ਪੁਲਾੜੀ ਖੋਜਾਂ ਤੋਂ ਲੈ ਕੇ ਬਿੱਗ ਬੈਂਗ ਥਿਊਰੀ ਤੱਕ ਵਿਗਿਆਨ ਦਾ ਪ੍ਰਸਾਰ


ਹਾਲ ਹੀ ਵਿੱਚ ਚੀਨ ਨੇ ‘ਚਾਂਗ ਈ – 5’ ਨਾਮਕ ਇੱਕ ਸਪੇਸ ਕ੍ਰਾਫਟ ਚੰਨ ਤੇ ਭੇਜਿਆ ਜੋ ਉੱਥੋਂ ਮਿੱਟੀ ਅਤੇ ਚੱਟਾਨਾਂ ਦੇ ਸੈਂਪਲ ਲੈ ਕੇ ਧਰਤੀ ਤੇ ਆਇਆ। ਚੀਨ ਦੇ ਮੂਨ ਸੈਂਪਲ ਮਿਸ਼ਨ ਤੋਂ ਠੀਕ ਪਹਿਲਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਦਰਮਾ ਤੇ ਪਾਣੀ ਦੀ ਮੌਜੂਦਗੀ ਦੀ ਪ੍ਰਤੱਖ ਪੁਸ਼ਟੀ ਦਾ ਦਾਅਵਾ ਕੀਤਾ ਸੀ। ਨਾਸਾ ਨੇ ਆਪਣੇ ਆਰਟੇਮਿਸ ਮੂਨ ਮਿਸ਼ਨ ਦੀ ਰੂਪ ਰੇਖਾ ਵੀ ਪ੍ਰਕਾਸ਼ਿਤ ਕੀਤੀ ਹੈ। ਇਸ ਮਿਸ਼ਨ ਰਾਹੀਂ ਨਾਸਾ 48 ਸਾਲ ਬਾਅਦ ਮਨੁੱਖਾਂ ਨੂੰ ਇੱਕ ਵਾਰ ਫਿਰ ਤੋਂ ਚੰਨ ਤੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਹ ਇਸ ਦਹਾਕੇ ਦਾ ਸਭ ਤੋਂ ਖਾਸ ਅਤੇ ਮਹੱਤਵਪੂਰਣ ਮਿਸ਼ਨ ਹੋਣ ਜਾ ਰਿਹਾ ਹੈ ਅਤੇ ਇਹ ਸਪੇਸ ਐਕਸਪਲੋਰੇਸ਼ਨ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਹ ਮਿਸ਼ਨ ਚੰਨ ਤੋਂ ਸ਼ੁਰੂ ਜਰੂਰ ਹੋਵੇਗਾ ਪਰ ਭਵਿੱਖ ਵਿੱਚ ਪ੍ਰਸਤਾਵਿਤ ਮੰਗਲ ਅਭਿਆਨ ਅਤੇ ਹੋਰ ਪੁਲਾੜ ਅਭਿਆਨਾਂ ਲਈ ਵੀ ਮੀਲ ਪੱਥਰ ਸਾਬਿਤ ਹੋਵੇਗਾ।
ਅਪੋਲੋ ਮਿਸ਼ਨ ਤੋਂ ਬਾਅਦ ਲੱਗਭਗ ਚਾਰ ਦਹਾਕਿਆਂ ਤੱਕ ਚੰਨ ਅਭਿਆਨਾਂ ਦੇ ਪ੍ਰਤੀ ਇੱਕ ਬੇਰੁਖੀ ਜਿਹੀ ਬਣੀ ਰਹੀ ਪਰ ਹੁਣ ਚੰਨ ਦੀ ਚਾਹਤ ਦੁਬਾਰਾ ਵੱਧ ਰਹੀ ਹੈ। ਚੰਦਰਯਾਨ-2 ਮਿਸ਼ਨ ਦੀ ਅਸਫਲਤਾ ਨੇ ਇਸਰੋ ਨੂੰ ਇਸਦੇ ਉੱਨਤ ਸੰਸਕਰਣ ਚੰਦਰਯਾਨ-3 ਲਈ ਨਵੇਂ ਜੋਸ਼ ਦੇ ਨਾਲ ਪ੍ਰੇਰਿਤ ਕੀਤਾ ਹੈ। ਰੂਸ ਅਤੇ ਚੀਨ ਵੀ 2024 ਤੱਕ ਚੰਦਰਮਾ ਤੇ ਆਪਣੇ ਪੁਲਾੜ ਯਾਤਰੀ ਉਤਾਰਣ ਦੀ ਤਿਆਰੀ ਕਰ ਰਹੇ ਹਨ। ਇਹੀ ਨਹੀਂ, ਕਈ ਨਿੱਜੀ ਕੰਪਨੀਆਂ ਚੰਨ ਤੇ ਉਪਕਰਨ ਪਹੁੰਚਾਉਣ ਅਤੇ ਪ੍ਰਯੋਗਾਂ ਨੂੰ ਰਫਤਾਰ ਦੇਣ ਦੇ ਉਦੇਸ਼ ਨਾਲ ਨਾਸਾ ਦਾ ਠੇਕਾ ਹਾਸਿਲ ਕਰਨ ਦੀ ਲਾਈਨ ਵਿੱਚ ਖੜ੍ਹੀਆਂ ਹਨ। ਇਸ ਦਹਾਕੇ ਵਿੱਚ ਚੰਨ ਦਾ ਇਨਸਾਨੀ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਬਣਨਾ ਇਸ ਲਿਹਾਜ਼ ਨਾਲ ਵੀ ਤੈਅ ਲੱਗ ਰਿਹਾ ਹੈ ਕਿ ਉੱਥੇ ਖਨਨ ਕਰਨ ਤੋਂ ਲੈ ਕੇ ਹੋਟਲ ਬਣਾਉਣ ਅਤੇ ਮਨੁੱਖੀ ਬਸਤੀਆਂ ਵਸਾਉਣ ਤੱਕ ਦੀਆਂ ਯੋਜਨਾਵਾਂ ਤੇ ਕੰਮ ਚੱਲ ਰਿਹਾ ਹੈ।
ਹਾਲ ਦੇ ਸਾਲਾਂ ਵਿੱਚ ਹੋਏ ਅਨੁਸੰਧਾਨਾਂ ਨਾਲ ਇਹ ਪਤਾ ਚੱਲਦਾ ਹੈ ਕਿ ਭਵਿੱਖ ਵਿੱਚ ਮੱਨੁਖਾਂ ਵਲੋਂ ਰਿਹਾਇਸ਼ੀ ਕਲੋਨੀ ਬਣਾਉਣ ਲਈ ਸਭਤੋਂ ਢੁਕਵੀਂ ਥਾਂ ਸਾਡਾ ਗੁਆਂਢੀ ਗ੍ਰਹਿ ਮੰਗਲ ਹੈ। ਨਾਸਾ ਨੇ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਲਾਲ ਗ੍ਰਹਿ ਤੇ ਕਦਮ ਰੱਖਣ ਦੀ ਯੋਜਨਾ ਬਣਾਈ ਸੀ, ਪਰ ਰਾਜਨੀਤਕ ਅਤੇ ਸਮਾਜਿਕ ਪ੍ਰਾਥਮਿਕਤਾਵਾਂ ਵਿੱਚ ਬਦਲਾਅ ਦੀ ਵਜ੍ਹਾ ਨਾਲ ਉਹ ਯੋਜਨਾ ਠੰਡੇ ਬਸਤੇ ਵਿੱਚ ਚੱਲੀ ਗਈ। ਹਾਲਾਂਕਿ ਇਸ ਦਹਾਕੇ ਵਿੱਚ ਵੀ ਮੰਗਲ ਤੇ ਮੱਨੁਖੀ ਮਿਸ਼ਨ ਭੇਜਣ ਦੀ ਕੋਈ ਗੱਲ ਨਹੀਂ ਹੈ, ਪਰ ਮੰਗਲ ਅਨਵੇਸ਼ਣ ਲਈ ਵੱਖ-ਵੱਖ ਦੇਸ਼ਾਂ ਦੀ ਰੋਵਰ, ਮਾਇਕਰੋਸੈਟਲਾਇਟਸ, ਆਰਬਿਟਰ ਆਦਿ ਲਾਂਚ ਕਰਨ ਦੀਆਂ ਕਈ ਯੋਜਨਾਵਾਂ ਹਨ। ਅਸੀਂ ਕਹਿ ਸਕਦੇ ਹਾਂ ਕਿ ਮੰਗਲ ਇੱਕ ਵਾਰ ਫਿਰ ਮਨੁੱਖ ਦੇ ਸਪਨਿਆਂ ਦੀ ਨਵੀਂ ਮੰਜ਼ਿਲ ਬਣ ਗਿਆ ਹੈ। ਸਪੇਸਐਕਸ ਅਤੇ ਬਲੂ ਓਰਿਜਿਨ ਵਰਗੀਆਂ ਨਿੱਜੀ ਕੰਪਨੀਆਂ ਦੀ ਬਦੌਲਤ ਇਸ ਮੰਜਿਲ ਤੱਕ ਦੌੜ ਨਵੇਂ ਦਹਾਕੇ ਵਿੱਚ ਹੋਰ ਵੀ ਤੇਜ ਹੋਣ ਜਾ ਰਹੀ ਹੈ।
ਇਹ ਪਹਿਲਾਂ ਹੀ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਕਿ ਜੇਕਰ 20ਵੀਂ ਸਦੀ ਭੌਤਿਕ ਵਿਗਿਆਨ ਦੀ ਸਦੀ ਸੀ ਤਾਂ 21ਵੀਂ ਸਦੀ ਜੈਵ-ਤਕਨੀਕੀ (ਬਾਇਓਟੈਕਨਾਲਜੀ) ਦੀ ਸਦੀ ਹੋਵੇਗੀ। ਪਿਛਲੇ ਕੁੱਝ ਸਾਲਾਂ ਵਿੱਚ ਜੀਵ ਵਿਗਿਆਨ ਵਿੱਚ ਹੈਰਾਨ ਕਰ ਦੇਣ ਵਾਲੇ ਅਨੁਸੰਧਾਨ ਸਾਹਮਣੇ ਆਏ ਹਨ। ਅੱਜ ਜੀਨ ਇੰਜੀਨਿਅਰਿੰਗ ਅਤੇ ਬਾਇਓਟੈਕਨਾਲਜੀ ਦੇ ਖੇਤਰ ਵਿੱਚ ਵਿਗਿਆਨਿਕ ਵਿਕਾਸ ਦੀ ਰਫਤਾਰ ਇੰਨੀ ਤੇਜ ਹੈ ਕਿ ਇਹ ਤੈਅ ਕਰਨਾ ਮੁਸ਼ਕਿਲ ਹੋ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਮਨੁੱਖੀ ਸਭਿਅਤਾ ਦਾ ਕੀ ਸਰੂਪ ਹੋਵੇਗਾ। ਮਨੁੱਖੀ ਚਿੰਤਨ ਅਤੇ ਨੈਤਿਕਤਾ ਦਾ ਪੈਮਾਨਾ ਕੀ ਹੋਵੇਗਾ? ਕੀ ਇਨ੍ਹਾਂ ਦਾ ਵੀ ਫੈਸਲਾ ਜੀਨ ਇੰਜੀਨਿਅਰਿੰਗ ਅਤੇ ਬਾਇਓਟੈਕਨਾਲਜੀ ਰਾਹੀਂ ਹੀ ਹੋਵੇਗਾ? ਜੀਨ ਐਡਿਟਿੰਗ ਟੈਕਨਾਲਜੀ ਆਉਣ ਵਾਲੇ ਦਹਾਕੇ ਵਿੱਚ ਖਾਨਦਾਨੀ ਬੀਮਾਰੀਆਂ ਦਾ ਇਲਾਜ ਕਰਨ ਦੀ ਦਿਸ਼ਾ ਵਿੱਚ ਕਾਫੀ ਮਹੱਤਵਪੂਰਣ ਸਾਬਿਤ ਹੋ ਸਕਦੀ ਹੈ। ਇਸਦੀਆਂ ਸੰਭਾਵਨਾਵਾਂ ਹੈਰਾਨ ਕਰਨ ਵਾਲੀਆਂ ਹਨ।
ਬਹਿਰਹਾਲ, ਇਹ ਵੀ ਸੱਚ ਹੈ ਕਿ ਗਿਆਨ ਦੋ-ਧਾਰੀ ਤਲਵਾਰ ਦੀ ਤਰ੍ਹਾਂ ਹੁੰਦਾ ਹੈ। ਇਸਦੀ ਵਰਤੋਂ ਵਿਕਾਸ ਲਈ ਹੋ ਸਕਦੀ ਹੈ ਤਾਂ ਵਿਨਾਸ਼ ਲਈ ਵੀ ਹੋ ਸਕਦੀ ਹੈ। ਖੁਸ਼ਹਾਲੀ ਅਤੇ ਤੰਦਰੁਸਤੀ ਦੇ ਅਨੋਖੇ ਪੱਧਰਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਦਾ ਅਗਲਾ ਟੀਚਾ ਅਮਰਤਾ ਅਤੇ ਸੁੰਦਰਤਾ ਹੋਣਗੇ। ਪ੍ਰਸਿੱਧ ਲੇਖਕ ਯੁਵਾਲ ਨੋਆ ਹਰਾਰੀ ਆਪਣੀ ਕਿਤਾਬ ‘ਹੋਮੋਂ ਡੇਇਸ’ ਵਿੱਚ ਲਿਖਦੇ ਹਨ ਕਿ 21ਵੀਂ ਸਦੀ ਵਿੱਚ ਮਨੁੱਖਾਂ ਵਲੋਂ ਅਮਰਤਾ ਹਾਸਿਲ ਕਰਨ ਦੇ ਗੰਭੀਰ ਯਤਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਮਨੁੱਖ ਇਸ ਕੋਸ਼ਿਸ਼ ਵਿੱਚ ਲਗਾਤਾਰ ਲੱਗਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਬੁਢਾਪੇ ਤੇ ਕਾਬੂ ਪਾ ਲਵੇ। ਦੁਨੀਆ ਭਰ ਵਿੱਚ ਇਸਦੇ ਲਈ ਵਿਗਿਆਨਿਕ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਕਾਰਜਸ਼ੀਲ ਹਨ। ਹਾਲਾਂਕਿ ਕੋਈ ਮਨੁੱਖ ਜਿੰਦਗੀ ਭਰ ਜਵਾਨ ਹੀ ਬਣਿਆ ਰਹੇ, ਇਹ ਤਾਂ ਸੰਭਵ ਨਹੀਂ ਹੈ ਪਰ ਕੁੱਝ ਕੋਸ਼ਿਸ਼ਾਂ ਰਾਹੀਂ ਉਮਰ ਵਧਣ ਦੀ ਰਫਤਾਰ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ। ਇਸ ਦਹਾਕੇ ਵਿੱਚ ਅਮਰਤਾ ਅਨੁਸੰਧਾਨ ਦੇ ਕਈ ਪ੍ਰੋਜੈਕਟ ਪ੍ਰਸਤਾਵਿਤ ਹਨ, ਜਿਨ੍ਹਾਂ ਵਿੱਚ ਡਿਜੀਟਲ ਅਮਰਤਾ ਜਾਂ ਬਰੇਨ ਅਪਲੋਡ ਵੀ ਸ਼ਾਮਿਲ ਹੈ।
ਦੁਨੀਆ ਦੀ ਸਭਤੋਂ ਵੱਡੀ ਮਸ਼ੀਨ ਐਲਐਚਸੀ (ਲਾਰਜ ਹੈਡਰਾਨ ਕੋਲਾਇਡਰ) ਰਾਹੀਂ ਅਗਲੇ ਸਾਲਾਂ ਵਿੱਚ ਮੁੱਢਲੇ ਕਣਾਂ ਤੇ ਪ੍ਰਯੋਗ ਫਿਰ ਚਾਲੂ ਹੋਣ ਦੇ ਵੀ ਲੱਛਣ ਹਨ। ਐਲਐਚਸੀ ਦੀ ਸੁਰੰਗ ਵਿੱਚ ਪਰਮਾਣੂ ਦੇ ਪ੍ਰੋਟਾਨ ਕਣਾਂ ਜਾਂ ਲੇਡ ਆਇਨਾਂ ਨੂੰ ਬਹੁਤ ਜ਼ਿਆਦਾ ਊਰਜਾ ਦੇ ਕੇ ਤਕਰੀਬਨ ਪ੍ਰਕਾਸ਼ ਦੀ ਰਫਤਾਰ ਨਾਲ ਦੌੜਾਉਂਦੇ ਹੋਏ ਆਪਸ ਵਿੱਚ ਟਕਰਾਇਆ ਜਾਂਦਾ ਹੈ। ਇਸ ਟੱਕਰ ਦੇ ਫਲਸਰੂਪ ਕਣਾਂ ਦੇ ਅੰਦਰਲੇ ਹੋਰ ਵੀ ਸੂਖਮ ਕਣ ਟੁੱਟ ਕੇ ਬਿਖਰ ਜਾਂਦੇ ਹਨ। ਇਸ ਪ੍ਰਕਾਰ ਅਜਿਹੇ ਹੋਰ ਵੀ ਮੁੱਢਲੇ ਕਣਾਂ ਦਾ ਪਤਾ ਚੱਲਦਾ ਹੈ, ਜੋ ਹੁਣ ਤੱਕ ਅਗਿਆਤ ਸਨ ਜਾਂ ਜਿਨ੍ਹਾਂ ਦੀ ਹੋਂਦ ਨੂੰ ਸਿੱਧ ਨਹੀਂ ਕੀਤਾ ਜਾ ਸਕਿਆ ਸੀ। ਹਿਗਸ-ਬੋਸਾਨ ਜਾਂ ਗਾਡ ਪਾਰਟਿਕਲ ਦੇ ਵਜੂਦ ਨੂੰ ਇਸੇ ਤਰ੍ਹਾਂ ਸਿੱਧ ਕੀਤਾ ਗਿਆ ਸੀ। ਇਸ ਦਿਸ਼ਾ ਵਿੱਚ ਨਵੀਂ ਮਸ਼ੀਨ ਐਫਸੀਸੀ (ਫਿਊਚਰ ਸਰਕਿਉਲਰ ਕੋਲਾਇਡਰ) ਦੀ ਉਸਾਰੀ ਦਾ ਪਹਿਲਾ ਪੜਾਅ 2030 ਦੇ ਦਹਾਕੇ ਦੇ ਅੰਤ ਤੱਕ ਪੂਰਾ ਹੋਣ ਦਾ ਅਨੁਮਾਨ ਹੈ।
ਇਹ ਮਸ਼ੀਨ ਐਲਐਚਸੀ ਤੋਂ ਕਈ ਗੁਣਾ ਵੱਡੀ ਅਤੇ ਸ਼ਕਤੀਸ਼ਾਲੀ ਹੋਵੇਗੀ। ਐਫਸੀਸੀ ਦੀ ਉਸਾਰੀ ਬ੍ਰਹਿਮੰਡ ਦੀ ਉਤਪੱਤੀ ਤੋਂ ਪਹਿਲਾ ਨੈਨੋ ਸੈਕਿੰਡਾਂ ਦੀ ਸਥਿਤੀ ਨੂੰ ਸਮਝਣ ਲਈ ਕੀਤੀ ਜਾ ਰਹੀ ਹੈ। ਬਿੱਗ ਬੈਂਗ ਵਾਲੀ ਸਥਿਤੀ ਵੀ ਪ੍ਰਯੋਗਸ਼ਾਲਾ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਫ ਹੈ, ਵਿਗਿਆਨਿਕ ਪ੍ਰਯੋਗਾਂ ਦੇ ਨਤੀਜਿਆਂ ਬਾਰੇ ਪਹਿਲਾਂ ਤੋਂ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਮੌਜੂਦਾ ਚਲਨ ਦੇ ਮੱਦੇਨਜਰ ਇਸ ਗੱਲ ਦੇ ਆਸਾਰ ਪੂਰੇ ਲੱਗਦੇ ਹਨ ਕਿ ਕਈ ਉਤਾਰ-ਚੜ੍ਹਾਅ ਤੋਂ ਹੋ ਕੇ ਇੱਥੇ ਤੱਕ ਪਹੁੰਚੀ ਮਨੁੱਖ ਜਾਤੀ ਦੀ ਵਿਕਾਸ ਯਾਤਰਾ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਕਈ ਅਹਿਮ ਅਤੇ ਦਿਲਚਸਪ ਮੋੜਾਂ ਦਾ ਗਵਾਹ ਬਣੇਗੀ।
ਪ੍ਰਦੀਪ

Leave a Reply

Your email address will not be published. Required fields are marked *