ਪੁਆਧੀ ਸਰਜ਼ਮੀਂ ਤੇ ਹੀ ਕੀਤਾ ਜਾ ਰਿਹੈ ਇਸ ਨੂੰ ਅਣਗੌਲਿਆਂ : ਡਾ.ਗੁਰਮੀਤ ਸਿੰੰਘ ਬੈਦਵਾਨ

ਪੁਆਧੀ ਉਪ-ਬੋਲੀ ਪੰਜਾਬੀ-ਭਾਸ਼ਾ ਰੂਪੀ ਮੰਜੇ ਦਾ ਚੌਥਾ ਪਾਵਾ

ਐਸ ਏ ਐਸ ਨਗਰ, 9 ਅਕਤੂਬਰ : ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਹੋਏ ਪੰਜਾਬੀ ਭਾਸ਼ਾ ਅਧਿਆਪਕਾਂ ਦੇ ਸੈਮੀਨਾਰ ਵਿੱਚ ਇਸ ਇਲਾਕੇ ਦੀ ਆਪਣੀ ਪੰਜਾਬੀ ਉਪ-ਬੋਲੀ ‘ਪੁਆਧੀ’ ਦੇ ਮਹੱਤਵ ਤੇ ਬੋਲਦਿਆਂ ਇਸ ਬੋਲੀ ਦੇ ਪ੍ਰਮੁੱਖ ਹਸਤਾਖ਼ਰ ਡਾ. ਗੁਰਮੀਤ ਸਿੰੰਘ ਬੈਦਵਾਨ ਕਿਹਾ ਕਿ ਪੁਆਧੀ ਉਪ-ਬੋਲੀ ਪੰਜਾਬੀ ਭਾਸ਼ਾ ਰੂਪੀ ਮੰਜੇ ਦਾ ਚੌਥਾ ਪਾਵਾ ਹੈ ਅਤੇ ਇਸ ਉਪ-ਬੋਲੀ ਨੂੰ ਵੀ ਪੰਜਾਬੀ ਭਾਸ਼ਾ ਦੇ ਮਾਝੀ, ਮਲਵਈ ਅਤੇ ਦੁਆਬੀ ਪਾਵਿਆਂ ਵਾਂਗ ਬਣਦਾ ਮਾਣ-ਸਤਿਕਾਰ ਦਿੱਤਾ ਜਾਣਾ ਸਮੇਂ ਦੀ ਮੰਗ ਹੈ|ਉਹਨਾਂ ਕਿਹਾ ਕਿ ਬੇਸ਼ੱਕ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਰਾਜਸੀ, ਪ੍ਰਸ਼ਾਸਨਿਕ ਮੁੱਖ ਦਫ਼ਤਰਾਂ ਲਈ ਪੁਆਧ ਦੇ ਇਲਾਕੇ ਨੂੰ ਹੀ ਤਰਜੀਹ ਦਿੱਤੀ ਗਈ ਅਤੇ ਸੂਬੇ ਦੀ ਰਾਜਧਾਨੀ ਲਈ ਇਸ ਖੇਤਰ ਨੂੰ ਹੀ ਢੁਕਵਾਂ ਸਮਝਿਆ ਗਿਆ, ਪਰ ਅਫ਼ਸੋਸ ਕਿ ਸੂਬੇ ਦੀ ਰਾਜਧਾਨੀ ਪੁਆਧ ਦੇ ਇਲਾਕੇ ਵਿੱਚ ਹੋਣ ਦੇ ਬਾਵਜ਼ੂਦ ਇਸ ਇਲਾਕੇ ਦੀ ਉਪ-ਬੋਲੀ ਪੁਆਧੀ ਨੂੰ ਇਸ ਦੇ ਆਪਣੇ ਹੀ ਘਰ ਅਣਗੌਲਿਆਂ ਜਾ ਰਿਹਾ ਹੈ|
ਪੁਆਧੀ ਉਪ-ਬੋਲੀ ਨੂੰ ਭਾਸ਼ਾ ਵਜੋਂ ਸਤਿਕਾਰ ਦਿਵਾਉਣ ਲਈ ਪੰਜਾਬੀ ਭਾਸ਼ਾ ਅਧਿਆਪਕਾਂ ਨੂੰ ਹਲੂਣਦਿਆਂ ਉਹਨਾਂ ਕਿਹਾ ਕਿ ਨੂੰ ‘ਅਧਿਆਪਕ ਦੀਵੇ ਦੀ ਤਰ੍ਹਾਂ ਹੋਐ’ | ਜਿਸ ਤਰ੍ਹਾਂ ਦੀਵਾ ਬਿਨ੍ਹਾਂ ਕਿਸੇ ਵਿਤਕਰੇ ਦੇ ਚਾਨਣ ਦਿੰਦਾ ਹੈ, ਉਸੇ ਤਰ੍ਹਾਂ ਉਹ ਵੀ ਇਸ ਇਲਾਕੇ ਦੇ ਬੱਚਿਆਂ ਦੀ ਮਾਂ-ਬੋਲੀ ਨੂੰ ਸਮਝਣ ਅਤੇ ਉਹਨਾਂ ਦੀ ਬੋਲੀ ਵਿੱਚ ਪੜ੍ਹਾਉਣ ਤਾਂ ਹੀ ਵਿਸ਼ੇਸ਼ ਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪੁਆਧ ਇਲਾਕੇ ਦੇ ਬੱਚਿਆਂ ਲਈ ਗਿਆਨ ਪ੍ਰਾਪਤੀ ਦਾ ਰਾਹ ਸੁਖਾਲਾ ਹੋ ਸਕੇਗਾ|
ਡਾ. ਬੈਦਾਵਾਨ ਨੇ ਸੈਮੀਨਾਰ ਵਿੱਚ ਸਾਰਾ ਭਾਸ਼ਣ ਪੁਆਧੀ ਉੱਪ-ਭਾਸ਼ਾ ਦੇ ਕੇ ਪੰਜਾਬ ਦੇ ਵੱਖ-ਵੱਖ ਖਿੱਤਿਆਂ ਤੋਂ ਇਸ ਜ਼ਿਲ੍ਹੇ ਵਿੱਚ ਕਾਰਜ਼ਸ਼ੀਲ ਅਧਿਆਪਕਾਂ ਨੂੰ ਪੁਆਧ ਦੇ ਮਿੱਠੇ ਬੋਲਾਂ ਨਾਲ਼ ਸਰੋਕਾਰ ਕੀਤਾ|| ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਦੱਸਿਆ ਕਿ ਪੁਆਧੀ ਨੂੰ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਨੇ ਵੀ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਵਰਤਿਆ ਹੈ|ਉਹਨਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਸਕੂਲਾਂ, ਵਿਸ਼ੇਸ਼ ਕਰ ਸਰਕਾਰੀ ਸਕੂਲਾਂ ਵਿੱਚ ਲਗ-ਪਗ ਸਾਰੇ ਵਿਦਿਆਰਥੀ ਪੁਆਧੀ ਉਪ-ਭਾਸ਼ਾ ਹੀ ਬੋਲਦੇ ਹਨ, ਇਸ ਕਰਕੇ ਪੁਆਧੀ ਦਾ ਗਿਆਨ ਅਧਿਅਪਕਾਂ ਨੂੰ ਵੀ ਹੋਣਾ ਜ਼ਰੂਰੀ ਹੈ| ਬੈਦਵਾਨ ਨੇ ਪੁਆਧੀ ਵਿੱਚ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਵਂੇ ਰੰਗ ਪੁਆਧ ਕੇ , ਮਿੱਟੀ ਦਾ ਮੰਤਰ, ਪੁਆਧ ਦੇ ਗੈਲ਼-ਗੈਲ਼ ਆਦਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ| ਪੰਜਾਬੀ ਯੂਨੀਵਰਸਿਟੀ ਦੇ ਕਹਿਣ ਤੇ ਆਪ ਨੇ ਭਗਤ ਆਸਾ ਰਾਮ ਦੇ ਜੀਵਨ ਤੇ ਪੁਸਤਕ ਦੀ ਰਚਨਾ ਕੀਤੀ| ਆਪ ਨੇ ਨੰਦ ਲਾਲ ਨੂਰਪੂਰੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਦੇ ਤੁਲਨਾਤਮਕ ਅਧਿਐਨ ਤੇ ਪੀ.ਐਚ.ਡੀ. ਕੀਤੀ| ‘ਰੰਗ ਪੁਆਧ ਕੇ’ ਪੁਸਤਕ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪੀ.ਐਚ.ਡੀ. ਕਰਵਾ ਰਹੀਆਂ ਹਨ|
ਡਾ. ਬੈਦਵਾਨ ਨੇ ਦੁੱਖ ਪ੍ਰਗਟ ਕੀਤਾ ਕਿ ਪ੍ਰਿੰਟ-ਮੀਡੀਆ ਦੇ ਨਾਲ਼-ਨਾਲ਼ ਇਲੈਕਟ੍ਰਾਨਿਕ -ਮੀਡੀਆ ਵੀ ਪੁਆਧੀ Tਪੁ-ਬੋਲੀ ਨੂੰ ਅਣਗੌਲਿਆਂ ਕਰ ਰਿਹਾ ਹੈ, ਜਦੋਂ ਕਿ ਇਲੈਕਟ੍ਰਾਨਿਕ-ਮੀਡੀਆ ਉੱਤੇ ਪ੍ਰਿੰਟ-ਮੀਡੀਆ ਵਾਂਗ ਭਾਸ਼ਾ ਦੇ ਮਿਆਰੀਕਰਨ ਦੇ ਅਖਾਉਤੀ ਬੰਨ੍ਹਣ ਨਹੀਂ ਹੁੰਦੇ|ਉਹਨਾਂ ਕਿਹਾ ਕਿ ਟੀ.ਵੀ. ਚੈਨਲਾਂ ਤੇ ਮਾਝੇ, ਮਾਲਵੇ ਤੇ ਦੁਆਬੇ ਦੀਆਂ ਖ਼ਬਰਾਂ ਤੇ ਹੋਰ ਪ੍ਰੋਗਰਾਮ ਤਾਂ ਦਿਨ-ਰਾਤ ਪ੍ਰਸਾਰਿਤ ਹੁੰਦੇ ਹਨ ਪਰ ਪੁਆਧ ਉਪ-ਭਾਸ਼ਾ ਦੀ ਉੱਕਾ ਖ਼ਬਰ-ਸਾਰ ਨਹੀਂ ਲਈ ਜਾਂਦੀ| |ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੁਆਧੀ ਉਪ-ਭਾਸ਼ਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ| ਪੁਆਧ ਇਲਾਕੇ ਦੇ ਸਹਿਤਕਾਰਾਂ ਨੂੰ ਉਹਨਾਂ ਉਚੇਚੀ ਅਪੀਲ ਕੀਤੀ ਕਿ ਆਪਣੀ ਉਪ-ਭਾਸ਼ਾ ਪੁਆਧੀ ਵਿੱਚ ਵੱਧ ਤੋਂ ਵੱਧ ਲਿਖਣ, ਬੇਸ਼ੱਕ ਪੁਆਧੀ ਵਿੱਚ ਲਿਖਣਾ ਬਹੁਤ ਔਖਾ ਹੈ| ਉਹਨਾਂ ਇਲਾਕੇ ਦੇ ਗੀਤਕਾਰਾਂ ਨੂੰ ਵੀ ਪੁਆਧੀ ਵਿੱਚ ਸੱਭਿਅਕ ਗੀਤ ਲਿਖਣ ਲਈ ਕਿਹਾ ਤਾਂਕਿ ਪੁਆਧ ਦੇ ਅਮੀਰ ਸੱਭਿਆਚਾਰ ਤੋਂ ਸੂਬੇ ਦੇ ਹੋਰ ਖਿੱਤਿਆਂ ਦੇ ਲੋਕ ਜਾਣੂੰ ਹੋ ਸਕਣ|
ਇਸ ਮੌਕੇ ਸੈਮੀਨਾਰ ਦੇ ਇੰਚਾਰਜ ਵਰਿੰਦਰ ਸੇਖੋਂ, ਪਰਵਿੰੰਦਰ ਸਿੰਘ, ਗੀਤਕਾਰ ਅਤੇ ਲੇਖਕ ਭੁਪਿੰਦਰ ਸਿੰਘ ਮਟੌਰੀਆ ਅਤੇ ਪੰਜਾਬੀ ਅਧਿਆਪਕ ਸ਼ਾਮਲ ਸਨ|

Leave a Reply

Your email address will not be published. Required fields are marked *