ਪੁਲੀਸ ਬੈਰੀਕੇਡਾਂ ਦੀ ਆੜ ਵਿੱਚ ਹੁੰਦੀ ਅਣਅਧਿਕਾਰਤ ਇਸ਼ਤਿਹਾਰਬਾਜੀ ਤੇ ਸਖਤੀ ਨਾਲ ਰੋਕ ਲੱਗੇ: ਵਿਨੀਤ ਵਰਮਾ

ਐਸ ਏ ਐਸ ਨਗਰ, 24 ਜੂਨ (ਸ. ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਮੁਹਾਲੀ ਵਪਾਰੀਆਂ ਦੇ ਤਾਂ ਇਕ ਫੁਟ ਥਾਂ ਉਪਰ ਹੀ ਇਸ਼ਤਿਹਾਰਬਾਜੀ ਕਰਨ ਨੂੰ ਗੈਰਕਾਨੂੰਨੀ ਅਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਦਸ ਕੇ 50 ਹਜਾਰ ਦਾ ਜੁਰਮਾਨਾ ਕਰ ਦਿੰਦਾ ਹੈ ਪਰ ਨਗਰ ਨਿਗਮ ਦੀ ਨਕ ਹੇਠਾਂ ਹੀ ਪੁਲੀਸ ਨਾਕਿਆਂ ਉਪਰ ਲਗੇ ਬੈਰੀਕੇਡਾਂ ਉਪਰ ਗੈਰਕਾਨੂੰਨੀ ਤੌਰ ਤੇ ਕੰਪਨੀਆਂ ਵਲੋਂ ਆਪਣੀ ਇਸ਼ਤਿਹਾਰ ਬਾਜੀ ਮੁਫਤ ਵਿਚ ਹੀ ਕੀਤੀ ਜਾ ਰਹੀ ਹੈ, ਜਿਸ ਬਾਰੇ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ  ਰਹੀ|
ਉਹਨਾਂ ਕਿਹਾ ਕਿ ਨਗਰ ਨਿਗਮ ਦੀ ਵਿਗਿਆਪਨ ਬਰਾਂਚ ਵਲੋਂ ਸਮੇਂ ਸਮੇਂ ਉਪਰ ਸ਼ਹਿਰ ਦੀ ਚੈਕਿੰਗ ਕਰਕੇ ਸ਼ਹਿਰ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਲਗਾਏ ਗਏ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਲਈ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਨੋਟਿਸਾਂ ਵਿਚ ਇਹ ਵੀ ਚਿਤਾਵਨੀ ਦਿਤੀ ਹੁੰਦੀ ਹੈ ਕਿ ਜੇ ਉਹਨਾਂ ਨੇ ਇਹ ਬੋਰਡ ਤਿੰਨ ਦਿਨਾਂ ਦੇ ਵਿਚ ਵਿਚ ਨਾ ਉਤਾਰੇ ਤਾਂ ਉਹਨਾਂ ਨੂੰ 50 ਹਜਾਰ ਰੁਪਏ  ਜੁਰਮਾਨਾ ਕਰ ਦਿਤਾ ਜਾਵੇਗਾ| ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਸ਼ਤਿਆਰੀ ਬਾਜੀ ਕਰਨ ਦੇਣ ਲਈ ਫੀਸ ਲਈ ਜਾਂਦੀ ਹੈ ਜਦੋਂ ਕਿ ਪੁਲੀਸ ਨਾਕਿਆਂ ਉਪਰ ਲੱਗੇ ਬੈਰੀਕੇਡਾਂ ਉਪਰ ਵੱਖ ਵੱਖ ਕੰਪਨੀਆਂ ਵਲੋਂ ਸ਼ਰੇਆਮ ਇਸਤਿਹਾਰਬਾਜੀ ਕੀਤੀ ਜਾਂਦੀ ਹੈ, ਜਿਸ ਉਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਕੋਈ ਨਜਰ ਹੀ ਨਹੀਂ ਪੈ ਰਹੀ|
ਉਹਨਾਂ ਕਿਹਾ ਕਿ ਅਸਲ ਵਿਚ ਹੁੰਦਾ ਇਹ ਹੈ ਕਿ ਪੁਲੀਸ ਅਧਿਕਾਰੀ ਕਿਸੇ ਕੰਪਨੀ  ਨੂੰ ਇਹ ਬੈਰੀਕੇਡ ਬਣਾ ਦੇ ਦੇਣ ਲਈ ਕਹਿ ਦਿੰਦੇ ਹਨ ਅਤੇ ਉਹ ਕੰਪਨੀ ਮੁਫਤ ਵਿਚ ਹੀ ਇਹ ਬੈਰੀਕੇਡ ਬਣਾ ਕੇ ਦੇ ਦਿੰਦੀ ਹੈ ਅਤੇ ਇਸ ਬੋਰਡ ਉਪਰ ਉਹ ਆਪਣੀ ਇਸ਼ਤਿਹਾਰਬਾਜੀ ਵੀ ਕਰ ਦਿੰਦੀ ਹੈ| ਇਸ ਤਰਾਂ ਇਹ ਕੰਪਨੀਆਂ ਮੁਫਤ ਵਿਚ ਹੀ ਪਿਛਲੇ ਦੋ  ਸਾਲਾਂ ਤੋਂ ਮੁਹਾਲੀ ਸ਼ਹਿਰ ਵਿਚ ਇਸ਼ਤਿਹਾਰਬਾਜੀ ਕਰ ਰਹੀਆਂ ਹਨ| ਉਹਨਾਂ ਕਿਹਾ ਕਿ ਇਹ ਕੰਪਨੀਆਂ ਕੋਈ ਟੈਕਸ ਵੀ ਅਦਾ ਨਹੀਂ ਕਰਦੀਆਂ, ਜਿਸ ਕਾਰਨ ਨਗਰ ਨਿਗਮ ਨੂੰ ਹਰ ਸਾਲ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ|
ਉਹਨਾਂ ਕਿਹਾ ਕਿ ਨਗਰ ਨਿਗਮ ਨੁੰ ਚਾਹੀਦਾ ਹੈ ਕਿ ਉਹ ਪੁਲੀਸ ਨੂੰ ਬੈਰੀਕੇਡ ਖੁਦ ਬਣਾ ਕੇ ਦੇਵੇ ਅਤੇ  ਇਹਨਾਂ ਉਪਰ ਖੁਦ ਇਸ਼ਤਿਹਾਰਬਾਜੀ ਕਰੇ ਇਸ ਤਰਾਂ ਕਰਨ ਨਾਲ ਨਗਰ ਨਿਗਮ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਵੱਖ ਵੱਖ ਕੰਪਨੀਆਂ ਵਲੋਂ ਕੀਤੀ ਜਾਂਦੀ ਗੈਰਕਾਨੂੰਨੀ ਇਸ਼ਤਿਹਾਰਬਾਜੀ ਵੀ ਬੰਦ ਹੋ ਜਾਵੇਗੀ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ  ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਮਾਮਲਾ ਉਸ ਦੇ ਧਿਆਨ ਵਿੱਚ ਹੈ ਅਤੇ ਇਸ ਸਬੰਧੀ ਨਗਰ ਨਿਗਮ ਵੱਲੋਂ ਐਸ ਐਸ ਪੀ ਮੁਹਾਲੀ ਨੂੰ ਪੱਤਰ ਲਿਖ ਕੇ ਇਸ ਤਰੀਕੇ ਨਾਲ ਕੀਤੀ ਜਾਂਦੀ ਇਸ਼ਤਿਹਾਰਬਾਜੀ ਤੇ ਰੋਕ ਲਗਾਈ ਜਾਵੇਗੀ ਅਤੇ ਇਸ ਤਰੀਕੇ ਨਾਲ ਹੋ ਰਹੀ ਇਸ਼ਤਿਹਾਰਬਾਜੀ ਨੂੰ ਬੰਦ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *