ਪੁਲੀਸ ਵੱਲੋਂ ਗੈਂਗਸਟਰਾਂ ਦੀ ਫੇਸਬੁੱਕ ਆਈ.ਡੀਜ਼ ਵਰਤ ਕੇ ਸਰਮਾਏਦਾਰਾਂ ਤੋਂ ਫਿਰੌਤੀ ਮੰਗਣ ਵਾਲਾ ਮੁਲਜ਼ਮ ਪੁਲੀਸ ਕਾਬੂ

ਐਸ.ਏ.ਐਸ ਨਗਰ, 21 ਅਪ੍ਰੈਲ (ਸ.ਬ.) ਮੁਹਾਲੀ ਪੁਲੀਸ ਨੇ ਗੈਂਗਸਟਰਾਂ ਦੀ ਫੇਸਬੁੱਕ ਆਈ.ਡੀਜ਼, ਮੋਬਾਇਲ ਫੋਨ ਅਤੇ ਲੈਪਟੌਪ ਵਰਤ ਕੇ ਅਤੇ ਪੰਜਾਬ ਦੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਦੇ ਉਹਨਾਂ ਪਾਸੋਂ ਜਬਰਨ ਮੋਟੀਆਂ ਰਕਮਾਂ ਦੀ ਮੰਗ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੁਹਾਲੀ ਅਤੇ ਸ੍ਰੀ ਗੁਰਸ਼ੇਰ ਸਿੰਘ ਸੰਧੂ, ਡੀ.ਐਸ.ਪੀ. ਮੁਹਾਲੀ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਚੈਕਿੰਗ ਦੌਰਾਨ ਮੁਖਬਰੀ ਦੇ ਆਧਾਰ ਉਪਰ ਕੁਲਦੀਪ ਸਿੰਘ ਵਾਸੀ ਪਿੰਡ ਸੁਲਤਾਨ ਵਾਲਾ ਥਾਣਾ ਆਰਿਫਕੇ ਜਿਲ੍ਹਾ ਫਿਰੋਜਪੁਰ ਨੂੰ ਦਾਰਾ ਸਟੂਡੀਓ ਚੌਂਕ ਮੁਹਾਲੀ ਦੇ ਨੇੜੇ ਤੋਂ ਰੇਡ ਕਰਕੇ ਮੋਬਾਈਲ ਫੋਨ ਅਤੇ ਲੈਪਟੌਪ ਦੇ ਨਾਲ ਕਾਬੂ ਕੀਤਾ ਹੈ| ਉਹਨਾਂ ਦੱਸਿਆ ਕਿ ਇਹ ਵਿਅਕਤੀ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਦੀ ਫੇਸਬੁੱਕ ਆਈ.ਡੀਜ਼, ਮੋਬਾਇਲ ਫੋਨ ਅਤੇ ਲੈਪਟੌਪ ਵਰਤ ਕੇ ਪੰਜਾਬ ਦੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਦੇ ਉਹਨਾਂ ਪਾਸੋਂ ਮੋਟੀ ਰਕਮ ਦੀ ਮੰਗ ਕਰਦਾ ਸੀ| ਪੁਲੀਸ ਨੇ ਇਸ ਸਬੰਧੀ ਆਈ ਪੀ ਸੀ ਦੀ ਧਾਰਾ 384,511,506 ਅਤੇ 66-ਡੀ. ਆਈ.ਡੀ. ਐਕਟ ਥਾਣਾ ਫੇਸ-1 ਮੁਹਾਲੀ ਵਿੱਚ ਦਰਜ ਕੀਤਾ ਹੈ|
ਉਹਨਾਂ ਦੱਸਿਆ ਕਿ ਬੀਤੀ 13/14 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਪਰਮੀਸ਼ ਵਰਮਾ ਉਪਰ ਫਾਇਰਿੰਗ ਕੀਤੀ ਗਈ ਸੀ, ਜਿਸ ਸਬੰਧੀ ਪੁਲੀਸ ਵੱਲੋਂ ਆਈ ਪੀ ਸੀ ਦੀ ਧਾਰਾ 307,148,149 ਅਤੇ ਅਸਲਾ ਐਕਟ ਦੀ ਧਾਰਾ 25,27,54,59 ਅਧੀਨ ਮਾਮਲਾ ਦਰਜ ਕੀਤਾ ਸੀ| ਉਹਨਾਂ ਦੱਸਿਆ ਕਿ ਪੁਲੀਸ ਦੀ ਜਾਂਚ ਵਿੱਚ ਇਹ ਗੱਲ ਸਾਮ੍ਹਣੇ ਆਈ ਕਿ ਇਸ ਵਾਰਦਾਤ ਬਾਰੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਨੇ ਉਪਰੋਕਤ ਵਿਅਕਤੀ ਕੁਲਦੀਪ ਸਿੰਘ ,ਜੋ ਬੀ.ਟੈਕ ਕੰਪਿਊਟਰ ਦੀ ਪੜਾਈ ਕਰ ਰਿਹਾ ਹੈ ਅਤੇ ਕੰਪਿਊਟਰ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ, ਰਾਹੀਂ ਆਪਣੀ ਫੇਸਬੁੱਕ ਆਈ.ਡੀ. ਉਪਰ ਪੋਸਟ ਅਪਲੋਡ ਕਰਵਾ ਕੇ ਵਾਰਦਾਤ ਦੀ ਜਿੰਮੇਵਾਰੀ ਲਈ ਸੀ|
ਉਹਨਾਂ ਦੱਸਿਆ ਕਿ ਕੁਲਦੀਪ ਸਿੰਘ ਨੇ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਦੀ ਫੇਸਬੁੱਕ ਆਈ.ਡੀ. ਤੇ ਵਾਰਦਾਤ ਵਾਲੀ ਪੋਸਟ ਪਾਈ ਸੀ| ਇਸ ਤਰ੍ਹਾਂ ਦੀਆਂ ਪੋਸਟਾਂ ਅਪਲੋਡ ਕਰਕੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਫਿਰੌਤੀ ਮੰਗਦਾ ਹੁੰਦਾ ਸੀ| ਜਿਸ ਪਾਸੋਂ ਸਰਗਰਮ ਗੈਂਗਸਟਰਾਂ ਬਾਰੇ ਅਹਿਮ ਸੁਰਾਗ ਮਿਲਣ ਦੀ ਆਸ ਹੈ|
ਉਹਨਾਂ ਕਿਹਾ ਕਿ ਨੌਜਵਾਨ ਕਿਸੇ ਵੀ ਗੈਂਗਸਟਰ ਦੀ ਫੇਸਬੁੱਕ ਉਪਰ ਕੋਈ ਵੀ ਕੁਮੈਂਟਸ ਨਾ ਕਰਨ| ਜੇਕਰ ਕੋਈ ਨੌਜਵਾਨ ਅਜਿਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ|
ਇਸ ਮੌਕੇ ਸ੍ਰੀ ਹਰਬੀਰ ਸਿੰਘ ਅਟਵਾਲ, ਐਸ.ਪੀ. (ਜਾਂਚ) ਮੁਹਾਲੀ ਅਤੇ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, ਡੀ.ਐਸ.ਪੀ.(ਜਾਂਚ) ਮੁਹਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *