ਪੀ ਜੀ ਆਈ ਦੇ ਡਾਕਟਰਾਂ ਨੇ ਮਰੀਜ ਦੇ ਜਬਾੜੇ ਤੋਂ ਸਾਢੇ ਤਿੰਨ ਕਿਲੋ ਦਾ ਟਿਊਮਰ ਕੱਢਿਆ

ਚੰਡੀਗੜ੍ਹ, 19 ਸਤੰਬਰ (ਸ.ਬ.) ਚੰਡੀਗੜ੍ਹ ਸਥਿਤ ਉੱਤਰ ਭਾਰਤ ਦੇ ਸਭ ਤੋਂ ਵੱਡੇ ਹਸਪਤਲ ਪੀ ਜੀ ਆਈ ਦੇ ਡਾਕਟਰਾਂ ਨੇ ਇੱਕ ਮਰੀਜ ਦੇ ਜਬਾੜੇ ਤੋਂ ਸਾਢੇ ਤਿੰਨ ਕਿਲੋ ਦਾ ਇੱਕ ਵੱਡਾ ਟਿਊਮਰ ਕੱਢਿਆ ਹੈ| ਪੀ ਜੀ ਆਈ ਦੇ ਈ ਐਨ ਟੀ ਵਿਭਾਗ ਦੇ ਮੁਖੀ ਡਾ. ਜੈਮੰਤੀ ਬਖਸ਼ੀ ਦੀ ਅਗਵਾਈ ਵਿੱਚ ਕੀਤੇ ਗਏ ਆਪਣੇ ਤਰ੍ਹੀ ਦੇ ਇਸ ਵੱਖਰੇ ਆਪਰੇਸ਼ਨ ਤੋਂ ਬਾਅਦ ਮਰੀਜ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ|
ਪੀ ਜੀ ਆਈ ਦੇ ਬੁਲਾਰੇ ਨੇ ਦੱਸਿਆ ਕਿ ਮਰੀਜ (ਜਿਸਦੀ ਉਮਰ 45 ਸਾਲ ਦੀ ਹੈ) ਦੇ ਜਬਾੜੇ ਵਿੱਚ ਪੰਜ ਸਾਲ ਪਹਿਲਾਂ ਸੂਜਨ ਹੋਈ ਸੀ ਅਤੇ ਇਹ ਬਹੁਤ ਤੇਜੀ ਨਾਲ ਵੱਧ ਗਈ| ਆਪਣੀ ਕਮਜੋਰ ਆਰਥਿਕ ਹਾਲਤ ਕਾਰਨ ਮਰੀਜ ਇਸਦਾ ਇਲਾਜ ਨਾ ਕਰਵਾ ਸਕਿਆ ਅਤੇ ਇਹ ਟਿਊਮਰ ਵੱਧਦਾ ਰਿਹਾ| ਮਰੀਜ ਨੂੰ ਕੁੱਝ ਵੀ ਚਬਾਉਣ ਅਤੇ ਖਾਣ ਪੀਣ ਵਿੱਚ ਵੀ ਮੁਸ਼ਕਿਲ ਆਉਣ ਲੱਗ ਗਈ, ਜਿਸ ਕਾਰਨ ਉਹ ਭਾਰੀ ਕਮਜੋਰੀ ਦਾ ਸ਼ਿਕਾਰ ਹੋ ਗਿਆ|
ਬੁਲਾਰੇ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਇਹ ਟਿਊਮਰ ਤੇਜੀ ਨਾਲ ਵਧ ਰਿਹਾ ਸੀ ਅਤੇ ਇਸ ਵਿੱਚ ਇਨਫੈਕਸ਼ਨ ਵੀ ਫੈਲ ਗਿਆ ਸੀ ਜਿਸ ਕਾਰਨ ਇਸ ਵਿੱਚੋਂ ਮਵਾਦ ਅਤੇ ਖੂਨ ਰਿਸਦਾ ਸੀ| ਜਦੋਂ ਮਰੀਜ ਪੀ ਜੀ ਆਈ ਵਿੱਚ ਪਹੁੰਚਿਆ ਸੀ ਤਾਂ ਬਹੁਤ ਬੁਰੀ ਹਾਲਤ ਵਿੱਚ ਸੀ ਅਤੇ ਉਸ ਕੋਲ ਇਲਾਜ ਕਰਵਾਉਣ ਜੋਗੇ ਪੈਸੇ ਵੀ ਨਹੀਂ ਸਨ| ਪੀ ਜੀ ਆਈ ਵਲੋਂ ਉਸਦੀ ਆਰਥਿਕ ਮਦਦ ਕੀਤੀ ਗਈ ਅਤੇ ਉਸਦਾ ਇਲਾਜ ਵੀ ਪੀ ਜੀ ਆਈ ਦੇ ਗਰੀਬ ਮਰੀਜਾਂ ਦੇ ਇਲਾਜ ਵਾਲੀ ਸਕੀਮ ਤਹਿਤ ਹੋਇਆ ਹੈ|
ਉਹਨਾਂ ਦੱਸਿਆ ਕਿ ਮਰੀਜ ਦੇ ਜਬਾੜੇ ਵਿੱਚ ਮੌਜੂਦ ਟਿਊਮਰ ਦਾ ਆਕਾਰ 30 ਸੈਂਟੀਮੀਟਰ ਧ 30 ਸੈਂਟੀਮੀਟਰ ਸੀ ਅਤੇ ਇਸ ਵਿੱਚ ਇਨਫੈਕਸ਼ਨ ਸੀ, ਖੂਨ ਰਿਸ ਰਿਹਾ ਸੀ ਅਤੇ ਗੰਦੀ ਬਦਬੋ ਆ ਰਹੀ ਸੀ| ਜੇਕਰ ਇਸ ਟਿਊਮਰ ਨੂੰ ਕੱਢਿਆ ਨਾ ਜਾਵੇ ਤਾਂ ਇਹ ਕੈਂਸਰ ਵਿੱਚ ਵੀ ਤਬਦੀਲ ਹੋ ਸਕਦਾ ਸੀ|
ਉਹਨਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਡਾ. ਜੈਮੰਤੀ ਬਖਸ਼ੀ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਵਲੋਂ 8 ਘੰਟੇ ਦੀ ਸਰਜਰੀ ਦੌਰਾਨ ਇਸ ਟਿਊਮਰ ਨੂੰ ਕੱਢਿਆ ਗਿਆ| ਇਸ ਸਰਜਰੀ ਨੂੰ ਟੀ ਐਨ ਟੀ ਅਤੇ ਪਲਾਸਟਿਕ ਸਰਜਰੀ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਮੁਕੰਮਲ ਕੀਤਾ ਗਿਆ| ਆਪਰੇਸ਼ਨ ਦੌਰਾਨ ਮਰੀਜ ਦੇ ਹੇਠਲੇ ਜਬਾੜੇ ਦਾ ਅੱਧਾ ਹਿੱਸਾ ਵੀ ਕੱਢਣਾ ਪਿਆ| ਬੁਲਾਰੇ ਅਨੁਸਾਰ ਮਰੀਜ ਦੀ ਹਾਲਤ ਸਥਿਰ ਹੈ ਅਤੇ ਉਹ ਛੇਤੀ ਹੀ ਰਿਕਵਰ ਹੋ ਜਾਵੇਗਾ|

Leave a Reply

Your email address will not be published. Required fields are marked *