ਪੁਲੀਸ ਧੱਕੇਸ਼ਾਹੀਆਂ ਦੇ ਕੇਸਾਂ ਵਿੱਚ ਨਹੀਂ ਹੋ ਰਹੀ ਨਿਰਪੱਖ ਜਾਂਚ : ਬਲਵਿੰਦਰ ਕੁੰਭੜਾ

ਐਸ.ਏ.ਐਸ. ਨਗਰ, 24 ਸਤੰਬਰ (ਸ.ਬ.) ਪੰਜਾਬ ਪੁਲੀਸ ਵੱਲੋਂ ਲੋਕਾਂ ਖਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਤੋਂ ਲੋਕ ਪ੍ਰੇਸ਼ਾਨ ਹਨ, ਜਦੋਂ ਇਨ੍ਹਾਂ ਕੇਸਾਂ ਦੀ ਨਿਰਪੱਖ ਜਾਂਚ ਪੁਲੀਸ ਦੇ ਉਚ ਅਧਿਕਾਰੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਪੁਲੀਸ ਵਿਭਾਗ ਵੱਲੋਂ ਜਾਂਚ ਵੀ ਨਹੀਂ ਕੀਤੀ ਜਾਂਦੀ| ਇਹ ਵਿਚਾਰ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇੱਥੇ ਦੋ ਵੱਖ ਵੱਖ ਪਰਿਵਾਰਾਂ ਨਾਲ ਹੋਈ ਪੁਲੀਸ ਧੱਕੇਸ਼ਾਹੀ ਅਤੇ ਹੁਣ ਉਚ ਅਧਿਕਾਰੀਆਂ ਵੱਲੋਂ ਜਾਂਚ ਨਾ ਕੀਤੇ ਜਾਣ ਸਬੰਧੀ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਸ੍ਰੀ ਕੁੰਭੜਾ ਨੇ ਕਿਹਾ ਕਿ ਪੁਲੀਸ ਵਿਭਾਗ ਦੀਆਂ ਕਥਿਤ ਧੱਕੇਸ਼ਾਹੀਆਂ ਕਾਰਨ ਹੀ ਅਦਾਲਤਾਂ ਵਿੱਚ ਕੇਸਾਂ ਦੀ ਗਿਣਤੀ ਵੱਧਦੀ ਹੈ| ਭਾਵੇਂ ਅਦਾਲਤਾਂ ਵਿਚ ਜਾ ਕੇ ਕੇਸਾਂ ਵਿਚ ਇਨਸਾਫ਼ ਮਿਲਦਾ ਹੈ ਪ੍ਰੰਤੂ ਉਦੋਂ ਤੱਕ ਸਬੰਧਿਤ ਵਿਅਕਤੀ ਦਾ ਕਾਫ਼ੀ ਜ਼ਿਆਦਾ ਪੈਸਾ ਅਤੇ ਸਮਾਂ ਬਰਬਾਦ ਹੋ ਚੁੱਕਾ ਹੁੰਦਾ ਹੈ|
ਇਸ ਮੌਕੇ ਹਾਜਿਰ ਗੁਰਿੰਦਰ ਸਿੰਘ ਅਤੇ ਅਜੈਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ਼ 10 ਅਗਸਤ 2018 ਨੂੰ ਥਾਣਾ ਸਦਰ ਖਰੜ ਵਿਖੇ ਕੇਸ ਧਾਰਾ 365, 341, 323, 506 ਅਤੇ 34 ਤਹਿਤ ਦਰਜ ਕਰ ਦਿੱਤਾ ਗਿਆ ਸੀ| ਉਸ ਕੇਸ ਵਿਚ ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਇਕ ਮਹੀਨਾ ਪਟਿਆਲਾ ਜੇਲ੍ਹ ਵਿਚ ਬਿਤਾਉਣਾ ਪਿਆ ਅਤੇ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ|
ਉਨ੍ਹਾਂ ਦੱਸਿਆ ਕਿ ਉਹਨਾਂ ਨੇ ਆਪਣੇ ਖਿਲਾਫ਼ ਦਾਇਰ ਕੀਤੇ ਗਏ ਕੇਸ ਦੀ ਇਨਕੁਆਰੀ ਕਰਵਾਉਣ ਸਬੰਧੀ 14 ਅਗਸਤ 2018 ਨੂੰ ਐਸ.ਐਸ.ਪੀ. ਮੁਹਾਲੀ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਜੋ ਕਿ ਐਸ.ਐਸ.ਪੀ. ਦਫ਼ਤਰ ਵੱਲੋਂ ਡਾਇਰੀ ਡਿਸਪੈਚ ਨੰਬਰ 2874 ਰਾਹੀਂ ਡੀ.ਐਸ.ਪੀ. ਖਰੜ ਨੂੰ ਮਾਰਕ ਕਰ ਕੇ ਭੇਜ ਦਿੱਤੀ ਗਈ ਸੀ| ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਡੀ.ਐਸ.ਪੀ. ਖਰੜ ਵੱਲੋਂ ਕੋਈ ਇਨਕੁਆਰੀ ਨਹੀਂ ਕੀਤੀ ਗਈ| ਉਸ ਉਪਰੰਤ ਉਨ੍ਹਾਂ ਅਨੁਸੂਚਿਤ ਜਾਤੀ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਡੀ.ਜੀ.ਪੀ. ਪੰਜਾਬ ਨੂੰ ਵੀ ਲਿਖਤੀ ਦਰਖਾਸਤਾਂ ਭੇਜ ਕੇ ਇਨਸਾਫ਼ ਲੈਣ ਦੀ ਮੰਗ ਕੀਤੀ ਪ੍ਰੰਤੂ ਕਿਧਰੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ|
ਪੱਤਰਕਾਰ ਸੰਮੇਲਨ ਵਿੱਚ ਹਾਜਿਰ ਨਿਰਭੈ ਸਿੰਘ ਵਾਸੀ ਪਿੰਡ ਮੁੱਲਾਂਪੁਰ ਸਾਦਕਪੁਰ, ਤਹਿਸੀਲ ਬਸੀ ਪਠਾਣਾਂ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੇ ਦੱਸਿਆ ਕਿ 4 ਅਗਸਤ 2018 ਵੀ ਸਵੇਰ ਸਾਢੇ 7 ਵਜੇ ਦੇ ਕਰੀਬ ਜ਼ਿਲ੍ਹਾ ਮੁਹਾਲੀ ਦੇ ਥਾਣਾ ਲਾਲੜੂ ਤੋਂ ਏ.ਐਸ.ਆਈ. ਜਸਵਿੰਦਰ ਸਿੰਘ ਆਪਣੇ 10-12 ਪੁਲੀਸ ਮੁਲਾਜ਼ਮਾਂ ਸਮੇਤ ਉਨ੍ਹਾਂ ਦੇ ਘਰ ਲਾਲੜੂ ਥਾਣੇ ਦੇ ਕਿਸੇ ਕੇਸ ਸਬੰਧੀ ਅਚਾਨਕ ਰੇਡ ਕਰਨ ਪਹੁੰਚ ਗਏ| ਆਪਣੇ ਘਰ ਅਚਾਨਕ ਪੁਲੀਸ ਆਈ ਦੇਖ ਉਨ੍ਹਾਂ ਦੇ ਬੇਟਾ ਗੁਰਜਿੰਦਰ ਸਿੰਘ ਘਰੋਂ ਭੱਜਣ ਲੱਗਾ ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਘਰ ਵਿਚ ਹੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ| ਜਦੋਂ ਪਿੰਡ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਪੁਲੀਸ ਮੁਲਾਜ਼ਮਾਂ ਨੂੰ ਲੜਕੇ ਦੀ ਮਾਰਕੁੱਟ ਕੀਤੇ ਜਾਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਬੱਸੀ ਥਾਣੇ ਵਿਚ ਜਾ ਕੇ ਉਲਟਾ ਲੜਕੇ ਗੁਰਜਿੰਦਰ ਸਿੰਘ ਦੀ ਮਾਤਾ ਜਸਵਿੰਦਰ ਕੌਰ, ਪਿਤਾ ਨਿਰਭੈ ਸਿੰਘ ਅਤੇ ਭਰਾ ਗੁਰਿੰਦਰ ਸਿੰਘ ਅਤੇ ਹੋਰ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਇੱਕ ਝੂਠਾ ਕੇਸ ਕਰਜ ਕਰਵਾ ਦਿੱਤਾ ਕਿ ਇਨ੍ਹਾਂ ਨੇ ਰੇਡ ਕਰਨ ਆਏ ਪੁਲੀਸ ਮੁਲਾਜ਼ਮਾਂ ਤੇ ਹਮਲਾ ਕਰਕੇ ਮਾਰਕੁੱਟ ਕੀਤੀ ਹੈ| ਜਦਕਿ ਬਜ਼ੁਰਗ ਵਿਅਕਤੀਆਂ ਵੱਲੋਂ ਇੰਨੇ ਜ਼ਿਆਦਾ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਤੇ ਹਮਲਾ ਕੀਤਾ ਜਾਣਾ ਕਦੇ ਵੀ ਸੰਭਵ ਨਹੀਂ ਹੋ ਸਕਦਾ ਪ੍ਰੰਤੂ ਲਾਲੜੂ ਪੁਲੀਸ ਨੇ ਬੱਸੀ ਪਠਾਣਾ ਥਾਣੇ ਵਿਧਚ ਕੇਸ ਦਰਜ ਕਰਵਾ ਕੇ ਧੱਕੇਸ਼ਾਹੀ ਦਾ ਸਬੂਤ ਦਿੱਤਾ ਹੈ|
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਅਤੇ ਨਿਰਭੈ ਸਿੰਘ ਨੇ ਕਿਹਾ ਕਿ ਇੰਨੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨਾਲ ਮਾਰਕੁੱਟ ਕੀਤੇ ਜਾਣ ਸਬੰਧੀ ਬੱਸੀ ਪਠਾਣਾ ਪੁਲੀਸ ਸਟੇਸ਼ਨ ਵਿਚ ਦਰਜ ਕੀਤੇ ਗਏ ਝੂਠੇ ਕੇਸ ਦੀ ਪਿੰਡ ਦੀ ਪੰਚਾਇਤ ਸਮੇਤ ਪੂਰੇ ਪਿੰਡ ਵਿੱਚ ਨਿੰਦਾ ਕੀਤੀ ਜਾ ਰਹੀ ਹੈ| ਇਸ ਮਾਮਲੇ ਦੀ ਜਾਂਚ ਕਰਵਾਉਣ ਸਬੰਧੀ ਡੀ.ਜੀ.ਪੀ. ਪੰਜਾਬ, ਐਸ.ਐਸ.ਪੀ. ਫ਼ਤਿਹਗੜ੍ਹ ਸਾਹਿਬ, ਐਸ.ਐਸ.ਪੀ. ਮੁਹਾਲੀ, ਆਈ.ਜੀ. ਰੋਪੜ ਰੇਂਜ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਦਰਖਾਸਤਾਂ ਵੀ ਭੇਜੀਆਂ ਪ੍ਰੰਤੂ ਪੁਲੀਸ ਉਨ੍ਹਾਂ ਦੇ ਕੇਸ ਦੀ ਇਨਕੁਆਰੀ ਹੀ ਨਹੀਂ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਜੇਕਰ ਉਕਤ ਦੋਵੇਂ ਕੇਸਾਂ ਵਿਚ ਮੁਹਾਲੀ ਪੁਲੀਸ ਵੱਲੋਂ ਨਿਰਪੱਖ ਜਾਂਚ ਨਾ ਕੀਤੀ ਗਈ ਤਾਂ ਮਜ਼ਬੂਰ ਹੋ ਕੇ ਐਸ.ਐਸ.ਪੀ. ਮੁਹਾਲੀ ਦਫ਼ਤਰ ਅੱਗੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ|

Leave a Reply

Your email address will not be published. Required fields are marked *