ਪੁਲੀਸ ਤੇ ਉੱਚੀ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ, ਐਸ ਐਸ ਪੀ ਨੇ ਕਿਹਾ ਦੋਸ਼ ਬੇਬੁਨਿਆਦ

ਪੁਲੀਸ ਤੇ ਉੱਚੀ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ, ਐਸ ਐਸ ਪੀ ਨੇ ਕਿਹਾ ਦੋਸ਼ ਬੇਬੁਨਿਆਦ
ਮੁਹਾਲੀ ਪੁਲੀਸ ਨੂੰ ਸਿਆਸੀ ਗਲਬੇ ਅਤੇ ਮਾਫੀਏ ਦੇ ਚੁੰਗਲ ਤੋਂ ਆਜਾਦ ਕਰਵਾਉਣ ਦੀ ਲੋੜ : ਸਤਨਾਮ ਦਾਊਂ
ਐਸ ਏ ਐਸ ਨਗਰ, 28 ਅਕਤੂਬਰ (ਸ.ਬ.) ਦੋ ਦਿਨ ਪਹਿਲਾਂ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਦੋਹਰੇ ਕਤਲ ਦੇ ਮਾਮਲੇ ਨੂੰ ਹਲ ਕਰਨ ਦਾ ਦਾਅਵਾ ਕਰਕੇ ਵਾਹਵਾਹੀ ਖਟਣ ਵਾਲੀ ਮੁਹਾਲੀ ਪੁਲੀਸ ਉੱਪਰ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰਨ ਵਾਲੀ ਸੰਸਥਾ ਪੰਜਾਬ ਅਗੇਂਸਟ ਕਰਪਸ਼ਨ ਨੇ ਅੱਜ ਸਿਆਸੀ ਗਲਬੇ ਅਤੇ ਮਾਫੀਏ ਦੇ ਚੁੰਗਲ ਵਿੱਚ ਫਸੇ ਹੋਣ ਅਤੇ ਉੱਚੀ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਹੈ| ਅੱਜ ਇੱਥੇ ਇੱਕ ਪੱਤਰਕਾਰ ਦੌਰਾਨ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਅਤੇ ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਅਪਰਾਧ ਨੂੰ ਕਾਬੂ ਵਿੱਚ ਰੱਖਣ ਲਈ ਪੁਲੀਸ ਨੂੰ ਰਾਜਨੀਤਿਕ ਦਬਾਓ ਤੋਂ ਮੁਕਤ ਹੋ ਕੇ ਨਿਰਪੱਖ ਕੰਮ ਕਰਨ ਦੀ ਅਜਾਦੀ ਮਿਲਣੀ ਚਾਹੀਦੀ ਹੈ| ਪਰ ਪਿਛਲੇ ਕੁੱਝ ਸਾਲਾਂ ਤੋਂ ਹਰ ਤਰ੍ਹਾਂ ਦਾ ਮਾਫੀਆ ਮਿਲੀਭੁਗਤ ਨਾਲ ਵੱਧਦਾ ਰਿਹਾ ਹੈ ਜਿਸ ਕਾਰਨ ਛੋਟੇ ਮੋਟੇ ਅਪਰਾਧੀ ਵੀ ਬੇਖੌਫ ਹੋ ਕੇ ਵੱਡੇ ਅਪਰਾਧ ਕਰਨ ਵੱਲ ਵੱਧਦੇ ਰਹੇ| ਉਹਨਾਂ ਮੁਹਾਲੀ ਪੁਲੀਸ ਦੇ ਆਰਥਿਕ ਅਪਰਾਧ ਸ਼ਾਖਾ ਅਤੇ ਹੋਰ ਅਫਸਰਾਂ ਵੱਲੋਂ ਕੀਤੀਆਂ ਗਈਆਂ ਪੜਤਾਲਾਂ ਤੇ ਕਿੰਤੂ ਕਰਦਿਆਂ ਕਿਹਾ ਕਿ ਪੁਲੀਸ ਨੇ ਬਹੁਤੀ ਵਾਰ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ ਦਾ ਗਲਾ ਘੁੱਟਿਆ ਹੈ ਜਿਸ ਕਾਰਨ ਅੱਜ ਵੀ ਲੋਕਾਂ ਵਿੱਚ ਪੁਲੀਸ ਤੇ ਵਿਸ਼ਵਾਸ਼ ਨਹੀਂ ਬਣਿਆ|
ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਦੋਸ਼ ਲਗਾਇਆ ਕਿ ਕਬੂਤਰਬਾਜੀ, ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਅਤੇ ਕਮੇਟੀਆਂ ਦੇ ਜਿਹਨਾਂ ਮਾਮਲਿਆਂ ਵਿੱਚ ਹੋਰਨਾਂ ਜਿਲ੍ਹਿਆਂ ਦੀ ਪੁਲੀਸ ਵਲੋਂ ਮਾਮਲੇ ਦਰਜ ਹੋਏ ਉਹਨਾਂ ਵਿੱਚ ਮੁਹਾਲੀ ਪੁਲੀਸ ਵਲੋਂ ਟਾਲਮਟੋਲ ਨਾਲ ਹੀ ਕੰਮ ਸਾਰਿਆ ਜਾਂਦਾ ਰਿਹਾ| ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਰਜਿੰਦਰ ਕੌਰ ਪਤਨੀ ਵਿਨੋਦ ਕੁਮਾਰ ਵਾਸੀ ਸੈਕਟਰ 30 ਬੀ, ਚੰਡੀਗੜ੍ਹ (ਜਿਸ ਤੇ ਕਮੇਟੀਆਂ ਦੇ ਨਾਮ, ਕਬੂਤਰਬਾਜ਼ੀ ਅਤੇ ਵਿਦੇਸ਼ ਭੇਜਣ ਦੇ ਨਾਮ ਕੀਤੀਆਂ ਠੱਗੀਆਂ ਦੀਆਂ ਅਨੇਕਾਂ ਸ਼ਿਕਾਇਤਾਂ ਪੁਲੀਸ ਨੂੰ ਕੀਤੀਆਂ ਗਈਆਂ ਸਨ| ਇਹਨਾਂ ਸ਼ਿਕਾਇਤਾਂ ਉੱਪਰ ਜਿਲ੍ਹਾ ਪੁਲੀਸ ਫਤਹਿਗੜ੍ਹ, ਥਾਣਾ ਖਮਾਣੋ, ਥਾਣਾ ਬਸੀ ਪਠਾਣਾ, ਥਾਣਾ ਗੋਬਿੰਦਗੜ੍ਹ ਵਿੱਚ ਤਾਂ (ਉਹਨਾਂ ਖੇਤਰਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਮਾਮਲੇ ਦਰਜ ਹੋ ਗਏ ਪਰੰਤੂ ਇਸੇ ਦੇ ਖਿਲਾਫ ਸੰਨੀ ਇਨਕਲੇਵ ਦੇ ਵਸਨੀਕ ਅਨਮੋਲ ਅਰੋੜਾ ਅਤੇ ਹੋਰਨਾਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਪੁਲੀਸ ਦੋਸ਼ੀਆਂ ਨੂੰ ਬਚਾਉਂਦੀ ਰਹੀ|  ਇਸੇ ਤਰ੍ਹਾਂ ਇੱਕ ਹਿੰਦੂ ਨੇਤਾ ਅਮਿਤ ਸ਼ਰਮਾ ਦੇ ਖਿਲਾਫ ਰਵਿੰਦਰ ਕੁਮਾਰ, ਵਾਸੀ ਫੇਜ਼ 7 ਮੁਹਾਲੀ ਵੱਲੋਂ ਧਾਰਾ 420, 120 ਬੀ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ ਪਰੰਤੂ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੰਪਲੇਟ ਰੱਦ ਕਰ ਦਿੱਤੀ| ਸੰਸਥਾ ਨੇ ਇਲਜਾਮ ਲਗਾਇਆ ਕਿ ਇੱਕ ਹੋਰ ਕੇਸ ਵਿੱਚ ਇੰਦਰਜੀਤ ਕੌਰ ਪਤਨੀ ਐਡਵੋਕੇਟ ਗੁਰਦੀਪ ਸਿੰਘ ਵਾਸੀ ਫੇਜ਼ 1, ਮੁਹਾਲੀ ਦੇ ਖਿਲਾਫ ਧਾਰਾ 406, 420 ਤੇ ਐਫ ਆਈ ਆਰ ਦਰਜ ਹੋਈ ਸੀ| ਜਿਸ ਵਿੱਚ ਪੀੜਤਾ ਸਬੀਤਾ ਦੀ ਪੈਸਿਆਂ ਦੀ ਥੋੜ ਕਰਕੇ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ ਅਤੇ ਐਸ ਐਸ ਪੀ ਦਫਤਰ ਦੇ ਨੇੜੇ ਦੋਸ਼ੀਆਂ ਦੇ ਘਰ ਅੱਗੇ ਚਲਦੀ ਸੜਕ ਤੇ ਪੀੜਤਾ ਦੀ ਲਾਸ਼ ਰੱਖ ਕੇ ਮੁਜਾਹਰਾ ਵੀ ਕੀਤਾ ਗਿਆ| ਇਸ ਦੇ ਬਾਵਜੂਦ ਮੁਹਾਲੀ ਪੁਲੀਸ ਵੱਲੋਂ ਇਸ  ਕੇਸ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਦੋਸ਼ੀ ਅੱਜ ਵੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ|
ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਤਾਂ ਪੁਲੀਸ ਅਜਿਹੇ ਕੇਸਾਂ ਵਿੱਚ ਐਫ ਆਈ ਆਰ ਹੀ ਦਰਜ ਨਹੀਂ ਕਰਦੀ ਅਤੇ ਜੇਕਰ ਕਰਦੀ ਵੀ ਹੈ ਤਾਂ ਮੁਲਜਮਾਂ ਦੇ ਸਿਆਸੀ ਸੰਪਰਕਾਂ ਅਤੇ ਪੁਲੀਸ ਨਾਲ ਮਿਲੀਭੁਗਤ ਕਾਰਨ ਕਾਰਵਾਈ ਨਹੀਂ ਹੁੰਦੀ| ਕੁਰਾਲੀ ਦੇ ਅਜਿਹੇ ਹੀ ਇੱਕ ਮਾਮਲੇ ਵਿੱਚ ਤੰਗ ਆਏ ਏਜੈਂਟ ਰਾਮ ਕ੍ਰਿਪਾਲ ਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪਿਆ| ਪੀੜਤ ਪਰਿਵਾਰ ਵੱਲੋਂ ਹਾਈਕੋਰਟ ਦੀ ਸ਼ਰਨ ਲੈ ਕੇ ਇਸ ਦੀ ਸ਼ਿਕਾਇਤ ਤਹਿਤ ਧਾਰਾ 306 ਅਧੀਨ ਐਫ ਆਈ ਆਰ ਦਰਜ ਕਰਵਾਈ ਜਿਸ ਤੇ ਪੁਲੀਸ ਨੇ ਕਾਰਵਾਈ ਨਾ ਕੀਤੀ, ਉਲਟਾ ਸ਼ਿਕਾਇਤਕਰਤਾ ਜੋ ਕੇ ਮਰਨ ਵਾਲੇ ਦੀ ਪਤਨੀ ਅਤੇ ਪੁੱਤਰ ਸਨ ਨੂੰ ਠੱਗੀ ਦੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ| ਨਾਲ ਹੀ ਪੀੜਿਤਾਂ ਦੀ ਮਦਦ ਕਰਨ ਵਾਲਿਆਂ ਖਿਲਾਫ ਧਾਰਾ 420, 406, 120 ਬੀ ਅਧੀਨ ਕੇਸ ਦਰਜ ਕਰਕੇ ਫਸਾ ਦਿੱਤਾ ਤਾਂ ਕਿ ਆਤਮ ਹੱਤਿਆ ਵਾਲਾ ਪਰਚਾ ਦਰਜ ਨਾ ਹੋ ਸਕੇ| ਉਹਨਾਂ ਦੋਸ਼ ਲਗਾਇਆ ਕਿ ਸਕਾਈ ਰਾਕ ਸਿਟੀ ਵੀ ਇੱਕ ਵੱਡੀ ਠੱਗੀ ਦਾ ਕੇਂਦਰ ਸੀ| ਜਿਸ ਵਿੱਚ ਪੁਲੀਸ ਦੀ ਇੱਕ ਐਫਆਈਆਰ ਮੁਤਾਬਿਕ 1800 ਕਰੋੜ ਦੀ ਠੱਗੀ ਹੋਈ ਹੈ| ਲੰਮੇ ਸੰਘਰਸ਼ ਅਤੇ ਹਾਈਕੋਰਟ ਦੇ ਦਖਲ ਤੋਂ ਬਾਅਦ ਸਿਰਫ ਇਹ ਹੀ ਹੋ ਸਕਿਆ ਕਿ ਸਿਰਫ ਇੱਕ ਡਾਇਰੈਕਟਰ ਹੀ ਪੁਲੀਸ ਦੀ ਗ੍ਰਿਫਤ ਵਿੱਚ ਆਇਆ ਹੈ ਜਦੋਂਕਿ ਹੋਰ ਡਾਇਰੈਕਟਰ ਅਤੇ ਕੰਪਨੀ ਦੇ ਅਹੁਦੇਦਾਰ ਸ਼ਰੇਆਮ ਬਾਹਰ ਘੁੰਮ ਰਹੇ ਹਨ|
ਸਤਨਾਮ ਦਾਊਂ ਨੇ ਇਲਜਾਮ ਲਗਾਇਆ ਕਿ ਇਸੇ ਤਰ੍ਹਾਂ ਦਾ ਇੱਕ ਵੱਡੇ ਲੈਵਲ ਦਾ ਇੱਕ ਕੇਸ ਜੋ ਉਹਨਾਂ ਵਲੋਂ ਖਰੜ ਦੇ ਇੱਕ ਬਿਲਡਰ ਖਿਲਾਫ ਹਾਈਕੋਰਟ ਦੀ ਦਖਲਅੰਦਾਜੀ  ਅਤੇ  ਦੇਸ਼ ਦੀ ਪਾਰਲੀਮੈਂਟ ਦੇ ਦਬਾਅ ਤੋਂ ਬਾਅਦ ਦਰਜ ਕਰਵਾਇਆ ਸੀ ਵਿੱਚ ਬਹੁਤ ਮਾਮੂਲੀ ਧਾਰਾਵਾਂ ਲਾਈਆਂ ਗਈਆਂ ਅਤੇ ਦੋਸ਼ੀਆਂ ਨੂੰ ਬਚਣ ਦਾ ਪੂਰਾ ਪੂਰਾ ਮੌਕਾ ਦਿੱਤਾ ਗਿਆ| ਉਹਨਾਂ ਕਿਹਾ ਕਿ ਉਹ ਇਹਨਾਂ ਸਾਰੀਆਂ ਸ਼ਿਕਾਇਤਾਂ ਅਤੇ ਦਰਜ ਕੇਸਾਂ ਦੀ ਪੜਤਾਲ ਲਈ ਉੱਚ ਅਧਿਕਾਰੀਆਂ, ਪੰਜਾਬ ਸਰਕਾਰ, ਪ੍ਰਧਾਨ ਮੰਤਰੀ ਆਦਿ ਨੂੰ ਲਿਖ ਰਹੇ ਹਨ ਤਾਂਜੋ ਪੀੜਿਤਾਂ ਨੂੰ ਇਨਸਾਫ ਮਿਲ ਸਕੇ| ਉਹਨਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਬੋਲਣ ਕਾਰਨ ਉਸਦੀ ਜਾਨ-ਮਾਲ, ਮਾਨ- ਸਨਮਾਨ ਆਦਿ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਸਕਦਾ ਹੈ| ਇਸ ਮੌਕੇ ਉਹਨਾਂ ਦੇ ਨਾਲ ਅਮਰਿੰਦਰ ਬਰਾੜ, ਸੁਖਮਿੰਦਰ ਸਿੰਘ, ਡਾ: ਭਾਟੀਆ, ਅਕੀਲ ਮੁਹੰਮਦ, ਨਿਰਮਲਾ ਦੇਵੀ, ਅਨਮੋਲ ਅਰੋੜਾ ਅਤੇ ਅਮਿਤ ਵਰਮਾ ਦਾਊਂ ਹਾਜਰ ਸਨ|
ਇਸ ਸੰਬੰਧੀ ਸੰਪਰਕ ਕਰਨ ਤੇ ਮੁਹਾਲੀ ਦੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਉੱਪਰ ਸਿਆਸੀ ਦਬਾਓ ਜਾਂ ਮਾਫੀਏ ਦੇ ਚੁੰਗਲ ਵਿੱਚ ਹੋਣ ਸੰਬੰਧੀ ਲਗਾਏ ਗਏ ਇਹ ਸਾਰੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਪੁਲੀਸ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦੀ ਹੈ| ਉਹਨਾਂ ਕਿਹਾ ਕਿ ਪੁਲੀਸ ਕੋਲ ਜਦੋਂ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਪੁਲੀਸ ਵਲੋਂ ਪੂਰੀ ਗਹਿਰਾਈ ਨਾਲ ਉਸਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸਤੋਂ ਬਾਅਦ ਜਿਹੜੀ ਵੀ ਬਣਦੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਂਦੀ ਹੈ| ਇਸਦੇ ਬਾਵਜੂਦ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਮਿਲ ਸਕਦਾ ਹੈ|

Leave a Reply

Your email address will not be published. Required fields are marked *