ਗੱਡੀਆਂ ਧੋ ਕੇ ਪਾਣੀ ਦੀ ਪੂਰੀ ਫਿਜੂਲਖਰਚੀ ਕੀਤੀ ਜਾਂਦੀ ਹੈ ਜਦੋਂਕਿ ਉੱਪਰਲੀ ਮੰਜਿਲ ਤੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਲੋੜ ਦਾ ਪਾਣੀ ਵੀ ਬਾਲਟੀਆਂ ਵਿੱਚ ਭਰ ਕੇ ਲਿਜਾਣਾ ਪੈਂਦਾ ਹੈ| ਸਾਡੇ ਸ਼ਹਿਰ ਦੇ ਵਸਨੀਕ ਉਂਝ ਤਾਂ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਰੋਣਾ ਰੋਂਦੇ ਨਜਰ ਆਉਂਦੇ ਹਨ ਪਰੰਤੂ ਉਹ ਖੁਦ ਇਸ ਤਰੀਕੇ ਨਾਲ ਕੀਤੀ ਜਾਂਦੀ ਪਾਣੀ ਦੀ ਇਸ ਫਿਜੂਲਖਰਚੀ ਦੀ ਕਾਰਵਾਈ ਰੋਕ ਲਗਾਉਣ ਲਈ ਬਿਲਕੁਲ ਵੀ ਤਿਆਰ ਨਹੀਂ ਹੁੰਦੇ ਬਲਕਿ ਇਹਨਾਂ ਵਿੱਚੋਂ ਜਿਆਦਾਤਰ ਅਜਿਹੇ ਹਨ ਜਿਹਨਾਂ ਵਲੋਂ ਆਪਣੀ ਇਸ ਕਾਰਵਾਈ ਨੂੰ ਜਾਇਜ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਵਰਤਾਰਾ ਆਮ ਵੇਖਿਆ ਜਾ ਸਕਦਾ ਹੈ|
ਸਾਡੇ ਸ਼ਹਿਰ ਦੇ ਪੜ੍ਹੇ ਲਿਖੇ ਅਤੇ ਸਮਝਦਾਰ ਲੋਕ ਉਂਝ ਤਾਂ ਅਕਸਰ ਇਹ ਦਾਅਵਾ ਕਰਦੇ ਦਿਖਦੇ ਹਨ ਕਿ ਉਹਨਾਂ ਵਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਾਂਦਾ ਜਿਸ ਨਾਲ ਸ਼ਹਿਰ ਦੇ ਹੋਰਨਾਂ ਵਸਨੀਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਹੋਵੇ ਪਰੰਤੂ ਉਹਨਾਂ ਦਾ ਵਤੀਰਾ ਇਸ ਦਾਅਵੇ ਦੇ ਬਿਲਕੁਲ ਉਲਟ ਹੁੰਦਾ ਹੈ| ਮਿਸਾਲ ਦੇ ਤੌਰ ਤੇ ਹੇਠਲੀ ਮੰਜਿਲ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਵਲੋਂ ਕੀਤੀ ਜਾ ਰਹੀ ਪੀਣ ਵਾਲੇ ਪਾਣੀ ਦੀ ਫਿਜੂਲ ਖਰਚੀ ਕਾਰਨ ਉਹਨਾਂ ਦੇ ਹੀ ਮਕਾਨ ਦੀ ਉਪਰਲੀ ਮੰਜਿਲ ਵਿੱਚ ਰਹਿਣ ਵਾਲੇ ਪਰਿਵਾਰ ਨੂੰ ਕਿੰਨੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਉਹ ਬੜੇ ਮਜੇ ਨਾਲ ਆਪਣੀਆਂ ਕਾਰਾਂ ਧੋਦੇ ਅਤੇ ਕਿਆਰੀਆਂ ਵਿੱਚ ਪਾਣੀ ਲਗਾਉਂਦੇ ਨਜਰ ਆਉਂਦੇ ਹਨ|
ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਆ ਰਹੀ ਕਿੱਲਤ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਇਸ ਤਰੀਕੇ ਨਾਲ ਕੀਤੀ ਜਾਂਦੀ ਪਾਣੀ ਦੀ ਫਿਜੂਲ ਖਰਚੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ| ਨਗਰ ਨਿਗਮ ਵਲੋਂ ਪਿਛਲੇ ਸਾਲ ਪਾਣੀ ਦੀ ਫਿਜੂਲ ਖਰਚੀ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਜਾ ਚੁੱਕਿਆ ਹੈ ਅਤੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਇਸ ਦੁਰਵਰਤੋਂ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸਦੇ ਨਾਲ ਨਾਲ ਇਸ ਸੰਬੰਧੀ ਫੀਲਡ ਸਟਾਫ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਸਪਲਾਈ ਵਿੱਚ ਆ ਰਹੀ ਸਮੱਸਿਆ ਤੇ ਕਾਬੂ ਕਰਕੇ ਉੱਪਰਲੀਆਂ ਮੰਜਿਲਾਂ ਵਿੱਚ ਰਹਿੰਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ|

Leave a Reply

Your email address will not be published. Required fields are marked *