ਪੁਰਾਣੇ ਸਾਥੀਆਂ ਨੂੰ ਮਣਾਉਣ ਦੀ ਭਾਜਪਾ ਪ੍ਰਧਾਨ ਦੀ ਕਵਾਇਦ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਇਸ ਸਮੇਂ ਐਨ ਡੀ ਏ ਦੇ ਆਪਣੇ ਸਾਥੀਆਂ ਦੇ ਨਾਲ ਮੀਟਿੰਗਾਂ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਉਹਨਾਂ ਵਲੋਂ ਆਪਣੇ ਗਠਜੋੜ ਦੇ ਸਾਥੀਆਂ ਨਾਲ ਮੁਲਾਕਾਤਾਂ ਦਾ ਦੌਰ ਚਲਾ ਕੇ ਉਹਨਾਂ ਦੀ ਭਾਜਪਾ ਪ੍ਰਤੀ ਨਾਰਾਜਗੀ ਦੂਰ ਕਰਨ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੂੰ ਆਪਣੇ ਨਾਲ ਗਠਜੋੜ ਕਾਇਮ ਰੱਖ ਕੇ ਚੋਣਾਂ ਲੜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ| ਇਸ ਦੌਰਾਨ ਦੋ ਦਿਨ ਪਹਿਲਾਂ ਉਹਨਾਂ ਵਲੋਂ ਮੁੰਬਈ ਜਾ ਕੇ ਸ਼ਿਵਸੈਨਾ ਦੇ ਮੁਖੀ ਸ੍ਰੀ ਉੱਧਵ ਠਾਕਰੇ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਬੀਤੇ ਕੱਲ ਉਹਨਾਂ ਨੇ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਹੈ|
ਪਿਛਲੇ ਸਮੇਂ ਦੌਰਾਨ ਹੋਈਆਂ ਜਿਮਣੀ ਚੋਣਾਂ ਵਿੱਚ ਹੋਈ ਭਾਜਪਾ ਉਮੀਦਵਾਰਾਂ ਦੀ ਲਗਾਤਾਰ ਹਾਰ ਨੇ ਭਾਜਪਾ ਦੇ ਪੈਰਾਂ ਦੇ ਥੱਲੋਂ ਜਮੀਨ ਖਿਸਕਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਨੂੰ ਨਵੇਂ ਸਿਰੇ ਤੋਂ ਆਪਣੇ ਪੁਰਾਣੇ ਸਾਥੀਆਂ ਦੀ ਯਾਦ ਆਉਣ ਲੱਗ ਪਈ ਹੈ| ਵਰਨਾ ਪਿਛਲੇ ਚਾਰ ਸਾਲਾਂ ਦੌਰਾਨ ਭਾਜਪਾ ਵਲੋਂ ਆਪਣੇ ਗਠਜੋੜ ਦੇ ਸਹਿਯੋਗੀਆਂ ਨਾਲ ਜਿਹੜਾ ਸਲੂਕ ਕੀਤਾ ਜਾਂਦਾ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ| ਐਨ ਡੀ ਏ ਵਿੱਚ ਸ਼ਾਮਿਲ ਲਗਭਗ ਸਾਰੇ ਹੀ ਸਹਿਯੋਗੀਆਂ ਵਲੋਂ ਸਮੇਂ ਸਮੇਂ ਤੋਂ ਭਾਜਪਾ ਵਲੋਂ ਉਹਨਾਂ ਨੂੰ ਅਣਗੌਲਿਆ ਕੀਤੇ ਜਾਣ ਦੇ ਇਲਜਾਮ ਵੀ ਲਗਾਏ ਜਾਂਦੇ ਰਹੇ ਹਨ| ਐਨ ਡੀ ਏ ਦੇ ਇੱਕ ਅਹਿਮ ਸਹਿਯੋਗੀ (ਤੇਲਗੂ ਦੇਸ਼ਮ ਪਾਰਟੀ) ਵਲੋਂ ਭਾਜਪਾ ਤੋਂ ਤੋੜ ਵਿਛੋੜਾ ਵੀ ਕੀਤਾ ਜਾ ਚੁੱਕਿਆ ਹੈ|
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਵਲੋਂ ਆਪਣੇ ਗਠਜੋੜ ਦੇ ਸਹਿਯੋਗੀਆਂ ਨਾਲ ਚਲਾਈ ਗਈ ਇਸ ਸੰਪਰਕ ਮੁਹਿੰਮ ਦੇ ਕੀ ਨਤੀਜੇ ਨਿਕਲਣਗੇ ਅਤੇ ਭਾਜਪਾ ਆਪਣੇ ਇਹਨਾਂ ਪੁਰਾਣੇ ਸਾਥੀਆਂ ਨੂੰ ਨਾਲ ਲੈ ਕੇ ਚਲਣ ਵਿੱਚ ਕਿਸ ਹੱਦ ਤਕ ਕਾਮਯਾਬ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਪਿਛਲੇ ਸਾਲਾਂ ਦੌਰਾਨ ਭਾਜਪਾ ਆਗੂਆਂ ਵਲੋਂ ਆਪਣੇ ਗਠਜੋੜ ਦੇ ਸਹਿਯੋਗੀਆਂ ਨਾਲ ਜਿਹੜਾ ਸਲੂਕ ਕੀਤਾ ਜਾਂਦਾ ਰਿਹਾ ਹੈ ਅਤੇ ਹਰ ਥਾਂ ਤੇ ਖੁਦ ਨੂੰ ਮੋਹਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਉਸ ਕਾਰਨ ਉਸਦੀਆਂ ਸਹਿਯੋਗੀ ਪਾਰਟੀਆਂ ਵਿਚਲੀ ਨਾਰਜਗੀ ਇੰਨੀ ਛੇਤੀ ਦੂਰ ਹੁੰਦੀ ਨਹੀਂ ਦਿਖਦੀ| ਇਸ ਸੰਬੰਧੀ ਸ਼ਿਵ ਸੈਨਾ ਵੱਲੋਂ ਸ਼ਾਹ-ਠਾਕਰੇ ਮੁਲਾਕਾਤ ਤੋਂ ਬਾਅਦ 2019 ਵਿੱਚ ਇਕੱਲੇ ਤੌਰ ਤੇ ਚੋਣ ਲੜਣ ਸੰਬੰਧੀ ਕੀਤੇ ਗਏ ਐਲਾਨ ਨਾਲ ਭਾਜਪਾ ਦੀ ਇਸ ਮੁਹਿੰਮ ਨੂੰ ਝਟਕਾ ਵੀ ਲੱਗਿਆ ਹੈ| ਅਕਾਲੀ ਦਲ ਵਲੋਂ ਭਾਵੇਂ ਸ੍ਰੀ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਾਫੀ ਹਾਂ ਪੱਖੀ ਰੁੱਖ ਜਾਹਿਰ ਕੀਤਾ ਗਿਆ ਹੈ ਪਰੰਤੂ ਇਸ ਦੌਰਾਨ ਅਕਾਲੀ ਦਲ ਵਲੋਂ ਜਿਹੜੇ ਮੁੱਦੇ ਚੁੱਕੇ ਗਏ ਹਨ ਉਹਨਾਂ ਤੇ ਅਮਲ ਕਰਨ ਕੀਤੇ ਬਿਨਾਂ ਗਠਜੋੜ ਦੇ ਇਹ ਸਹਿਯੋਗੀ ਇਕੱਠੇ ਚਲ ਪਾਉਣਗੇ ਇਹ ਕਹਿਣਾ ਮੁਸ਼ਕਿਲ ਲੱਗਦਾ ਹੈ|
ਭਾਜਪਾ ਵਲੋਂ ਪਿਛਲੇ ਸਮੇਂ ਦੌਰਾਨ ਬਿਹਾਰ ਵਿੱਚ ਸ੍ਰੀ ਨੀਤੀਸ਼ ਕੁਮਾਰ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਬਿਹਾਰ ਵਿਚਲੀਆਂ ਐਨ ਡੀ ਏ ਦੀਆਂ ਸਹਿਯੋਗੀ ਪਾਰਟੀਆਂ ਵੀ ਘੁਟਨ ਮਹਿਸੂਸ ਕਰ ਰਹੀਆਂ ਹਨ| ਇਸਦਾ ਕਾਰਨ ਇਹ ਹੈ ਕਿ ਨੀਤੀਸ਼ ਕੁਮਾਰ ਵਲੋਂ ਸੂਬੇ ਦੀਆਂ 40 ਵਿੱਚੋਂ 25 ਸੀਟਾਂ ਤੇ ਦਾਅਵਾ ਜਤਾਇਆ ਜਾ ਰਿਹਾ ਹੈ ਜਦੋਂਕਿ ਪਿਛਲੀ ਵਾਰ ਹੋਈਆਂ ਚੋਣਾਂ ਮੌਕੇ 40 ਵਿੱਚੋਂ 11 ਸੀਟਾਂ ਆਪਣੀਆਂ ਸਹਿਯੋਗੀ ਪਾਰਟੀਆਂ ਲਈ ਛੱਡੀਆਂ ਸਨ| ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਲੱਗ ਰਿਹਾ ਹੈ ਕਿ ਜੇਕਰ ਨੀਤੀਸ਼ ਕੁਮਾਰ ਦੀ ਪਾਰਟੀ ਵਾਸਤੇ ਜਿਆਦਾ ਸੀਟਾਂ ਛੱਡੀਆਂ ਗਈਆਂ ਤਾਂ ਉਹਨਾਂ ਦੀਆਂ ਸੀਟਾਂ ਘੱਟ ਹੋ ਜਾਣਗੀਆਂ ਅਤੇ ਇਸ ਕਾਰਨ ਉੱਥੇ ਵੀ ਗਠਜੋੜ ਦੇ ਸਹਿਯੋਗੀਆਂ ਨੂੰ ਮਣਾਉਣ ਦੀ ਲੋੜ ਪੈਂਦੀ ਹੈ|
ਪਿਛਲੀ ਵਾਰ ਹੋਈਆਂ ਚੋਣਾਂ ਦੌਰਾਨ ਭਾਜਪਾ ਨੂੰ ਆਪਣੇ ਤੌਰ ਤੇ ਸਪਸ਼ਟ ਬਹੁਮਤ ਹਾਸਿਲ ਹੋ ਗਿਆ ਸੀ ਅਤੇ ਉਸ ਵਲੋਂ ਭਾਵੇਂ ਆਪਣੇ ਗਠਜੋੜ ਦੇ ਸਹਿਯੋਗੀਆਂ ਨੂੰ ਕੈਬਿਨਟ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰੰਤੂ ਇਹਨਾਂ ਕੈਬਿਨਟ ਸਹਿਯੋਗੀਆਂ ਨੂੰ ਜਿਹੜੇ ਮਹਿਕਮੇ ਦਿੱਤੇ ਗਏ ਸੀ ਉਹ ਘੱਟ ਅਹਿਮੀਅਤ ਵਾਲੇ ਹੋਣ ਕਾਰਨ ਸ਼ੁਰੂਆਤ ਤੋਂ ਹੀ ਅਸੰਤੁਸ਼ਟੀ ਦੇ ਸੁਰ ਉਠਣੇ ਸ਼ੁਰੂ ਹੋ ਗਏ ਸੀ| ਭਾਜਪਾ ਅਗਵਾਈ ਵਲੋਂ ਕੋਈ ਪਰਵਾਹ ਨਾ ਕੀਤੇ ਜਾਣ ਤੇ ਗਠਜੋੜ ਦੇ ਸਹਿਯੋਗੀ ਵੀ ਮਜਬੂਰੀ ਵਿੱਚ ਵਕਤ ਟਪਾਉਂਦੇ ਰਹੇ| ਇਸ ਦੌਰਾਨ ਸ਼ਿਵ ਸੈਨਾ ਦੇ ਨਾਲ ਭਾਜਪਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਹੀ ਰਹੇ ਅਤੇ ਪਿਛਲੀ ਵਾਰ ਹੋਈਆਂ ਮੁੰਬਈ ਵਿਧਾਨਸਭਾ ਦੀਆਂ ਚੋਣਾਂ ਮੌਕੇ ਵੀ ਦੋਵੇਂ ਪਾਰਟੀਆਂ ਵੱਖ ਵੱਖ ਹੋ ਕੇ ਲੜੀਆਂ ਸਨ|
ਇਹ ਗੱਲ ਹੋਰ ਹੈ ਕਿ ਸਰਕਾਰ ਬਣਾਉਣ ਵੇਲੇ ਇਹ ਫਿਰ ਇਕੱਠੀਆਂ ਹੋ ਗਈਆਂ ਅਤੇ ਹੋ ਸਕਦਾ ਹੈ ਕਿ ਆਪਣੀਆਂ ਸ਼ਰਤਾਂ ਮਣਾਉਣ ਤੋਂ ਬਾਅਦ ਇਸ ਵਾਰ ਵੀ ਸ਼ਿਵ ਸੈਨਾ ਭਾਜਪਾ ਦੇ ਨਾਲ ਗਠਜੋੜ ਵਾਸਤੇ ਤਿਆਰ ਹੋ ਜਾਵੇ| ਮੌਜੂਦਾ ਰਾਜਨੀਤਿਕ ਮਾਹੌਲ ਅਤੇ ਆਪਣੇ ਲਗਾਤਾਰ ਘੱਟ ਰਹੇ ਜਨ ਆਧਾਰ ਦੇ ਕਾਰਨ ਭਾਜਪਾ ਦੀ ਇਹ ਮਜਬੂਰੀ ਹੈ ਕਿ ਉਹ ਆਪਣੇ ਇਹਨਾਂ ਪੁਰਾਣੇ ਸਾਥੀਆਂ ਨੂੰ ਆਪਣੇ ਨਾਲ ਖੜ੍ਹਾ ਹੋਣ ਲਈ ਸਹਿਮਤ ਕਰੇ ਵਰਨਾ ਇਸ ਵਾਰ ਦਿੱਲੀ ਦੀ ਸੱਤਾ ਤੇ ਕਾਬਿਜ ਹੋਣਾ ਉਸ ਲਈ ਔਖਾ ਹੋ ਸਕਦਾ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਸਹਿਯਗੀਆਂ ਨੂੰ ਮਣਾਉਣ ਲਈ ਉਹਨਾਂ ਦੇ ਦਰਵਾਜੇ ਤੇ ਜਾਣਾ ਪੈ ਰਿਹਾ ਹੈ|

Leave a Reply

Your email address will not be published. Required fields are marked *