ਪੁਲਾੜ ਵਿਗਿਆਨ ਦੀ ਦੁਨੀਆ ਵਿੱਚ ਇਸਰੋ ਨੇ ਰਚਿਆ ਇਤਿਹਾਸ, ਇਕੱਠੇ ਲਾਂਚ ਕੀਤੇ 104 ਉਪਗ੍ਰਹਿ

ਸ੍ਰੀਹਰਿਕੋਟਾ (ਆਂਧਰਾ ਪ੍ਰਦੇਸ਼), 15 ਫਰਵਰੀ (ਸ.ਬ.) ਭਾਰਤ ਦੇ ਪੁਲਾੜ ਮਿਸ਼ਨ ਲਈ ਅੱਜ ਇਕ ਇਤਿਹਾਸਕ ਦਿਨ ਰਿਹਾ| ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਇਕੱਠੇ 104 ਉਪਗ੍ਰਿਹਾਂ ਨੂੰ ਲਾਂਚ ਕੀਤਾ| ਇਸਰੋ ਮੁਤਾਬਕ ਸਵੇਰੇ ਲਗਭਗ 9:28 ਵਜੇ ਇਨ੍ਹਾਂ ਸਾਰੇ ਉਪਗ੍ਰਿਹਾਂ ਨੂੰ ਲੈ ਕੇ ਪੀ.ਐਸ.ਐਲ.ਵੀ. 37 ਨੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਸੈਂਟਰ ਤੋਂ ਉਡਾਣ ਭਰੀ|
17 ਮਿੰਟ ਬਾਅਦ ਰਿਮੋਟ-ਸੇਂਸਿੰਗ ਕਾਰਟੋਸੇਟ ਨੂੰ ਲੈ ਕੇ ਪੁਲਾੜ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਇਸਰੋ ਦੇ 2 ਅਤੇ 101 ਵਿਦੇਸ਼ੀ ਛੋਟੇ ਉਪਗ੍ਰਿਹਾਂ ਨੂੰ ਵੀ ਲਾਂਚ ਕੀਤਾ ਗਿਆ ਜਿਨ੍ਹਾਂ ਦਾ ਕੁੱਲ ਭਾਰ 664 ਕਿਲੋਗ੍ਰਾਮ ਹੈ| ਵਿਦੇਸ਼ੀ ਉਪਗ੍ਰਿਹਾਂ ਵਿੱਚ 96 ਅਮਰੀਕਾ ਅਤੇ ਇਜ਼ਰਾਇਲ, ਕਜ਼ਾਖਿਸਤਾਨ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਦੇ ਇਕ-ਇਕ ਉਪਗ੍ਰਹਿ ਸ਼ਾਮਲ ਹਨ|
104 ਉਪਗ੍ਰਿਹਾਂ ਨੂੰ ਲਾਂਚ ਕਰਨ ਦੇ ਨਾਲ ਹੀ ਭਾਰਤ ਇਸ ਤਰ੍ਹਾਂ ਦੇ ਮਿਸ਼ਨ ਨੂੰ ਸਫਲ ਬਣਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ| ਇਸ ਵਿੱਚ ਅਹਿਮ ਗੱਲ ਇਹ ਹੈ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਰਾਕੇਟ ਨਾਲ ਉਪਗ੍ਰਿਹਾਂ ਨੂੰ ਲਾਂਚ ਕੀਤਾ ਗਿਆ| ਰੂਸੀ ਪੁਲਾੜ ਏਜੰਸੀ ਵਲੋਂ ਵੀ ਇਕ ਵਾਰ ਵਿੱਚ 37 ਉਪਗ੍ਰਿਹਾਂ ਨੂੰ ਲਾਂਚ ਕੀਤਾ ਜਾ ਚੁੱਕਿਆ ਹੈ ਪਰ ਦੁਨੀਆਂ ਦੇ ਕਿਸੇ ਵੀ ਦੇਸ਼ ਨੇ 104 ਉਪਗ੍ਰਿਹਾਂ ਨੂੰ ਇਕੱਠੇ ਲਾਂਚ ਕਰਨ ਵਿੱਚ ਸਫਲਤਾ ਹਾਸਲ ਨਹੀਂ ਕੀਤੀ ਹੈ| ਭਾਰਤ ਨੇ ਇਸ ਤੋਂ ਪਹਿਲਾਂ ਜੂਨ 2015 ਵਿੱਚ ਇਕੱਠੇ 23 ਉਪਗ੍ਰਿਹਾਂ ਨੂੰ ਲਾਂਚ ਕਰ ਕੇ ਆਪਣੀ ਯੋਗਤਾ ਸਾਬਤ ਕੀਤੀ ਸੀ|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਇਸ ਸਫਲ ਪ੍ਰੀਖਣ ਤੇ ਵਿਗਿਆਨੀਆਂ ਦੀ ਪ੍ਰਸ਼ੰਸਾ ਕੀਤੀ ਹੈ| ਇਸਰੋ ਦੇ ਮੁਖੀ ਏ.ਐਸ. ਕਿਰਨ ਕੁਮਾਰ ਨੇ ਸ਼੍ਰੀਹਰਿਕੋਟਾ ਸਥਿਤ ਮਿਸ਼ਨ ਕੰਟਰੋਲ ਸੈਂਟਰ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲਾੜ ਏਜੰਸੀ ਦੇ ਦਲ ਨੂੰ ਸਫਲ ਪਰਖ ਲਈ ਵਧਾਈ ਦਿੱਤੀ ਹੈ| ਪ੍ਰਧਾਨ ਮੰਤਰੀ ਨੇ ਇਕ ਟਵੀਟ ਵਿੱਚ ਕਿਹਾ,’ਇਸਰੋ ਨੂੰ ਪੀ.ਐਸ.ਐਲ.ਵੀ.-ਸੀ37 ਅਤੇ ਕਾਰਟੋਸੈਟ ਸੈਟੇਲਾਈਟ ਨਾਲ 103 ਨੈਨੋ ਸੈਟੇਲਾਈਟਾਂ ਦੇ ਸਫਲ ਪ੍ਰੀਖਣ ਲਈ ਵਧਾਈ|’
ਇਸ ਇਤਿਹਾਸਕ ਪਲ ਤੇ       ਅਭਿਨੇਤਾ ਅਮਿਤਾਭ ਬੱਚਨ ਨੇ ਭਾਰਤੀ ਹੋਣ ਤੇ ਮਾਣ ਹੋਣ ਦੀ ਗੱਲ ਕਹੀ| ਅਮਿਤਾਭ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ,’ਭਾਰਤੀ ਹੋਣ ਤੇ ਮਾਣ ਹੈ|’ ਪੀ.ਐਮ.ਓ. ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ,’ਸਿਰਫ ਇਸਰੋ ਹੀ ਪੁਲਾੜ ਵਿੱਚ ਭਾਰਤ ਦਾ ਇਤਿਹਾਸ ਲਿੱਖ ਸਕਦਾ ਹੈ|’

Leave a Reply

Your email address will not be published. Required fields are marked *