ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪੰਜਾਬ ਸਰਕਾਰ ਵੱਲੋਂ ਰੀਵਿਊ ਕਮੇਟੀ ਦੇ ਗਠਨ ਲਈ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਐਸ.ਏ.ਐਸ.ਨਗਰ, 3 ਸਤੰਬਰ (ਸ.ਬ.) ਕਰਮਚਾਰੀ ਜਥੇਬੰਦੀ ਸੀ.ਪੀ.ਐਫ. ਵੱਲੋਂ 2004 ਤੋਂ ਬਾਅਦ ਰੈਗੂਲਰ ਭਰਤੀ ਹੋਏ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹਿੱਤ ਦਿੱਤੇ ਸੰਘਰਸ਼ ਦੇ ਸੱਦੇ ਦੇ ਮੱਦੇਨਜਰ ਅੱਜ ਪੰਜਾਬ ਸਰਕਾਰ ਵੱਲੋਂ 2019 ਵਿੱਚ ਗਠਿਤ ਕੀਤੀ ਗਈ ਰਿਵਿਊ ਕਮੇਟੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ|
ਇਸ ਕਮੇਟੀ ਵੱਲੋਂ ਇੰਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹਿੱਤ ਕੋਈ ਸਾਰਥਕ ਕਦਮ ਨਹੀਂ ਉਠਾਏ ਗਏ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ| ਸਰਕਾਰ ਵੱਲੋਂ ਮੁਲਾਜਮਾਂ ਨੂੰ ਸਿਰਫ ਲਾਰੇ ਲਗਾਉਣ ਦੀ ਨੀਤੀ ਅਪਣਾਕੇ ਸਮਾਂ ਲੰਘਾਇਆ ਜਾ ਰਿਹਾ ਹੈ ਜਿਸ ਕਾਰਨ ਸਮੁੱਚੇ ਮੁਲਾਜਮ ਵਰਗ ਅੰਦਰ ਰੋਸ ਪਾਇਆ ਜਾ ਰਿਹਾ ਹੈ|
ਇਸ ਸਬੰਧੀ ਸੀ ਪੀ ਐਫ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸ਼ਿਵ ਕੁਮਾਰ ਰਾਣਾ, ਜ਼ਿਲ੍ਹਾ ਚੇਅਰਮੈਨ ਪ੍ਰਭਦੀਪ ਸਿੰਘ ਬੋਪਾਰਾਏ, ਜ਼ਿਲ੍ਹਾ ਜਨਰਲ ਸਕੱਤਰ ਅਮਿਤ ਕਟੋਚ, ਸਟੇਟ ਕਮੇਟੀ ਮੈਂਬਰ ਤੇਜਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਜਸਪ੍ਰੀਤ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਦੀਪਕ ਵਸ਼ਿਸ਼ਟ, ਮਨਜੋਤ ਸਿੰਘ ਕਲੇਰ, ਹਰਪ੍ਰੀਤ ਸਿੰਘ ਅਤੇ ਹੋਰਨਾਂ ਆਗੂਆਂ ਵੱਲੋਂ ਫੇਜ਼ 8 ਦੀਆਂ ਲਾਈਟਾਂ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ|
ਇਸ ਮੌਕੇ ਆਗੂਆਂ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕੋਵਿਡ ਦੇ ਚੱਲਦਿਆਂ ਮੁਲਾਜਮਾਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਦੇ ਸ਼ਬਦ ਵਰਤੇ ਜਾ ਰਹੇ ਹਨ ਜਦਕਿ ਵਿੱਤ ਮੰਤਰੀ ਸਮੇਤ ਸਮੁੱਚੇ ਰਾਜਨੀਤਿਕ ਆਗੂ, ਵਿਧਾਇਕ ਅਤੇ ਐਮ.ਪੀ. ਕਈ ਕਈ ਪੈਨਸ਼ਨਾਂ ਲੈ ਰਹੇ ਹਨ ਅਤੇ ਆਪਣੀਆਂ ਤਨਖਾਹਾਂ, ਪੈਨਸ਼ਨਾਂ ਅਤੇ ਭੱਤਿਆਂ ਵਿੱਚ ਕੋਈ ਕਟੌਤੀ ਨਹੀਂ ਕਰਵਾ ਰਹੇ ਹਨ| ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਵਲੋਂ ਮੁਲਾਜਮ ਆਗੂਆਂ ਨਾਲ ਕੀਤੇ ਵਾਅਦਿਆਂ ਦੇ ਉਲਟ ਪੰਜਾਬ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ|

Leave a Reply

Your email address will not be published. Required fields are marked *