ਪੀ ਸੀ ਆਰ ਕਰਮਚਾਰੀ ਵੱਲੋਂ ਮੋਟਰ ਸਾਈਕਲ ਸਵਾਰ ਦੇ ਮੂੰਹ ਤੇ ਡੰਡਾ ਮਾਰਨ ਤੋਂ ਬਾਅਦ ਭੜਕੇ ਲੋਕਾਂ ਨੇ ਏਅਰਪੋਰਟ ਰੋਡ ਜਾਮ ਕੀਤੀ, ਐਸ ਐਚ ਓ ਨੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ

ਪੀ ਸੀ ਆਰ ਕਰਮਚਾਰੀ ਵੱਲੋਂ ਮੋਟਰ ਸਾਈਕਲ ਸਵਾਰ ਦੇ ਮੂੰਹ ਤੇ ਡੰਡਾ ਮਾਰਨ ਤੋਂ ਬਾਅਦ ਭੜਕੇ ਲੋਕਾਂ ਨੇ ਏਅਰਪੋਰਟ ਰੋਡ ਜਾਮ ਕੀਤੀ, ਐਸ ਐਚ ਓ ਨੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ
ਐਸ ਏ ਐਸ ਨਗਰ, 21 ਨਵੰਬਰ (ਸ.ਬ.) ਏਅਰਪੋਰਟ ਰੋਡ ਤੇ ਟੀ ਡੀ ਆਈ ਸਿਟੀ ਦੇ ਸਾਹਮਣੇ ਸੜਕ ਕਿਨਾਰੇ ਗੱਡੀ ਖੜੀ ਕਰਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਦੇ ਕਾਗਜ ਚੈਕ ਕਰ ਰਹੇ ਪੀ ਸੀ ਆਰ ਪਾਰਟੀ ਦੇ ਕਰਮਚਾਰੀ ਵੱਲੋਂ ਇੱਕ ਮੋਟਰਸਾਈਕਲ ਸਵਾਰ ਦੇ ਮੂੰਹ ਤੇ ਡੰਡਾ ਮਾਰਨ ਤੋਂ ਬਾਅਦ ਭੜਕੇ ਲੋਕਾਂ ਨੇ ਸੜਕ ਤੇ ਹੀ ਧਰਨਾ ਦੇ ਕੇ ਸੜਕ ਜਾਮ ਕਰ ਦਿਤੀ ਅਤੇ ਪੁਲੀਸ ਦੇ ਖਿਲਾਫ ਨਾਹਰੇਬਾਜੀ ਕੀਤੀ| ਇਸ ਦੌਰਾਨ ਏਅਰਪੋਰਟ ਸੜਕ ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਬਾਅਦ ਵਿੱਚ ਥਾਣਾ ਬਲੌਂਗੀ ਦੇ ਐਸ ਐਚ ਓ ਸ੍ਰ. ਭਗਵੰਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਡੰਡਾ ਮਾਰਨ ਵਾਲੇ ਪੁਲੀਸ ਕਰਮਚਾਰੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ| ਬਾਅਦ ਵਿੱਚ ਪੁਲੀਸ ਵੱਲੋਂ ਨੌਜਵਾਨ ਦਾ ਮੈਡੀਕਲ ਕਰਵਾਇਆ ਗਿਆ ਅਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਕਰਨ ਅਤੇ ਰਾਕੇਸ਼ ਨਾਮ ਦੇ ਦੋ ਨੌਜਵਾਨ ਮੋਟਰ ਸਾਈਕਲ ਤੇ ਮੁਹਾਲੀ ਤੋਂ ਖਰੜ ਵੱਲ ਜਾ ਰਹੇ ਸੀ| ਟੀ ਡੀ ਆਈ ਸਿਟੀ ਕੋਲ ਸੜਕ ਕਿਨਾਰੇ ਖੜੇ ਪੀ ਸੀ ਆਰ ਦੇ ਹਵਲਦਾਰ ਮਹਿੰਦਰ ਨੇ ਸਿੰਘ ਨੇ ਇਹਨਾਂ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ| ਇਹਨਾਂ ਨੌਜਵਾਨਾਂ ਦੀ ਰਫਤਾਰ ਤੇਜ ਹੋਣ ਕਾਰਨ ਜਦੋਂ ਇਹ ਮਹਿੰਦਰ ਸਿੰਘ ਦੇ ਨੇੜਿਉਂ ਲੰਘੇ ਤਾਂ ਉਸਨੇ ਮੋਟਰ ਸਾਈਕਲ ਸਵਾਰਾਂ ਨੂੰ ਡੰਡਾ ਮਾਰ ਦਿੱਤਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਬੈਠੇ ਰਾਜੇਸ਼ ਕੁਮਾਰ ਵਾਸੀ ਅੰਮ੍ਰਿਤਸਰ ਦੇ ਮੂੰਹ ਤੇ ਲੱਗਿਆ ਅਤੇ ਉਸਦੀ ਅੱਖ ਮਸਾ ਬਚੀ| ਮੋਟਰ ਸਾਈਕਲ ਰੋਕਣ ਤੋਂ ਬਾਅਦ ਉਕਤ ਨੌਜਵਾਨਾਂ ਨੇ ਪੁਲੀਸ ਕਰਮਚਾਰੀ ਨੂੰ ਡੰਡਾ ਮਾਰਨ ਦਾ ਕਾਰਣ ਪੁੱਛਿਆ ਤਾਂ ਉਹ ਉਲਟਾ ਉਹਨਾਂ ਤੇ ਹੀ ਰੋਹਬ ਮਾਰਨ ਲੱਗ ਪਿਆ ਜਿਸ ਤੇ ਇਹਨਾਂ ਦੋਵਾਂ ਨੌਜਵਾਨਾਂ ਨੇ ਸੜਕ ਤੇ ਬੈਠ ਕੇ ਧਰਨਾ ਲਗਾ ਦਿੱਤਾ| ਇਸੇ ਦੌਰਾਨ ਉੱਥੇ ਕਾਫੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਜਿਹੜੇ ਇਹਨਾਂ ਨੌਜਵਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋ ਗਏ ਅਤੇ ਉਹਨਾਂ ਨੇ ਪੁਲੀਸ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿਤੀ| ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਪੀ ਸੀ ਆਰ ਕਰਮਚਾਰੀ ਇੱਥੇ ਥਾਂ ਬਦਲ ਬਦਲ ਕੇ ਨਾਕੇ ਲਗਾ ਲੈਂਦੇ ਹਨ ਅਤੇ ਆਮ ਵਾਹਨ ਚਾਲਕਾਂ ਦੀ ਜਾਂਚ ਦੇ ਬਹਾਨੇ ਉਹਨਾਂ ਤੋਂ ਪੈਸੇ ਵਸੂਲਦੇ ਹਨ|
ਮੌਕੇ ਤੇ ਪਹੁੰਚੇ ਥਾਣਾ ਬਲੌਂਗੀ ਦੇ ਏ ਐਸ ਆਈ ਦਿਲਬਾਗ ਸਿੰਘ ਨੇ ਨੌਜਵਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਪ੍ਰੰਤੂ ਧਰਨਾਕਾਰੀ ਉਕਤ ਪੁਲੀਸ ਮੁਲਾਜਮ ਦੀ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਰਹੇ| ਬਾਅਦ ਵਿੱਚ ਥਾਣਾ ਬਲੌਂਗੀ ਦੇ ਐਸ ਐਚ ਓ ਸ੍ਰ. ਭਗਵੰਤ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਤਾ ਕਿ ਪੁਲੀਸ ਵੱਲੋਂ ਡੰਡਾ ਮਾਰਨ ਵਾਲੇ ਹਵਲਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ| ਜਿਸਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਖਤਮ ਕਰ ਦਿਤਾ ਗਿਆ|
ਸੰਪਰਕ ਕਰਨ ਤੇ ਥਾਣਾ ਬਲੌਂਗੀ ਦੇ ਐਸ ਐਚ ਓ ਸ੍ਰ. ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪੀੜਤ ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ| ਉਹਨਾਂ ਕਿਹਾ ਕਿ ਪੁਲੀਸ ਕਰਮਚਾਰੀ ਨੇ ਇਸ ਤਰੀਕੇ ਨਾਲ ਵਾਹਨ ਸਵਾਰ ਨੂੰ ਡੰਡਾ ਮਾਰ ਕੇ ਗਲਤ ਕੰਮ ਕੀਤਾ ਹੈ ਅਤੇ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *