ਪੀਰ ਬਾਬੇ ਦੇ ਨਾਮ ਤੇ ਮੰਗਣ ਵਾਲੀਆਂ ਦੋ ਔਰਤਾਂ ਨੇ ਘਰ ਵਿੱਚ ਦਾਖਿਲ ਹੋ ਕੇ ਕੀਤੀ ਲੁੱਟ ਖੋਹ

ਚੰਡੀਗੜ੍ਹ, 22 ਮਾਰਚ (ਸ.ਬ.) ਚੰਡੀਗੜ੍ਹ ਸਥਿਤ ਸੈਕਟਰ 29 ਏ ਵਿੱਚ ਦੋ ਔਰਤਾਂ ਅਤੇ ਇੱਕ ਲੜਕਾ ਇੱਕ ਘਰ ਵਿੱਚ ਜਾ ਕੇ ਪੀਰ ਬਾਬਾ ਦੇ ਨਾਮ ਉਪਰ ਪੈਸੇ ਮੰਗਣ ਦੇ ਬਹਾਨੇ ਘਰ ਦੀ ਵਸਨੀਕ ਔਰਤ ਤੋਂ 300 ਰੁਪਏ ਲੈ ਕੇ ਭੱਜ ਗਏ, ਪਰ ਮੁਹੱਲਾ ਵਾਸੀਆਂ ਵਲੋਂ ਪਿੱਛਾ ਕਰਕੇ ਦੋਵਾਂ ਔਰਤਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ| ਇਸ ਮੌਕੇ ਇਹਨਾਂ ਦੋਵਾਂ ਔਰਤਾਂ ਨਾਲ ਆਇਆ ਲੜਕਾ ਫਰਾਰ ਹੋ ਗਿਆ|
ਸੈਕਟਰ 29 ਏ ਵਿੱਚ ਸਥਿਤ ਮਕਾਨ ਨੰਬਰ 271 ਦੀ ਵਸਨੀਕ ਇੰਦੂ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਅਤੇ ਇਕ ਲੜਕਾ ਉਸਦੇ ਘਰ ਆਏ ਅਤੇ ਪੀਰ ਬਾਬਾ ਦੇ ਨਾਮ ਉਪਰ ਉਸ ਤੋਂ ਪੈਸੇ ਮੰਗਣ ਲੱਗੇ ਜਦੋਂ ਉਸਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਇਹਨਾਂ ਔਰਤਾਂ ਨੇ ਉਸ ਨੂੰ ਅਤੇ ਉਸਦੇ ਮੁੰਡੇ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਉਸ ਕੋਲੋਂ ਜਬਰਦਸਤੀ 300 ਰੁਪਏ ਖੋਹ ਕੇ ਭੱਜ ਗਈਆਂ| ਇੰਦੂ ਨੇ ਇਸਦੀ ਸੂਚਨਾ ਆਪਣੇ ਭਰਾ ਸੰਨੀ ਨੂੰ ਦਿੱਤੀ ਅਤੇ ਸੰਨੀ ਨੇ ਇਹਨਾਂ ਔਰਤਾਂ ਦਾ ਪਿੱਛਾ ਕਰਕੇ ਸੈਕਟਰ 29 ਬੀ ਦੇ ਕੇਂਦਰੀ ਵਿਦਿਆਲਿਆ ਸਕੂਲ ਦੇ ਨੇੜਿਓ ਕਾਬੂ ਕਰ ਲਿਆ| ਇਸ ਦੌਰਾਨ ਇਹਨਾਂ ਔਰਤਾਂ ਨਾਲ ਆਇਆ ਲੜਕਾ ਫਰਾਰ ਹੋ ਗਿਆ| ਸੰਨੀ ਨੇ ਮੌਕੇ ਤੇ ਹੀ ਪੁਲੀਸ ਸੱਦ ਕੇ ਇਹਨਾਂ ਔਰਤਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ| ਇਹਨਾਂ ਔਰਤਾਂ ਦੀ ਪਹਿਚਾਣ ਚਾਂਦਨੀ ਅਤੇ ਰੂਬੀ ਵਸਨੀਕ ਮੌਲੀ ਜੱਗਰਾਂ ਵਜੋਂ ਹੋਈ ਹੈ|
ਮੌਕੇ ਉਪਰ ਪਹੁੰਚੇ ਇੰਡਸਟਰੀਅਲ ਥਾਣੇ ਦੇ ਸਬ ਇੰਸਪੈਕਟਰ ਸੇਵਾ ਸਿੰਘ ਤੋਂ ਮੁਹੱਲਾ ਵਾਸੀਆਂ ਨੇ ਇਹਨਾਂ ਔਰਤਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ| ਪੁਲੀਸ ਨੇ ਪੀੜਤ ਇੰਦੂ ਦੀ ਲਿਖਤੀ ਸ਼ਿਕਾਇਤ ਅਤੇ ਮੁਹੱਲਾ ਵਾਸੀਆਂ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *