ਪੀਰਮੁੱਛਲਾ ਵਿਖੇ ਉਸਾਰੀ ਅਧੀਨ ਬਹੁਮੰਜਿਲਾ ਇਮਾਰਤ ਡਿੱਗਣ ਦਾ ਮਾਮਲਾ : ਨਵਜੋਤ ਸਿੰਘ ਸਿੱਧੂ ਨੇ ਕੀਤਾ ਮੌਕੇ ਵਾਲੀ ਥਾਂ ਦਾ ਦੌਰਾ

ਪੀਰਮੁੱਛਲਾ ਵਿਖੇ ਉਸਾਰੀ ਅਧੀਨ ਬਹੁਮੰਜਿਲਾ ਇਮਾਰਤ ਡਿੱਗਣ ਦਾ ਮਾਮਲਾ : ਨਵਜੋਤ ਸਿੰਘ ਸਿੱਧੂ ਨੇ ਕੀਤਾ ਮੌਕੇ ਵਾਲੀ ਥਾਂ ਦਾ ਦੌਰਾ
ਡਿਪਟੀ ਕਮਿਸ਼ਨਰ ਵੱਲੋਂ ਜ਼ੀਰਕਪੁਰ ਵਿਖੇ ਉਸਾਰੀਆਂ ਬਹੁ-ਮੰਜ਼ਿਲਾ ਇਮਾਰਤਾਂ ਦੀ ਜਾਂਚ ਲਈ ਉਚ ਪੱਧਰੀ ਜਾਂਚ ਕਮੇਟੀ ਬਣਾਉਣ ਦੀ ਸਿਫਾਰਿਸ਼
ਐਸ.ਏ.ਐਸ ਨਗਰ, 19 ਅਪ੍ਰੈਲ (ਸ.ਬ.) ਬੀਤੇ ਦਿਨੀਂ ਜੀਰਕਪੁਰ ਦੇ ਪੀਰ ਮੁੱਛਲਾ ਵਿਖੇ ਇੱਕ ਉਸਾਰੀ ਅਧੀਨ ਬਹੁਮੰਜਲਾ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜਾ ਲਿਆ| ਇਸ ਮੌਕੇ ਉਹਨਾਂ ਦੇ ਨਾਲ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ, ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ, ਡੇਰਾਬਸੀ ਦੇ ਐਸ.ਡੀ.ਐਮ. ਸ੍ਰ. ਪਰਮਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਮਨਬੀਰ ਸਿੰਘ ਵੀ ਹਾਜ਼ਰ ਸਨ| ਇਸ ਮੌਕੇ ਉਹਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੁਤਾਹੀ ਕਿੱਥੇ ਹੋਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਵਾਈ ਜਾ ਚੁੱਕੀ ਹੈ ਅਤੇ ਉਹਨਾਂ ਨੇ ਐਸ ਐਸ ਪੀ ਨੂੰ ਸਾਰੇ ਪੱਖਾਂ ਤੋਂ ਜਾਂਚ ਕਰਨ ਲਈ ਕਿਹਾ ਹੈ|
ਇਸ ਦੌਰਾਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਨਗਰ ਕੌਂਸਲ ਜ਼ੀਰਕਪੁਰ ਅਧੀਨ ਪਿਛਲੇ ਤਿੰਨ ਸਾਲਾਂ ਵਿਚ ਬਣੀਆਂ ਸਾਰੀਆਂ ਬਹੁ-ਮੰਜ਼ਿਲਾ ਇਮਾਰਤਾਂ ਦੇ ਨਕਸ਼ਿਆਂ ਦਾ ਰਿਵੀਊ ਕਰਨ ਦੀ ਸਿਫਾਰਸ਼ ਕੀਤੀ ਹੈ| ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਮੌਜੂਦਾ ਹਾਲਾਤ ਵਿੱਚ ਇਹ ਅਤਿ ਜ਼ਰੂਰੀ ਹੈ ਕਿ ਇਸ ਸਬੰਧੀ ਇੱਕ ਉਚ ਪੱਧਰੀ ਜਾਂਚ ਕਮੇਟੀ ਬਣਾਈ ਜਾਵੇ, ਜਿਸ ਵਿਚ ਆਈ.ਆਈ.ਟੀ ਰੁੜਕੀ ਜਾਂ ਆਈ.ਆਈ.ਟੀ ਦਿੱਲੀ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣ, ਜੋ ਹੋਰਨਾਂ ਪੱਖਾਂ ਤੋਂ ਇਲਾਵਾ ਭੂਚਾਲ ਸਹਿਣ ਦੀ ਸਮਰੱਥਾ, ਢਾਂਚੇ ਦੀ ਸੁਰੱਖਿਆ ਸਬੰਧੀ ਨਿਯਮਾਂ, ਇਮਾਰਤਾਂ ਦੀ ਮਿਆਦ ਅਤੇ ਸੁਆਇਲ ਬੀਅਰਿੰਗ ਸਮਰੱਥਾ ਆਦਿ ਦੀ ਜਾਂਚ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿੱਚ ਵਾਪਰੀ ਇਮਾਰਤ ਡਿੱਗਣ ਵਰਗੀ ਕੋਈ ਹੋਰ ਘਟਨਾ ਨਾ ਵਾਪਰੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪੀਰ ਮੁਛੱਲਾ ਵਿਖੇ ਵਾਪਰੀ ਘਟਨਾ ਵਿੱਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਆਸ-ਪਾਸ ਦੇ ਮੁਆਇਨੇ ਤੋਂ ਘੱਗਰ ਦੇ ਰੀਕਲੇਮਡ ਬੈਡ ਵਿੱਚ ਇਮਾਰਤਾਂ ਬਣਾਉਣ ਦੇ ਨਾਲ-ਨਾਲ ਹੋਰ ਵੀ ਕਈ ਤੱਥ ਸਾਹਮਣੇ ਆਏ ਹਨ, ਜਿਵੇਂ ਕਿ ਰਾਜ ਵਿਚ ਰੇਰਾ ਦੀ ਸਥਾਪਨਾ ਉਪਰੰਤ ਗਰੁੱਪ ਹਾਊਸਿੰਗ ਪ੍ਰੋਜੈਕਟਸ ਲਈ ਰਜਿਸਟਰਡ ਬਿਲਡਰ ਹੀ ਉਸਾਰੀ ਕਰ ਸਕਦੇ ਹਨ ਪਰ 100 ਗਜ਼ ਦੇ ਪਲਾਟਾਂ ਵਿੱਚ ਫਲੈਟਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ, ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ ਕਿਉਂਕਿ ਇਹਨਾਂ ਬਿਲਡਰਾਂ ਵੱਲੋਂ ਹਦਾਇਤਾਂ ਅਨੁਸਾਰ ਕਿਸੇ ਵੀ ਕਿਸਮ ਦੀ ਸੁਰੱਖਿਆ ਬਾਰੇ ਮਾਹਰਾਂ ਦੀ ਰਾਏ ਨਹੀਂ ਲਈ ਜਾ ਰਹੀ| ਉਹਨਾਂ ਨੇ ਪੱਤਰ ਵਿੱਚ ਵਧੀਕ ਮੁੱਖ ਸਕੱਤਰ ਨੂੰ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਹਦਾਇਤ ਦਿੱਤੀ ਜਾਵੇ ਕਿ ਮੌਕਾ ਵੇਖੇ ਬਿਨਾਂ ਕੋਈ ਵੀ ਇਮਾਰਤਾਂ ਦਾ ਨਕਸ਼ਾ ਪਾਸ ਨਾ ਕੀਤਾ ਜਾਵੇ ਕਿਉਂਕਿ ਨਾਜਾਇਜ਼ ਉਸਾਰੀ ਹੀ ਨੁਕਸਾਨ ਦਾ ਕਾਰਨ ਬਣਦੀ ਹੈ| ਉਹਨਾਂ ਕਿਹਾ ਕਿ ਵੀ.ਆਈ.ਪੀ ਰੋਡ ਅਤੇ ਹੋਰਨਾਂ ਥਾਵਾਂ ਤੇ ਮਾਸਟਰ ਪਲਾਨ ਮੁਤਾਬਿਕ ਕਮਰਸ਼ੀਅਲ ਗਤੀਵਿਧੀਆਂ ਜਾਂ ਰਿਹਾਇਸ਼ੀ ਉਸਾਰੀਆਂ ਨਹੀਂ ਹੋਈਆਂ, ਉਲਟਾ ਨਾਜਾਇਜ਼ ਤੌਰ ਤੇ ਬੇਸਮੈਂਟਾਂ ਬਣਾਈਆਂ ਗਈਆਂ ਹਨ ਅਤੇ ਕਈ ਬੇਸਮੈਂਟ ਪਾਰਕਿੰਗਾਂ ਵਿੱਚ ਦੁਕਾਨਾਂ, ਡਿਸਕੋ ਅਤੇ ਬਾਰ ਬਣਾਏ ਜਾਣ ਕਾਰਨ ਪਾਰਕਿੰਗ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਗਈ ਹੈ| ਇਹਨਾਂ ਸਾਰੇ ਪੱਖਾਂ ਨੂੰ ਗਠਿਤ ਕੀਤੀ ਜਾਣ ਵਾਲੀ ਜਾਂਚ ਕਮੇਟੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਆਫਤ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *