ਪੀ ਜੀ ਆਈ ਦੀਆਂ ਦੁਕਾਨਾਂ ਵਿੱਚ ਮਹਿੰਗੀਆਂ ਦਵਾਈਆਂ ਵੇਚ ਕੇ ਕੀਤੀ ਜਾਂਦੀ ਮਰੀਜਾਂ ਦੀ ਲੁੱਟ ਤੇ ਰੋਕ ਲੱਗੇ

ਕੇਂਦਰ ਸਰਕਾਰ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਜੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਸ ਵਲੋਂ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜਾਂ ਦੇ ਇਲਾਜ ਵਿੱਚ ਵਰਤੇ ਜਾਂਦੇ ਮਹਿੰਗੇ ਸਟੈਂਟਾਂ ਦੀ ਕੀਮਤ ਵਿੱਚ 85 ਫੀਸਦੀ ਤਕ ਕਮੀ ਕਰਕੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਸਰਕਾਰ ਦੇਸ਼ ਵਾਸੀਆਂ ਨੂੰ ਲੋੜੀਂਦੀਆਂ ਅਤਿ ਆਧੁਨਿਕ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਦਾ ਦਮ ਵੀ ਭਰਦੀ ਹੈ ਪਰੰਤੂ ਸਾਡੇ  ਦੇਸ਼ ਵਿੱਚ ਬੁਨਿਆਦੀ ਸਿਹਤ ਸੁਵਿਧਾਵਾਂ ਦੀ ਬਦਹਾਲੀ ਮਰੀਜਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ| ਦੇਸ਼ ਦੇ ਜਿਹਨਾਂ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਲਈ ਚੰਗੇ ਇਲਾਜ ਦਾ ਪ੍ਰਬੰਧ ਹੁੰਦਾ ਹੈ ਉੱਥੇ ਵੀ ਮਰੀਜਾਂ ਦੀ ਬਹੁਤ ਜਿਆਦਾ ਭੀੜ ਹੋਣ ਕਾਰਨ ਆਮ ਮਰੀਜਾਂ ਨੂੰ ਆਪਣੇ ਇਲਾਜ ਲਈ ਜਿਹੜੇ ਧੱਕੇ ਖਾਣੇ ਪੈਂਦੇ ਹਨ ਉਹਨਾਂ ਦਾ ਦਰਦ ਉਹੀ ਵਿਅਕਤੀ ਜਾਣਦਾ ਹੈ ਜੋ ਖੁਦ ਇਸ ਹਾਲਤ ਵਿੱਚੋਂ ਲੰਘਦਾ ਹੈ|
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਉੱਤਰ ਭਾਰਤ ਦੇ ਮਸ਼ਹੂਰ ਸਰਕਾਰੀ ਹਸਪਤਾਲ ਪੀ ਜੀ ਆਈ (ਜਿੱਥੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਇਲਾਜ ਕਰਵਾਉਣ ਲਈ ਪਹੁੰਚਦੇ ਹਨ) ਦੀ ਹਾਲਤ ਵੀ  ਕਮੋਬੇਸ਼ ਅਜਿਹੀ ਹੀ ਹੈ| ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦੀ ਭਾਰੀ ਭੀੜ ਦੇ ਮੁਕਾਬਲੇ ਉੱਥੇ ਜਿਹੜੀਆਂ ਸਿਹਤ ਸੁਵਿਧਾਵਾਂ ਉਪਲਬਧ ਹਨ ਉਹ ਪੂਰੀ ਤਰ੍ਹਾਂ ਨਾਕਾਫੀ ਹਨ ਅਤੇ ਬਹੁਤ ਜਿਆਦਾ ਗੰਭੀਰ ਬਿਮਾਰੀਆਂ ਦੇ ਪੀੜਿਤ ਮਰੀਜਾਂ ਨੂੰ ਵੀ ਆਪਣੇ ਚੈਕਅੱਪ ਤਕ ਲਈ ਘੰਟਿਆਂ ਬੱਧੀ ਆਪਣੀ ਵਾਰੀ ਦੀ ਉਡੀਕ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ| ਇੱਥੋਂ ਦੀ ਓ ਪੀ ਡੀ ਵਿੱਚ ਪਹੁੰਚਣ ਵਾਲੇ ਮਰੀਜਾਂ ਦੀ ਗਿਣਤੀ ਦੇ ਮੁਕਾਬਲੇ ਇੱਥੇ ਤੈਨਾਤ ਡਾਕਟਰਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਉ ਪੀ ਡੀ ਦੇ ਸਮੇਂ ਦੌਰਾਨ ਲਗਭਗ ਹਰੇਕ ਡਾਕਟਰ ਨੂੰ 100 ਤੋਂ ਵੀ ਵੱਧ ਮਰੀਜਾਂ ਦੀ ਜਾਂਚ ਕਰਨੀ ਪੈਂਦੀ ਹੈ|  ਅਜਿਹਾ ਹੋਣ ਕਾਰਨ ਇੱਕ ਮਰੀਜ ਦੇ ਹਿੱਸੇ ਡਾਕਟਰ ਦੇ ਪੰਜ ਮਿਨਟ ਵੀ ਨਹੀਂ ਆਉਂਦੇ ਅਤੇ ਇੰਨੇ ਘੱਟ ਸਮੇਂ ਵਿੱਚ ਕਾਹਲੀ ਕਾਹਲੀ ਮਰੀਜ ਵੇਖਣ ਦੀ ਇਹ ਕਾਰਵਾਈ ਮਰੀਜਾਂ ਦੇ ਇਲਾਜ ਤੇ ਵੀ ਨਾਂਹ ਪੱਖੀ ਅਸਰ ਪਾਉਂਦੀ ਹੈ|  ਹੁੰਦਾ ਇਹ ਹੈ ਕਿ ਜਿਆਦਾਤਰ ਮਾਮਲਿਆਂ ਵਿੱਚ ਮਰੀਜ ਵਲੋਂ ਆਪਣੀ ਬਿਮਾਰੀ ਬਾਰੇ ਪੂਰੀ ਜਾਣਕਾਰੀ ਹਾਲੇ ਡਾਕਟਰ ਨੂੰ ਦੇਣੀ ਹੁੰਦੀ ਹੈ ਕਿ ਡਾਕਟਰ ਵਲੋਂ ਉਸਦੀ ਅੱਧੀ ਅਧੂਰੀ ਗੱਲ ਸੁਣ ਕੇ ਹੀ ਉਸਦੀ ਪਰਚੀ ਤੇ ਸੰਬੰਧਿਤ ਟੈਸਟ ਜਾਂ ਦਵਾਈ ਆਦਿ ਲਿਖ ਕੇ ਉਸਨੂੰ ਤੋਰ ਦਿੱਤਾ ਜਾਂਦਾ ਹੈ|
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਬਲਕਿ ਪੀ ਜੀ ਆਈ ਦੇ ਪ੍ਰਸ਼ਾਸ਼ਨ ਵਲੋਂ ਆਪਣੇ ਜਾਤੀ ਫਾਇਦੇ ਲਈ ਮਰੀਜਾਂ ਦੀ ਅਸਿੱਧੇ ਢੰਗ ਨਾਲ ਲੁੱਟ ਵੀ ਕੀਤੀ ਜਾਂਦੀ ਹੈ ਜਿਸ ਕਾਰਣ ਇੱਥੇ ਪਹੁੰਚ ਕੇ ਇਲਾਜ ਕਰਵਾਉਣ ਆਉਣ ਵਾਲੇ ਮਰੀਜਾਂ ਦਾ ਖਰਚਾ 30 ਤੋਂ 40 ਫੀਸਦੀ ਤਕ ਵੱਧ ਜਾਂਦਾ ਹੈ| ਇਹ ਖਰਚਾ ਉਹਨਾਂ ਦਵਾਈਆਂ ਦਾ ਹੁੰਦਾ ਹੈ  ਜਿਹੜੀਆਂ ਪੀ ਜੀ ਆਈ ਵਿੱਚ ਪਹੁੰਚ ਕੇ ਇਲਾਜ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਮਜਬੂਰੀ ਵਿੱਚ ਉੱਥੋਂ ਹੀ ਖਰੀਦਣੀਆਂ ਪੈਂਦੀਆਂ ਹਨ| ਪੀ ਜੀ ਆਈ ਵਿੱਚ ਇਲਾਜ ਕਰਵਾਉਣ ਲਈ ਪਹੁੰਚਣ ਵਾਲੇ ਵਿਅਕਤੀ ਮਰੀਜ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਰਜੀਕਲ ਸਾਮਾਨ ਉੱਥੋਂ ਦੀ ਐਮਰਜੈਂਸੀ ਜਾਂ ਹਸਪਤਾਲ ਦੇ ਅੰਦਰ ਬਣੀਆਂ ਦਵਾਈਆਂ ਦੀਆਂ ਦੁਕਾਨਾਂ ਤੋਂ ਹੀ ਖਰੀਦਦੇ ਹਨ ਪਰੰਤੂ ਹਸਪਤਾਲ ਵਿੱਚ ਬਣੀਆਂ ਦਵਾਈਆਂ ਦੀਆਂ ਇਹਨਾਂ ਦੁਕਾਨਾਂ ਤੋਂ ਮਰੀਜਾਂ ਨੂੰ ਮਿਲਣ ਵਾਲੀਆਂ ਦਵਾਈਆਂ ਅਤੇ ਹੋਰ ਸਾਮਾਨ ਕਾਫੀ ਮਹਿੰਗਾ ਮਿਲਦਾ ਹੈ|
ਇਸ ਦਾ ਕਾਰਣ ਇਹ ਹੈ ਕਿ ਹਸਪਤਾਲ ਦੇ ਅੰਦਰ ਦੁਕਾਨ ਚਲਾਊਣ ਵਾਲੇ ਠੇਕੇਦਾਰ ਦੁਕਾਨਾਂ ਦੇ ਕਿਰਾਏ ਦੇ ਰੂਪ ਵਿੱਚ ਪੀ ਜੀ ਆਈ ਨੂੰ ਹਰ ਸਾਲ ਕਰੋੜਾਂ ਦੇ ਹਿਸਾਬ ਨਾਲ ਰਕਮ ਅਦਾ ਕਰਦੇ ਹਨ, ਜਿਸ ਵਿੱਚ ਹਰ ਸਾਲ ਵਾਧਾ ਹੋ ਜਾਂਦਾ ਹੈ ਅਤੇ ਜਾਹਿਰ ਤੌਰ ਤੇ ਭਾਰੀ ਕਿਰਾਏ ਦੀ ਇਹ ਰਕਮ ਮਰੀਜਾਂ ਦੀਆਂ ਜੇਬਾਂ ਵਿੱਚੋਂ ਹੀ ਕਢਵਾਈ ਜਾਂਦੀ ਹੈ ਅਤੇ ਪੀ ਜੀ ਆਈ ਪ੍ਰਸ਼ਾਸ਼ਨ ਵਲੋਂ ਅਸਿੱਧੇ ਢੰਗ ਨਾਲ ਕੀਤੀ ਜਾਂਦੀ ਇਸ ਲੁੱਟ ਦੀ ਮਾਰ  ਆਮ ਮਰੀਜਾਂ ਨੂੰ ਹੀ ਸਹਿਣੀ ਪੈਂਦੀ ਹੈ| ਪੀ ਜੀ ਆਈ ਦਾ ਪ੍ਰਬੰਧ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਦੇ ਅਧੀਨ ਹੈ ਜਿਸ ਵਲੋਂ ਦੇਸ਼ ਵਾਸੀਆਂ ਨੂੰ ਸਸਤਾ ਇਲਾਜ ਮੁਹਈਆਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਪੀ ਜੀ ਆਈ ਵਿੱਚ ਮਰੀਜ ਦੀ ਅਸਿੱਧੇ ਢੰਗ ਨਾਲ ਕੀਤੀ ਜਾਂਦੀ ਲੁੱਟ ਦੀ ਇਹ ਕਾਰਵਾਈ ਕੇਂਦਰ ਸਰਕਾਰ ਵਲੋਂ ਦੇਸ਼ ਵਾਸੀਆਂ ਨੁੰ ਸਸਤਾ ਅਤੇ ਮਿਆਰੀ ਇਲਾਜ ਮੁਹਈਆ ਕਰਵਾਉਣ ਦੇ ਦਾਅਵਿਆਂ ਤੇ  ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿਉਸ ਵਲੋਂ  ਪੀ ਜੀ ਆਈ ਵਿੱਚ ਪਹੁੰਚਣ ਵਾਲੇ ਮਰੀਜਾਂ ਦੀ ਗਿਣਤੀ ਦੇ ਹਿਸਾਬ ਨਾਲ ਇੱਥੇ ਡਾਕਟਰ ਤੈਨਾਤ ਕੀਤੇ ਜਾਣ ਤਾਂ ਜੋ ਮਰੀਜਾਂ ਦਾ ਠੀਕ ਢੰਗ ਨਾਲ ਚੈਕਅਪ ਹੋਵੇ ਅਤੇ ਉਹਨਾਂ ਨੂੰ ਲੋੜੀਂਦਾ ਇਲਾਜ ਹਾਸਿਲ ਹੋਵੇ| ਇਸਦੇ ਨਾਲ ਨਾਲ ਸਰਕਾਰ ਵਲੋਂ ਹਸਪਤਾਲ ਵਿੱਚ ਮਹਿੰਗੀਆਂ ਦਵਾਈਆਂ ਵੇਚ ਕੇ ਮਰੀਜਾਂ ਦੀ ਕੀਤੀ ਜਾਂਦੀ ਲੁੱਟ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਮਰੀਜਾਂ ਨੂੰ ਰਾਹਤ ਮਿਲੇ|

Leave a Reply

Your email address will not be published. Required fields are marked *