ਪੁਲੀਸ ਦੀ ਅੱਧੀ ਅਧੂਰੀ ਕਾਰਵਾਈ ਨਾਲ ਹੱਲ ਹੋਣ ਵਾਲੀ ਨਹੀਂ ਹੈ ਅਣਅਧਿਕਾਰਤ ਪੀ ਜੀ ਕੇਂਦਰਾਂ ਦੀ ਸਮੱਸਿਆ

ਪੁਲੀਸ ਦੀ ਅੱਧੀ ਅਧੂਰੀ ਕਾਰਵਾਈ ਨਾਲ ਹੱਲ ਹੋਣ ਵਾਲੀ ਨਹੀਂ ਹੈ ਅਣਅਧਿਕਾਰਤ ਪੀ ਜੀ ਕੇਂਦਰਾਂ ਦੀ ਸਮੱਸਿਆ
ਗਮਾਡਾ, ਪ੍ਰਸ਼ਾਸ਼ਨ ਅਤੇ ਪੁਲੀਸ ਵੱਲੋਂ ਸਾਂਝੀ ਟੀਮ ਬਣਾ ਕੇ ਕੀਤੀ ਜਾਵੇ ਕਾਰਵਾਈ : ਕੁਲਜੀਤ ਬੇਦੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 24 ਜੁਲਾਈ

ਸ਼ਹਿਰ ਵਿੱਚ ਲਗਾਤਾਰ ਵੱਧਦੀ ਜਾ ਰਹੀ ਅਣਅਧਿਕਾਰਤ ਪੀ ਜੀ  ਕੇਂਦਰਾਂ ਦੀ ਸਮੱਸਿਆ ਦੇ ਹਲ ਲਈ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਨੀਤੀ ਅਖਤਿਆਰ ਨਾ ਕੀਤੇ ਜਾਣ ਕਾਰਨ ਅਤੇ ਪ੍ਰਸ਼ਾਸ਼ਨ ਦੇ ਵੱਖ ਵੱਖ ਮੰਗਾਂ ਵਿੱਚ ਲੋੜੀਂਦਾਂ ਤਾਲਮੇਲ ਨਾ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਵੱਧਦੀ ਜਾ ਰਹੀ ਹੈ ਅਤੇ ਥਾਂ ਥਾਂ ਤੇ ਖੁਲ੍ਹੇ ਇਹ ਅਣਅਧਿਕਾਰਤ ਪੀ ਜੀ ਕੇਂਦਰ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ|
ਸ਼ਹਿਰ ਵਿੱਚ ਚਲਦੇ ਇਹਨਾਂ ਅਣਅਧਿਕਾਰਤ ਪੀ ਜੀ ਕੇਂਦਰਾਂ ਵੱਲੋਂ ਨਾਂ ਤਾਂ ਗਮਾਡਾ ਵਿੱਚ ਲੋੜੀਂਦੀ ਰਜਿਸਟ੍ਰੇਸ਼ਨ  ਕਰਵਾਈ ਜਾਂਦੀ ਹੈ ਅਤੇ ਨਾ ਹੀ ਇਹਨਾਂ ਵੱਲੋਂ ਆਪਣੇ ਕੋਲ ਰੱਖੇ ਜਾਂਦੇ ਪੀ ਜੀ ਨੌਜਵਾਨਾਂ (ਮੁੰਡੇ ਕੁੜੀਆਂ) ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ|  ਹੋਰ ਤਾਂ ਹੋਰ ਇਹਨਾਂ ਅਣਅਧਿਕਾਰਤ ਪੀ ਜੀ ਕੇਂਦਰਾਂ ਵੱਲੋਂ ਆਪਣੇ ਕੋਲ ਰੱਖੇ ਜਾਣ ਵਾਲੇ ਪੀ ਜੀ ਨੌਜਵਾਨਾਂ ਦੀ ਪੁਲੀਸ ਵੈਰੀਫੀਕੇਸ਼ਨ ਵੀ ਨਹੀਂ ਕਰਵਾਈ ਜਾਂਦੀ ਅਤੇ ਇਹ ਕੰਮ ਬਿਨਾਂ ਕਿਸੇ ਰਿਕਾਰਡ ਦੇ ਹੀ ਚਲ ਰਿਹਾ ਹੈ|
ਇਸ ਸਬੰਧੀ ਭਾਵੇਂ ਸਥਾਨਕ ਪੁਲੀਸ ਵਾਲੇ ਸਮੇਂ ਸਮੇਂ ਤੇ ਸ਼ਹਿਰ ਵਿੱਚ ਚਲਦੇ ਪੀ ਜੀ ਕੇਂਦਰਾਂ ਦੀ ਜਾਂਚ ਕੀਤੀ ਜਾਂਦੀ ਹੈ ਪ੍ਰੰਤੂ ਇਹ ਜਾਂਚ ਵੀ ਅੱਧੀ ਅਧੂਰੀ ਹੀ ਹੁੰਦੀ ਹੈ| ਪੁਲੀਸ ਦੀ ਇਹ ਜਾਂਚ ਪੀ ਜੀ ਕੇਂਦਰਾਂ ਦੀ ਤਲਾਸ਼ੀ ਤਕ ਹੀ ਸੀਮਿਤ ਰਹਿੰਦੀ ਹੈ| ਜਿਸ ਦੌਰਾਨ ਪੀ ਜੀ ਵਿੱਚ ਰਹਿਣ ਵਾਲੇ ਨੌਜਵਾਨਾਂ ਦੇ ਸਾਮਾਨ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਕਿਸੇ ਇਤਰਾਯੋਗ ਵਸਤੂ ਦੇ ਮਿਲਣ ਤੇ ਪੁਲੀਸ ਵੱਲੋਂ ਆਮ ਤੌਰ ਤੇ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛਡ ਦਿਤਾ ਜਾਂਦਾ ਹੈ| ਇਸ ਦੌਰਾਨ ਪੁਲੀਸ ਵੱਲੋਂ ਨਾ ਤਾਂ ਪੀ ਜੀ ਕੇਂਦਰ ਦੀ ਰਜਿਸਟ੍ਰੇਸ਼ਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਾਂ ਇਸ ਵਾਸਤੇ ਗਮਾਡਾ ਦੇ ਕਿਸੇ ਅਧਿਕਾਰੀ ਨੇ ਨਾਲ ਲਿਆਂ ਜਾਂਦਾ ਹੈ| ਪੁਲੀਸ ਵੱਲੋਂ ਪੀ ਜੀ ਕੇਂਦਰਾਂ ਦੇ ਮਾਲਕਾਂ ਵੱਲੋਂ ਆਪਣੇ ਕੋਲ ਰਹਿਣ ਵਾਲੇ ਇਹਨਾਂ ਨੌਜਵਾਨਾਂ ਦੀ ਪੁਲੀਸ ਵੈਰੀਫਿਕੇਸ਼ਨ ਨਾ ਕਰਵਾਏ ਜਾਂਣ ਇਹਨਾਂ ਪੀ ਜੀ ਕੇਂਦਰਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਨਹੀਂ ਹੁੰਦੀ ਜਦੋਂਕਿ ਇਸ ਸਬੰਧੀ ਪੀ ਜੀ ਕੇਂਦਰਾਂ ਦੇ ਮਾਲਕਾਂ ਦੇ ਖਿਲਾਫ ਬਾਕਾਇਦਾ ਮਾਮਲੇ ਦਰਜ ਕੀਤੇ ਜਾਣੇ ਬਣਦੇ ਹਨ|
ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਇਸ ਸਬੰਧੀ ਕਹਿੰਦੇ ਹਨ ਕਿ ਅਣਅਧਿਕਾਰਤ ਪੀ  ਜੀ ਕੇਂਦਰਾਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਗਮਾਡਾ, ਪ੍ਰਸ਼ਾਸ਼ਨ ਅਤੇ ਪੁਲੀਸ ਵੱਲੋਂ ਸਾਂਝੀਆਂ ਟੀਮਾਂ ਬਣਾ ਕੇ ਸ਼ਹਿਰ ਵਿੱਚ ਚਲਦੇ ਪੀ ਜੀ ਕੇਂਦਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਚਲਾਏ ਜਾ ਰਹੇ ਅਣਅਧਿਕਾਰਤ ਪੀ ਜੀ  ਕੇਂਦਰਾਂ ਤੇ ਲਗਾਮ ਕਸੀ ਜਾਵੇ| ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਫੇਜ਼-7 ਦੀ ਇੱਕ ਕੋਠੀ ਵਿੱਚ ਪੁਲੀਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉੱਥੇ ਰਹਿੰਦੀਆਂ ਕੁੜੀਆਂ ਕੋਲੋਂ ਸ਼ਰਾਬ ਬਰਾਮਦ ਹੋਈ ਸੀ ਅਤੇ ਕੋਠੀ ਮਾਲਕ ਵੱਲੋਂ ਨਾ ਤਾਂ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਅਤੇ ਨਾ ਹੀ ਉਸ ਵੱਲੋਂ ਪੁਲੀਸ ਨੂੰ ਆਪਣੇ ਕੋਲ ਰਹਿੰਦੀਆਂ ਇਹਨਾਂ ਨੌਜਵਾਨ ਕੁੜੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰੰਤੂ ਉਸ ਦੇ ਖਿਲਾਫ ਕੁੱਝ ਵੀ ਨਹੀਂ ਹੋਇਆ ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਤੋਂ ਬਾਅਦ ਲੈ ਦੇ ਕੇ ਮਾਮਲਾ ਠੱਪ ਕਰ ਦਿੱਤਾ ਜਾਂਦਾ ਹੈ|
ਸ੍ਰ. ਬੇਦੀ ਕਹਿੰਦੇ ਹਨ ਕਿ ਇਸ ਸਮੱਸਿਆ ਦੇ ਹੱਲ ਲਈ ਜਿੱਥੇ ਪ੍ਰਸ਼ਾਸ਼ਨ, ਗਮਾਡਾ ਅਤੇ ਪੁਲੀਸ ਵੱਲੋਂ ਸਾਂਝੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉੱਥੇ ਸ਼ਹਿਰ ਵਿੱਚ ਰਹਿੰਦੇ ਪੀ ਜੀ ਨੌਜਵਾਨਾਂ ਦੀਆਂ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਸਰਕਾਰ ਵੱਲੋਂ ਮੁੰਡਿਆਂ ਅਤੇ ਕੁੜੀਆਂ ਦੇ ਵੱਖਰੇ ਯੂਥ ਹੋਸਟਲ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *