ਪੀ. ਐਮ. ਓ. ਦਫਤਰ ਵਿੱਚ ਤੜਕੇ ਲੱਗੀ ਅੱਗ, 20 ਮਿੰਟ ਵਿੱਚ ਸਥਿਤੀ ਹੋਈ ਕਾਬੂ

ਨਵੀਂ ਦਿੱਲੀ, 17 ਅਕਤੂਬਰ (ਸ.ਬ.)  ਅੱਜ ਤੜਕੇ ਸਾਊਥ ਬਲਾਕ ਵਿੱਚ ਮੌਜੂਦ ਪ੍ਰਧਾਨ ਮੰਤਰੀ ਦਫਤਰ ਦੇ ਇਕ ਕਮਰੇ ਵਿੱਚ ਅੱਗ ਲੱਗ ਗਈ| ਹਾਲਾਂਕਿ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ| ਅੱਗ ਦੀਆਂ ਲਪਟਾਂ ਉਠਣ ਦਾ ਸਹੀ ਕਾਰਨ ਹੁਣ ਤਕ ਪਤਾ ਨਹੀਂ ਲੱਗਾ ਹੈ| ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਕਮਰੇ ਦੇ ਏਸੀ ਵਿੱਚ ਅੱਗ ਲੱਗੀ, ਜਿਸ ਤੋਂ ਬਾਅਦ ਇਹ ਕਮਰੇ ਵਿੱਚ ਫੈਲ ਗਈ| ਪ੍ਰਧਾਨ ਮੰਤਰੀ ਦਫਤਰ (ਪੀ. ਐਮ. ਓ.) ਦੀ ਦੂਜੀ ਮੰਜ਼ਲ ਤੇ ਕਮਰਾ ਨੰਬਰ 242 ਵਿੱਚ ਤੜਕੇ ਸਾਢੇ ਤਿੰਨ ਵਜੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ, ਜਿਨ੍ਹਾਂ ਨੇ 20 ਮਿੰਟਾਂ ਵਿੱਚ ਸਾਰੀ ਸਥਿਤੀ ਕਾਬੂ ਕਰ ਲਈ| ਇਕ ਅਧਿਕਾਰੀ ਮੁਤਾਬਕ, ਉਨ੍ਹਾਂ ਨੂੰ 3 ਵੱਜ ਕੇ 35 ਮਿੰਟ ਤੇ ਪੀ. ਐਮ. ਓ. ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ 3 ਵੱਜ ਕੇ 55 ਮਿੰਟ ਤੇ ਅੱਗ ਤੇ ਕਾਬੂ ਪਾ ਲਿਆ| ਉਨ੍ਹਾਂ ਮੁਤਾਬਕ, ਅੱਗ ਵਿੱਚ ਚਾਰ ਏਸੀ ਜਲ ਗਏ ਹਨ ਪਰ ਇਸ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ|  ਉਥੇ ਹੀ, ਇਸ ਘਟਨਾ ਨਾਲ ਪੀ. ਐਮ. ਓ. ਦੇ ਅਧਿਕਾਰਤ ਦਸਤਾਵੇਜ਼ਾਂ ਨੂੰ ਕਿੰਨਾ ਨੁਕਸਾਨ ਹੋਇਆ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ| ਦਿੱਲੀ ਪੁਲੀਸ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਸੰਭਾਲੀ ਹੈ|

Leave a Reply

Your email address will not be published. Required fields are marked *