ਪੂਰਨ ਸਾਫ-ਸਫਾਈ ਲਈ ਕੂੜੇ ਦੀ ਵੰਡ ਜ਼ਰੂਰੀ: ਅਵਨੀਤ ਕੌਰ

ਐਸ.ਏ.ਐਸ ਨਗਰ, 10 ਜੁਲਾਈ (ਸ.ਬ.) ਵਾਤਾਵਰਨ ਦੀ ਸਵੱਛਤਾ ਅਤੇ ਪੂਰਨ ਸਾਫ-ਸਫਾਈ ਲਈ ਕੂੜੇ ਦੀ ਸੈਗਰੀਗੇਸ਼ਨ ਭਾਵ ਗਿਲੇ-ਸੁੱਕੇ ਕੂੜੇ ਦੀ ਵੰਡ ਜ਼ਰੂਰੀ ਹੈ| ਇਸ ਨਾਲ ਕੂੜੇ ਨੂੰ ਨਸ਼ਟ ਕਰਨ ਜਾਂ ਮੁੜ ਵਰਤੋਂ ਯੋਗ ਚੀਜ਼ਾਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਢੁੱਕਵੀਂ ਥਾਂ ਤੇ ਪਹੁੰਚਾਉਣਾ ਸੁਖਾਲਾ ਹੋ ਜਾਂਦਾ ਹੈ| ਲੋਕਾਂ ਨੂੰ ਕੂੜੇ ਦੀ ਸੈਗਰੀਗੇਸ਼ਨ ਸਬੰਧੀ ਜਾਗਰੂਕ ਕਰਨ ਲਈ ਨਗਰ ਨਿਗਮ ਮੁਹਾਲੀ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ| ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਨਿਗਮ ਦੀ ਟੀਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੇਜ਼-5 ਵਿਖੇ ਕੂੜੇ ਦੀ ਸੈਗਰੀਗੇਸ਼ਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਤੇ ਰੈਲੀ ਕੱਢੀ ਗਈ, ਜਿਸ ਦੌਰਾਨ ਲੋਕਾਂ ਨੂੰ ਕੂੜੇ ਦੀ ਸੈਗਰੀਗੇਸ਼ਨ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ|
ਉਹਨਾਂ ਕਿਹਾ ਕਿ ਵਾਤਾਵਰਨ ਦੂਸ਼ਿਤ ਹੋਣ ਦਾ ਇਕ ਵੱਡਾ ਕਾਰਨ ਪਲਾਸਟਿਕ ਤੇ ਪੋਲੀਥੀਨ ਵੀ ਹਨ| ਇਸ ਦੇ ਮੱਦੇਨਜ਼ਰ ਨਿਗਮ ਦੀ ਟੀਮ ਵੱਲੋਂ ਫੇਜ਼-5 ਵਿਖੇ ਹੀ ਲੋਕਾਂ ਅਤੇ ਦੁਕਾਨਦਾਰਾਂ ਨੂੰ ਪੋਲੀਥੀਨ ਦੇ ਲਿਫਾਫਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਵਾਤਾਵਰਨ ਪੱਖੀ ਲਿਫਾਫਿਆਂ ਦੀ ਵਰਤੋਂ ਲਈ ਪ੍ਰੇਰਿਆ ਗਿਆ| ਉਹਨਾਂ ਦੱਸਿਆ ਕਿ ਨਗਰ ਨਿਗਮ ਮੁਹਾਲੀ ਵੱਲੋਂ ਲਗਾਤਾਰ ਡੇਂਗੂ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ| ਇਸ ਤੋਂ ਇਲਾਵਾ ਘਰਾਂ ਤੇ ਹੋਰਨਾਂ ਥਾਵਾਂ ਤੇ ਲੱਗੇ ਕੂਲਰਾਂ ਅਤੇ ਰੱਖੇ ਗਏ ਗਮਲਿਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਡੇਂਗੂ ਦਾ ਲਾਰਵਾ ਮਿਲਣ ਤੇ ਚਲਾਣ ਵੀ ਕੱਟੇ ਜਾ ਰਹੇ ਹਨ| ਉਹਨਾਂ ਦੱਸਿਆ ਕਿ ਵਾਤਾਵਰਨ ਦੀ ਸਵੱਛਤਾ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਲਾਜ਼ਮੀ ਹਨ| ਇਸੇ ਟੀਚੇ ਤਹਿਤ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਘਰ-ਘਰ ਹਰਿਆਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਮੁਫਤ ਬੂਟੇ ਵੰਡੇ ਜਾ ਰਹੇ ਹਨ|

Leave a Reply

Your email address will not be published. Required fields are marked *