ਪੀ.ਸੀ.ਏ. ਸਟੇਡੀਅਮ ਵਿਖੇ ਹੋਣ ਵਾਲੇ ਮੈਚਾਂ ਦੌਰਾਨ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ: ਸਪਰਾ

ਐਸ .ਏ.ਐਸ. ਨਗਰ, 26 ਅਪ੍ਰੈਲ (ਸ.ਬ.)  ਪੀ.ਸੀ.ਏ. ਸਟੇਡੀਅਮ ਵਿਖੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਆਈ.ਪੀ.ਐਲ. ਮੈਚਾਂ ਦੌਰਾਨ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਾ ਆਉਣ ਦਿੱਤੀ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਰੂਟ ਪਲਾਨ ਤਹਿਤ ਟ੍ਰੈਫਿਕ ਵਿਵਸਥਾ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ  ਗੁਰਪ੍ਰੀਤ ਕੌਰ ਸਪਰਾ ਨੇ ਪੀ.ਸੀ.ਏ. ਸਟੇਡੀਅਮ ਦੇ ਮੀਟਿੰਗ ਹਾਲ ਵਿਖੇ  28 ਤੇ 30 ਅਪ੍ਰੈਲ ਅਤੇ 7 ਤੇ 9 ਮਈ ਨੂੰ ਹੋਣ ਵਾਲੇ ਕ੍ਰਿਕਟ ਮੈਚਾਂ ਮੌਕੇ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾਂ ਲਈ ਸਿਵਲ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਅਤੇ ਕਿੰਗਜ਼ ਇਲੈਵਨ ਦੇ ਪ੍ਰਬੰਧਕਾਂ ਨਾਲ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ  ਕਰਦਿਆਂ ਕੀਤਾ|
ਸ੍ਰੀਮਤੀ ਸਪਰਾ ਨੇ  ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਮੈਚਾਂ ਦੌਰਾਨ ਲੋੜੀਂਦੀਆਂ ਐਬੂਲੈਂਸਾਂ ਅਤੇ ਡਾਕਟਰਾਂ ਦੀਆਂ ਟੀਮਾਂ ਵੀ ਤੈਨਾਤ ਕਰਨ| ਇਸ ਤੋਂ ਇਲਾਵਾ ਮੈਚਾਂ ਦੌਰਾਨ  ਤੰਬਾਕੂ ਕੰਟਰੋਲ ਐਕਟ ਤਹਿਤ ਸਿਗਰਟਨੋਸੀ ਦੀ ਚੈਕਿੰਗ ਲਈ ਐਟੀਂ ਤੰਬਾਕੂ ਟੀਮਾਂ ਵੀ ਨਿਯੁਕਤ ਕਰਨ ਅਤੇ ਮੈਚਾਂ ਦੌਰਾਨ ਤੰਬਾਕੂ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਰਹੇਗੀ| ਉਨ੍ਹਾਂ ਇਸ ਮੌਕੇ ਕਾਰਜਕਾਰੀ ਇੰਜਨੀਅਰ  ਪੀ.ਐਸ.ਪੀ.ਸੀ.ਐਲ  ਨੂੰ ਮੈਚਾਂ ਦੌਰਾਨ ਪੀ.ਸੀ.ਏ. ਸਟੇਡੀਅਮ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ| ਉਨ੍ਹਾਂ ਹੋਰ ਦੱਸਿਆ ਕਿ ਮੈਚਾਂ ਦੌਰਾਨ ਢੁਕਵੀਆਂ ਥਾਵਾਂ ਲਈ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਜਾਣਗੇ| ਸ੍ਰੀਮਤੀ ਸਪਰਾ ਨੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੂੰ ਸਟੇਡੀਅਮ ਦੇ ਆਲੇ ਦੁਆਲੇ ਸੜਕਾਂ ਦੀ ਸਫਾਈ ਅਤੇ ਸਟਰੀਟ ਲਾਇਟਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਲਈ ਯਕੀਨੀ ਬਣਾਉਣ ਲਈ ਆਖਿਆ| ਸ੍ਰੀਮਤੀ ਸਪਰਾ ਨੇ ਇਸ ਮੌਕੇ ਕਿੰਗਜ਼ ਇਲੈਵਨ ਪੰਜਾਬ ਦੇ ਪ੍ਰਬੰਧਕਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਮੈਚ ਦੇਖਣ ਆਉਣ ਵਾਲੇ ਪ੍ਰੇਮੀਆਂ ਲਈ ਵੀ ਕਿਸੇ ਕਿਸਮ ਦੀ ਮੁਸਕਿਲ ਨਾ ਆਉਣ ਦੇਣ ਲਈ ਵੀ ਆਖਿਆ ਅਤੇ ਮੈਚ  ਦੇਖਣ ਆਉਣ ਵਾਲੇ ਪ੍ਰੇਮੀਆਂ ਦੇ ਵਾਹਨਾਂ ਲਈ ਪਾਰਕਿੰਗ ਦੀ ਵੀ ਢੁੱਕਵੀ ਵਿਵਸਥਾ ਕਰਨ ਲਈ ਆਖਿਆ|
ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਆਈ.ਪੀ.ਐਲ. ਮੈਚਾਂ ਦੇ   ਮੱਦੇਨਜਰ, ਜਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ| ਪੀ.ਸੀ.ਏ. ਸਟੇਡੀਅਮ ਦੇ ਨੇੜੇ ਵੱਖ ਵੱਖ ਥਾਵਾਂ ਤੇ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਨਾਗਰਿਕਾਂ ਨੂੰ ਮੈਚਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ|  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਐਸ.ਡੀ.ਐਮ. ਅਨੁਪ੍ਰੀਤਾ ਜੌਹਲ, ਸਹਾਇਕ ਕਮਿਸ਼ਨਰ ਸ਼ਿਕਾਇਤਾ) ਡਾ: ਨਾਯਨ ਭੁੱਲਰ, ਅਸਟੇਟ ਅਫਸਰ ਗਮਾਡਾ ਅਮਰਵੀਰ ਕੌਰ ਭੁੱਲਰ, ਐਸ.ਪੀ. ਹੈਡ ਕੁਆਟਰ ਸ੍ਰੀ ਜਗਜੀਤ ਸਿੰਘ ਜੱਲਾ,ਐਸ.ਪੀ. (ਟ੍ਰੇਫਿਕ) ਹਰਵੀਰ ਸਿੰਘ ਅਟਵਾਲ, ਈ.ਟੀ.ਓ. ਅਨੁਪ੍ਰੀਤ ਕੌਰ, ਬ੍ਰਗੇਡੀਅਰ ਜੀ.ਐਸ. ਸੰਧੂ, ਸੀ.ਈ.ਓ. ਪੀ.ਸੀ.ਏ.   ਸਟੇਡੀਅਮ, ਕਿੰਗਜ਼ ਇਲੈਵਨ ਪੰਜਾਬ  ਤੋਂ ਸ੍ਰੀ ਰਾਜੀਵ ਕੁਮਾਰ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *