ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਮੇਜਰ ਸਿੰਘ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਮੇਜਰ ਸਿੰਘ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਪੁਲੀਸ ਕਰਮਚਾਰੀਆਂ ਦੀ ਬਰਖਾਸਤਗੀ ਅਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਮੰਗ
ਐਸ.ਏ.ਐਸ. ਨਗਰ, 27 ਮਈ (ਸ.ਬ.) ਬੀਤੀ 22 ਅਪ੍ਰੈਲ ਨੂੰ ਸਥਾਨਕ ਫੇਜ਼ 4 ਦੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਹੋਏ ਇੱਕ ਵਿਵਾਦ ਦੀ ਕਵਰੇਜ ਕਰ ਰਹੇ ਇੱਕ ਰੋਜਾਨਾ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ ਨੂੰ ਮੌਕੇ ਤੋਂ ਪੁਲੀਸ ਵਲੋਂ ਜਬਰੀ ਚੁੱਕ ਕੇ ਲਿਜਾਉਣ ਅਤੇ ਥਾਣੇ ਲਿਜਾ ਕੇ ਉਸਦੀ ਕੁੱਟਮਾਰ ਕਰਨ ਕਾਰਨ ਜਖਮੀ ਹੋਏ ਮੇਜਰ ਸਿੰਘ ਨੂੰ ਅੱਜ ਫੇਜ਼ 6 ਦੇ ਸਿਵਲ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਘਰ ਪਹੁੰਚ ਗਏ ਹਨ|
ਹਸਪਤਾਲ ਤੋਂ ਛੁੱਟੀ ਮਿਲਣ ਮੌਕੇ ਸਕਾਈ ਹਾਕ ਨਾਲ ਗੱਲ ਕਰਦਿਆਂ ਮੇਜਰ ਸਿੰਘ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਵਲੋਂ ਉਹਨਾਂ ਨਾਲ ਸਿਰਫ ਕੁੱਟਮਾਰ ਹੀ ਨਹੀਂ ਕੀਤੀ ਗਈ ਬਲਕਿ ਉਹਨਾਂ ਦੀ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ ਹੈ| ਉਹਨਾਂ ਕਿਹਾ ਕਿ ਉਹਨਾਂ ਨਾਲ ਵਹਿਸ਼ੀ ਤਰੀਕੇ ਨਾਲ ਕੁੱਟਮਾਰ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਉਹਨਾਂ ਨੂੰ ਭਾਰੀ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ 6 ਦਿਨ ਤਕ ਹਸਪਤਾਲ ਵਿੱਚ ਰਹਿਣਾ ਪਿਆ ਹੈ|
ਉਹਨਾਂ ਕਿਹਾ ਕਿ ਮੀਡੀਆ ਵਲੋਂ ਪਾਏ ਗਏ ਦਬਾਓ ਤੋਂ ਬਾਅਦ ਭਾਵੇਂ ਐਸ ਐਸ ਪੀ ਮੁਹਾਲੀ ਵਲੋਂ ਉਹਨਾਂ ਨਾਲ ਕੁੱਟ ਮਾਰ ਕਰਨ ਵਾਲੇ ਦੋਵਾਂ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਪਰੰਤੂ ਇਸ ਮਾਮਲੇ ਵਿੱਚ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਨਾਂ ਦੋਵਾਂ ਦੇ ਖਿਲਾਫ ਧਾਰਮਿਕ ਬੇਅਦਬੀ ਕਰਨ ਅਤੇ ਉਹਨਾਂ ਨਾਲ ਕੀਤੀ ਗਈ ਵਹਿਸ਼ੀਆਨਾ ਕੁੱਟਮਾਰ ਸੰਬੰਧੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ|
ਇਸ ਮੌਕੇ ਯੂਨਾਈਟਿਡ ਸਿਖ ਸੰਸਥਾ ਦੇ ਡਾਇਰੈਕਟਰ ਸ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੇਜਰ ਸਿੰਘ ਉਹਨਾਂ ਦੀ ਸੰਸਥਾ ਦੇ ਸੀਨੀਅਰ ਮੈਂਬਰ ਹਨ ਅਤੇ ਸੰਸਥਾ ਉਦੋਂ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਮੇਜਰ ਸਿੰਘ ਨੂੰ ਇਨਸਾਫ ਨਹੀਂ ਮਿਲਦਾ|

Leave a Reply

Your email address will not be published. Required fields are marked *