ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਦੇਸ਼ ਹਮੇਸ਼ਾਂ ਯਾਦ ਰੱਖੇਗਾ-ਮੀਨਾ

ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਦੇਸ਼ ਹਮੇਸ਼ਾਂ ਯਾਦ ਰੱਖੇਗਾ-ਮੀਨਾ

ਪੁਲੀਸ ਸ਼ਹੀਦੀ ਦਿਵਸ ਮੌਕੇ ਸ਼ਹੀਦ ਪੁਲੀਸ ਜਵਾਨਾਂ ਦੇ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ
ਐਸ. ਏ. ਐਸ. ਨਗਰ, 21 ਅਕਤੂਬਰ (ਸ.ਬ.) ਪੁਲੀਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਦੇਸ਼ ਦੀ ਏਕਤਾ  ਅਤੇ ਅਖੰਡਤਾ ਕਾਇਮ ਰੱਖਣ ਲਈ ਅਤੇ  ਅਮਨ ਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੂੰ ਦੇਸ਼ ਅਤੇ ਸਮਾਜ ਹਮੇਸ਼ਾਂ ਯਾਦ ਰੱਖੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ ਸ੍ਰੀ ਬਾਬੂ ਲਾਲ ਮੀਨਾ ਆਈ.ਪੀ.ਐਸ ਨੇ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਵਿਖੇ ਜਿਲ੍ਹਾ ਪੱਧਰੀ ਪੁਲੀਸ ਸ਼ਹੀਦੀ ਯਾਦਗਾਰ ਦਿਵਸ ‘ਤੇ  ਕਰਵਾਏ ਗਏ ਸਮਾਗਮ ਮੌਕੇ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੀਤਾ|
ਡੀ.ਆਈ.ਜੀ. ਨੇ ਕਿਹਾ ਕਿ ਕੁਰਬਾਨੀਆਂ ਦੇਣ ਵਾਲੇ ਪੰਜਾਬ ਪੁਲੀਸ ਦੇ ਜਵਾਨਾਂ ਤੇ ਜਿੰਨਾ ਮਾਣ ਕਰੀਏ ਥੋੜਾ ਹੈ ਕਿਉਂਕਿ ਉਹਨਾਂ ਨੇ ਨਾਂ ਕੇਵਲ ਅੱਤਵਾਦ ਦੇ ਔਖੇ ਸਮੇਂ ਵੱਡੀ ਗਿਣਤੀ ਵਿੱਚ ਸ਼ਹੀਦੀਆਂ ਦੇ ਕੇ ਅੱਤਵਾਦ ਨੂੰ ਖਤਮ ਕਰਕੇ ਅਮਨ ਤੇ ਸ਼ਾਂਤੀ ਕਾਇਮ ਕੀਤੀ ਸਗੋਂ ਜਦੋਂ ਵੀ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਕੋਈ ਭੀੜ ਪਈ ਤਾਂ ਪੁਲੀਸ ਦੇ ਬਹਾਦਰ ਜਵਾਨਾਂ ਨੇ ਦੁਸ਼ਮਣ ਦਾ ਡਟ ਕੇ ਸਾਹਮਣਾ ਕੀਤਾ ਤੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਅਜਿਹੇ ਬਹਾਦਰ ਜਵਾਨਾਂ ਨੇ ਆਪਣਾ ਜਨਮ  ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲੇਖੇ ਲਗਾਇਆ| ਉਹਨਾਂ ਇਸ ਮੌਕੇ ਜਿਲਾ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਰਹਿ ਰਹੇ ਸ਼ਹੀਦ ਪੁਲੀਸ ਜਵਾਨਾਂ ਦੇ 35 ਪਰਿਵਾਰਾਂ ਦਾ ਸਨਮਾਨ ਵੀ ਕੀਤਾ|
ਸ਼੍ਰੀ ਮੀਨਾ ਨੇ ਕਿਹਾ ਕਿ ਪੰਜਾਬ ਪੁਲੀਸ ਅਤੇ ਅਰਧ ਸੈਨਿਕ ਬਲਾਂ  ਦੇ ਜਵਾਨਾਂ ਵੱਲੋਂ ਮੁਸ਼ਕਲ ਹਾਲਾਤਾਂ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅੱਜ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਦਾ ਮਾਹੌਲ ਬਰਕਰਾਰ ਹੈ| ਉਨ੍ਹਾਂ ਕਿਹਾ ਕਿ ਅਜਿਹੇ ਸ਼ਹੀਦੀ ਸਮਾਗਮ ਜਿਥੇ ਬਹਾਦਰ ਪੁਲੀਸ ਜਵਾਨਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਤਾਜ਼ਾ ਕਰਵਾਉਂਦੇ ਹਨ ਉਥੇ ਪੁਲੀਸ ਬਲਾਂ ਦੀ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ| ਇਸ ਮੌਕੇ ਐਸ.ਪੀ. (ਹੈ.ਕੁ.) ਸ. ਗੁਰਸੇਵਕ ਸਿੰਘ ਨੇ 01 ਸਤੰਬਰ 2016 ਤੋਂ 31 ਅਗਸਤ 2017 ਤੱਕ ਦੇਸ਼ ਭਰ ਵਿੱਚ ਸ਼ਹੀਦ ਹੋਏ 370 ਬਹਾਦਰ ਜਵਾਨਾਂ ਦੇ ਨਾਂ ਪੜ੍ਹ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ| ਡੀ.ਐਸ.ਪੀ. ਖਰੜ ਸ੍ਰੀ ਦੀਪਕਮਲ ਸਿੰਘ ਦੀ ਅਗਵਾਈ ਹੇਠ ਪੁਲੀਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ|
ਇਸ ਮੌਕੇ  ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜਿਲ੍ਹਾ ਪੁਲੀਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਅਤੇ ਜਿਲ੍ਹੇ ਦੇ ਸਮੂਹ ਐਸ.ਪੀ, ਡੀ.ਐਸ.ਪੀ ਸਮੇਤ ਹੋਰ ਪੁਲੀਸ ਅਧਿਕਾਰੀਆਂ, ਜਵਾਨਾਂ ਅਤੇ ਪੁਲੀਸ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ  ਪੁਲੀਸ ਸ਼ਹੀਦੀ ਸਮਾਰਕ ਤੇ ਰੀਥਾਂ ਰੱਖ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ          ਕੀਤੇ| ਇਸ ਉਪਰੰਤ ਸ਼ਹੀਦ ਹੋਏ ਪੁਲੀਸ ਜਵਾਨਾਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹੋਏ ਡੀ.ਆਈ.ਜੀ. ਮੀਨਾ ਨੇ ਕਿਹਾ ਕਿ ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਜਵਾਨ ਪੁਲੀਸ ਵਿਭਾਗ ਲਈ ਗੌਰਵ ਦਾ ਪ੍ਰਤੀਕ ਹਨ ਅਤੇ ਪੁਲਿਸ ਇਸ ਗੱਲ ਲਈ ਵਚਨਬੱਧ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣ|

Leave a Reply

Your email address will not be published. Required fields are marked *