ਪੁਲੀਸ ਕਰਮਚਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਸ਼ੀਲੰਕਾ ਦਾ ਬੌਧ ਭਿਕਸ਼ੂ ਗ੍ਰਿਫਤਾਰ

ਕੋਲੰਬੋ, 11 ਜੁਲਾਈ (ਸ.ਬ.) ਸ਼੍ਰੀਲੰਕਾ ਦੇ ਇਕ ਬੌਧ ਭਿਕਸ਼ੂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਬੌਧ ਭਿਕਸ਼ੂ ਨੇ ਇਕ ਪੁਲੀਸ ਕਰਮਚਾਰੀ ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ| ਯੌਣ ਸ਼ੌਸ਼ਣ ਦੇ ਇਕ ਮਾਮਲੇ ਦੇ ਸਿਲਸਿਲੇ ਵਿਚ ਪੁਲੀਸ ਕਰਮਚਾਰੀ ਦੱਖਣੀ-ਪੂਰਬੀ ਰਤਨਪੁਰਾ ਖੇਤਰ ਦੇ ਗਲਾਂਡਾ ਮੰਦਰ ਵਿਚ ਇਕੱਲੇ ਰਹਿਣ ਵਾਲੇ 37 ਸਾਲਾ ਕੋਨਵਲਾਨੇ ਥੰਮਸਾਰਾ ਥੇਰਾ ਨੂੰ ਗ੍ਰਿਫਤਾਰ ਕਰਨ ਗਿਆ ਸੀ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥੇਰਾ ਨੂੰ ਗ੍ਰਿਫਤਾਰ ਕੀਤਾ ਜਾਣਾ ਸੀ ਕਿਉਂਕਿ ਉਹ ਇਸ ਮਾਮਲੇ ਨਾਲ ਸੰਬੰਧਿਤ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ| ਥੇਰਾ ਨੇ ਬਿਨਾ ਹਥਿਆਰ ਵਾਲੇ ਪੁਲੀਸ ਕਰਮਚਾਰੀ ਦਾ ਕੱਲ ਗਲਾ ਦਬਾ ਦਿੱਤਾ ਅਤੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ| ਨੇੜੇ ਰਹਿਣ ਵਾਲੇ ਲੋਕ ਪੁਲੀਸ ਕਰਮਚਾਰੀ ਦੇ ਚੀਕਣ ਦੀ ਆਵਾਜ਼ ਸੁਣ ਕੇ ਮੰਦਰ ਪਹੁੰਚੇ ਅਤੇ ਉਸ ਨੂੰ ਹਸਪਤਾਲ ਲੈ ਗਏ| ਇਸ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ| ਪੁਲੀਸ ਕਰਮਚਾਰੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ| ਪੁਲੀਸ ਨੇ ਦੱਸਿਆ ਕਿ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਇਕ ਭਿਕਸ਼ੂ ਨੇ ਪੁਲੀਸ ਕਰਮਚਾਰੀ ਦੀ ਹੱਤਿਆ ਕੀਤੀ ਹੈ|

Leave a Reply

Your email address will not be published. Required fields are marked *