ਪੁਲੀਸ ਵਲੋਂ ਨਵਾਂ ਗਰਾਓ ਵਿਖੇ 22 ਜਨਵਰੀ ਨੂੰ ਹੋਏ ਅੰਨੇ ਕਤਲ ਦੇ ਦੋ ਦੋਸ਼ੀ ਕਾਬੂ

ਪੁਲੀਸ ਵਲੋਂ ਨਵਾਂ ਗਰਾਓ ਵਿਖੇ 22 ਜਨਵਰੀ ਨੂੰ ਹੋਏ ਅੰਨੇ ਕਤਲ ਦੇ ਦੋ ਦੋਸ਼ੀ ਕਾਬੂ
ਰਿਟਾਇਰਮੈਂਟ ਦੀ ਰਕਮ ਹਾਸਿਲ ਕਰਨ ਲਈ ਹੋਇਆ ਸੀ ਕਤਲ
ਐਸ ਏ ਐਸ ਨਗਰ, 25 ਜਨਵਰੀ (ਸ.ਬ.) ਥਾਣਾ ਨਵਾਂ ਗਰਾਓਂ ਪੁਲੀਸ ਵਲੋਂ ਬੀਤੀ 22 ਜਨਵਰੀ ਨੂੰ ਹੋਏ ਇੱਕ ਅੰਨੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲੇ ਨੂੰ ਹਲ ਕਰਨ ਦਾ ਦਾਅਵਾ ਕੀਤਾ ਹੈ| ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੀ 22 ਜਨਵਰੀ ਨੂੰ ਥਾਣਾ ਨਵਾਂ ਗਰਾਓਂ ਵਿਖੇ ਇੰਦਰਜੀਤ ਕੁਮਾਰ ਵਸਨੀਕ ਨਵਾਂ ਗਰਾਓਂ ਨੇ ਸੂਚਨਾ ਦਿਤੀ ਸੀ ਕਿ ਉਹ ਦਿਨ ਵਿੱਚ ਆਪਣੀ ਡਿਊਟੀ ਤੇ ਆਈ ਟੀ ਪਾਰਕ ਮਨੀਮਾਜਰਾ ਵਿਖੇ ਗਿਆ ਸੀ ਅਤੇ ਜਦੋਂ ਉਹ ਰਾਤ ਵੇਲੇ ਘਰ ਵਾਪਸ ਆਇਆ ਤਾਂ ਉਸਦੇ ਪਿਤਾ ਰਾਜ ਕੁਮਾਰ ਨੂੰ ਘਰ ਦੀ ਰਸੋਈ ਵਿੱਚ ਮ੍ਰਿਤਕ ਹਾਲਤ ਵਿੱਚ ਪਏ ਸੀ| ਐਸ ਐਸ ਪੀ ਨੇ ਦੱਸਿਆ ਕਿ ਮ੍ਰਿਤਕ ਰਾਜਕੁਮਾਰ ਦੀ ਗਰਦਨ ਤੇ ਪੇਟ ਤੇ ਡੂੰਘੇ ਜਖਮ ਸਨ ਅਤੇ ਕਿਸੇ ਵਿਅਕਤੀ ਨੇ ਘਰ ਵਿੱਚ ਜਾ ਕੇ ਉਸਦਾ ਕਤਲ ਕਰ ਦਿੱਤਾ ਸੀ|
ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਆਈ ਪੀ ਸੀ ਦੀ ਧਾਰਾ 458, 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ| ਇਸ ਸੰਬੰਧੀ ਐਸ ਪੀ ਸਿਟੀ ਜਸਕਰਨ ਤੇਜਾ ਦੀ ਅਗਵਾਈ ਵਿੱਚ ਡੀ ਐਸ ਪੀ ਅਮਰੋਜ ਸਿੰਘ, ਥਾਂਣੇਦਾਰ ਸੁਮਿਤ ਮੁੱਖ ਅਫਸਰ ਥਾਣਾ ਨਵਾਂ ਗਰਾਓਂ ਦੀ ਟੀਮ ਬਣਾਕੇ ਜਾਂਚ ਸ਼ੁਰੂ ਕੀਤੀ ਗਈ ਜਿਸ ਦੌਰਾਨ ਪੁਲੀਸ ਨੇ ਦੋ ਵਿਅਕਤੀਆਂ ਸ਼ੁਭਮ ਗਰੋਵਰ ਵਾਸੀ ਰੋਹਤਕ ਅਤੇ ਇਸ਼ਤੇਕਾਰ ਖਾਨ ਵਸਨੀਕ ਯੂ ਪੀ ਹਾਲ ਕਿਰਾਏਦਾਰ ਖੁਡਾ ਅਲੀਸ਼ੇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ|
ਐਸ ਐਸ ਪੀ ਨੇ ਦੱਸਿਆ ਕਿ ਏ ਜੀ ਦਫਤਰ ਹਰਿਆਣਾ ਤੋਂ ਸੁਪਰਵਾਈਜਰ ਵਜੋਂ ਰਿਟਾਇਰ ਹੋਇਆ ਸੀ ਅਤੇ ਉਹ ਖੁੱਡਾ ਅਲੀਸ਼ੇਰ ਵਿਖੇ ਨਾਈ ਦੀ ਦੁਕਾਨ ਕਰਦੇ ਇਸ਼ਤੇਕਾਰ ਖਾਨ ਕੋਲ ਜਾਇਆ ਕਰਦਾ ਸੀ| ਸ਼ੁਭਮ ਗ੍ਰੋਵਰ ਦਵਾਈਆਂ ਸਪਲਾਈ ਕਰਨ ਦਾ ਕੰਮ ਕਰਦਾ ਹੈ ਅਤੇ ਉਸਦਾ ਵੀ ਇਸ਼ਤੇਕਾਰ ਕੋਲ ਆਉਣਾ ਜਾਣਾ ਸੀ|
ਐਸ ਐਸ ਪੀ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਇਹ ਗੱਲ ਸਾਮ੍ਹਣੇ ਆਈ ਹੈ ਕਿ ਰਾਜਕੁਮਾਰ ਨੇ ਲੋਹੜੀ ਵਾਲੇ ਦਿਨ ਦੋਸ਼ੀਆਂ ਨੂੰ ਦੱਸਿਆ ਸੀ ਕਿ ਉਸ ਕੋਲ ਕੁੱਝ ਦਿਨਾਂ ਤਕ ਤਿੰਨ ਲੱਖ ਰੁਪਏ ਆਉਣ ਵਾਲੇ ਹਨ ਅਤੇ ਜਿਸਤੋਂ ਬਾਅਦ ਇਹਨਾਂ ਦੋਵਾਂ ਵਿਅਕਤੀਆਂ ਨੇ ਰਾਜ ਕੁਮਾਰ ਦਾ ਕਤਲ ਕਰਕੇ ਰਕਮ ਚੋਰੀ ਕਰਨ ਦੀ ਯੋਜਨਾ ਬਣਾਈ ਸੀ| ਉਹਨਾਂ ਦੱਸਿਆ ਕਿ ਵਾਰਦਾਤ ਵਾਲੇ ਦਿਨ ਇਹ ਦੋਵੇਂ ਵਿਅਕਤੀ ਰਾਜਕੁਮਾਰ ਦੇ ਘਰ ਗਏ ਸਨ ਅਤੇ ਉਹਨਾਂ ਨੇ ਤਿੰਨ ਲੱਖ ਰੁਪਏ ਚੋਰੀ ਕਰਨ ਲਈ ਘਰ ਦੀ ਫਰੋਲਾ ਫਰਾਲੀ ਕੀਤੀ ਸੀ ਅਤੇ ਇਸ ਦੌਰਾਨ ਉਹਨਾਂ ਨੇ ਰਾਜਕੁਮਾਰ ਨੂੰ ਕਤਲ ਕਰ ਦਿੱਤਾ ਸੀ ਪਰ ਰਾਜ ਕੁਮਾਰ ਕੋਲ ਇਹ ਪੈਸੇ ਨਾ ਆਉਣ ਕਾਰਨ ਇਹ ਤਿੰਨ ਲੱਖ ਰੁਪਏ ਨਾ ਮਿਲੇ ਅਤੇ ਦੋਸ਼ੀਆਂ ਹੱਥ ਸਿਰਫ 500 ਰੁਪਏ ਹੀ ਲੱਗੇ| ਉਹਨਾਂ ਦੱਸਿਆ ਕਿ ਕਤਲ ਦੌਰਾਨ ਸ਼ੁਭਮ ਦੀ ਚੱਪਲ ਰਾਜ ਕੁਮਾਰ ਦੇ ਖੂਨ ਵਿਚ ਲਿਬੜ ਗਈ ਸੀ ਤੇ ਉਸਦੇ ਨਿਸ਼ਾਨ ਰਾਜ ਕੁਮਾਰ ਦੇ ਘਰ ਵਿਚ ਰਹਿ ਗਏ ਸਨ| ਉਹ ਚੱਪਲ ਸ਼ੁਭਮ ਤੋਂ ਬਰਾਮਦ ਕਰ ਲਈ ਹੈ| ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *