ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
ਗੁਰਪੁਰਬ ਮੌਕੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸਜੇ ਵਿਸ਼ੇਸ਼ ਦੀਵਾਨ, ਗੁਰਧਾਮਾਂ ਵਿੱਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਐਸ ਏ ਐਸ ਨਗਰ, 4 ਨਵੰਬਰ (ਸ.ਬ.) ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁਹਾਲੀ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ਦੇ ਗੁਰਧਾਮਾਂ ਵਿਚ ਰੌਣਕਾਂ ਲੱਗੀਆਂ ਰਹੀਆਂ ਅਤੇ ਸਾਰਾ ਦਿਨ ਹਜਾਰਾਂ ਸ਼ਰਧਾਲੂ ਨਤਮਸਤਕ ਹੋ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਰਹੇ| ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਸ਼ਰਧਾਲੂ ਵੱਖ ਵੱਖ ਗੁਰਧਾਮਾਂ ਵਿਚ ਮੱਥਾ ਟੇਕਣ ਲਈ ਆਉਣੇ ਸ਼ੁਰੂ ਹੋ ਗਏ ਸਨ| ਸਾਰਾ ਦਿਨ ਹੀ ਵੱਖ ਵੱਖ ਗੁਰਧਾਮਾਂ ਵਿਚ ਗੁਰਪੁਰਬ ਸਬੰਧੀ ਵਿਸ਼ੇਸ ਦੀਵਾਨ ਸਜਾਏ ਗਏ| ਇਸ ਦੌਰਾਨ ਵੱਖ ਵੱਖ ਰਾਗੀ, ਢਾਡੀ ਜਥਿਆਂ, ਕਥਾ ਵਾਚਕਾਂ ਤੇ ਪ੍ਰਚਾਰਕਾਂ ਨੇ ਕਥਾ, ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਗੁਰਪੁਰਬ ਸਬੰਧੀ ਵੱਖ ਵੱਖ ਗੁਰਦੁਆਰਾ ਸਾਹਿਬ ਵਿਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਵਿਸ਼ੇਸ ਧਾਰਮਿਕ ਸਮਾਗਮ ਕਰਵਾਏ ਗਏ| ਗੁਰਪੁਰਬ ਸਬੰਧੀ ਸਾਰੇ ਹੀ ਗੁਰਧਾਮਾਂ ਨੂੰ ਸੁੰਦਰ ਲੜੀਆਂ ਅਤੇ ਹੋਰ ਚੀਜਾਂ ਨਾਲ ਸਜਾਇਆ ਹੋਇਆ ਹੈ| ਕਈ ਗੁਰਧਾਮਾਂ ਵਿਚ ਤਾਂ ਰਾਤ ਸਮੇਂ ਵੀ ਗੁਰਪੁਰਬ ਸਬੰਧੀ ਵਿਸ਼ੇਸ ਸਮਾਗਮ ਹੋ ਰਹੇ ਹਨ|
ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਫੇਜ 8 ਵਿਖੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ| ਅੱਜ ਸਵੇਰੇ ਤੋਂ ਹੀ ਗੁਰਪੁਰਬ ਸਬੰਧੀ ਵਿਸ਼ੇਸ ਦੀਵਾਨ ਸਜਾਏ ਗਏ ਅਤੇ ਵੱਖ ਵੱਖ ਰਾਗੀ, ਢਾਡੀ ਜਥਿਆਂ ਨੇ ਜਿਥੇ ਮਨੋਹਰ ਕੀਰਤਨ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਹੀ ਵੱਖ ਵੱਖ ਕਥਾ ਵਾਚਕਾਂ ਅਤੇ ਪ੍ਰਚਾਰਕਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿਤੀ| ਇਸ ਪਵਿੱਤਰ ਗੁਰਧਾਮ ਵਿਚ ਸਵੇਰ ਤੋਂ ਹੀ ਸੰਗਤਾਂ ਦਾ ਹੜ ਆ ਗਿਆ ਸੀ ਅਤੇ ਸਾਰਾ ਦਿਨ ਹੀ ਵੱਡੀ ਗਿਣਤੀ ਲੋਕ ਗੁਰਦੁਆਰਾ ਸਾਹਿਬ ਆ ਕੇ ਗੁਰੂ ਗਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦੇ ਰਹੇ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ| ਗੁਰਦੁਆਰਾ ਸਾਹਿਬ ਨੇੜੇ ਲੱਗੀਆਂ ਦੁਕਾਨਾਂ ਉਪਰ ਵੀ ਕਾਫੀ ਰੌਣਕ ਵੇਖੀ ਗਈ ਅਤੇ ਸ਼ਰਧਾਲੂ ਖਾਸ ਕਰਕੇ ਬੱਚੇ ਇਹਨਾਂ ਦੁਕਾਨਾਂ ਉਪਰ ਖਰੀਦਦਾਰੀ ਕਰਦੇ ਵੀ ਵੇਖੇ ਗਏ|
ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ 3 ਬੀ 1 ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ੇਸ ਸਮਾਗਮ ਕੀਤੇ ਗਏ| ਇਸ ਮੌਕੇ ਇਸਤਰੀ ਕੀਰਤਨੀ ਜਥੇ, ਰਾਗੀ ਜਥਿਆਂ ਨੇ ਮਨੋਹਰ ਕੀਰਤਨ ਕੀਤਾ| ਵੱਡੀ ਗਿਣਤੀ ਸਕੂਲੀ ਬੱਚੇ ਵੀ ਇਸ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੁੰਦੇ ਵੇਖੇ ਗਏ| ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਵਿਚ ਵੱਡੀ ਗਿਣਤੀ ਔਰਤਾਂ, ਬੱਚੇ ਅਤੇ ਬਜੁਰਗ ਵੀ  ਸ਼ਾਮਲ ਸਨ| ਦੁਪਹਿਰ ਸਮੇਂ ਇਸ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਵਾਲਿਆਂ ਸ਼ਰਧਾਲੂਆਂ ਦੀ ਲਾਈਨਾਂ ਜੌੜਾ ਘਰ ਤੱਕ ਪਹੁੰਚ ਗਈਆਂ ਸਨ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ| ਇਸ ਮੌਕੇ ਪਕੌੜੇ ਅਤੇ ਬ੍ਰੈਡ ਅਤੇ ਫਲਾਂ ਦਾ ਲੰਗਰ ਵੀ ਲਗਾਇਆ ਗਿਆ|
ਗੁਰਦੁਆਰਾ ਰਾਮਗੜ੍ਹੀਆ ਫੇਜ 3 ਬੀ 1 ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ| ਸਵੇਰ ਤੋਂ ਹੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਕਥਾ ਕੀਰਤਨ ਹੋ ਰਹੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ| ਇਸ ਮੌਕੇ ਵੱਖ ਵੱਖ ਰਾਗੀ ਢਾਡੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਸੰਗਤਾਂ ਨੂੰ ਸ਼ਰਵਣ  ਕਰਵਾਈ ਜਾ ਰਹੀ ਸੀ| ਖਬਰ ਲਿਖੇ ਜਾਣ ਤੱਕ ਵੀ ਗੁਰਦੁਆਰਾ ਸਾਹਿਬ ਵਿਚ ਗੁਰਪੁਰਬ ਸਬੰਧੀ ਸਮਾਗਮ ਚਲ ਰਿਹਾ ਸੀ ਅਤੇ ਵੱਡੀ ਗਿਣਤੀ ਸੰਗਤਾਂ ਸ਼ਰਧਾ ਨਾਲ ਗੁਰੂ ਘਰ ਵਿਚ ਨਤਮਸਤਕ ਹੋ ਰਹੀਆਂ ਸਨ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ|
ਇਸੇ ਤਰਾਂ ਫੇਜ 7 ਦੇ ਗੁਰਦੁਆਰਾ ਬੀਬੀ ਭਾਨੀ ਜੀ, ਫੇਜ 11 ਦੇ ਗੁਰਦੁਆਰਾ ਸਿੰਘ ਸਭਾ, ਫੇਜ 1, ਫੇਜ 2 ਅਤੇ ਫੇਜ 4 ਦੇ ਗੁਰਦੁਆਰਾ ਸਾਹਿਬ ਸਮੇਤ ਸ਼ਹਿਰ ਦੇ ਹੋਰਨਾਂ ਗੁਰਧਾਮਾਂ ਵਿਚ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅੱਜ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋ ਗਏ ਸਨ ਜੋ ਕਿ ਖਬਰ ਲਿਖੇ ਜਾਣ ਤਕ ਜਾਰੀ ਸਨ|
ਗੁਰਪੁਰਬ ਮੌਕੇ ਫੇਜ 3 ਬੀ 1 ਦੀ ਜਨਤਾ ਮਾਰਕੀਟ ਵਿਚ ਮੋਹਤਬਰ ਆਗੂਆਂ ਵਲੋਂ ਲੰਗਰ ਲਗਾਇਆ ਗਿਆ| ਇਸ ਮੌਕੇ ਕੌਂਸਲਰ ਸ ਹਰਮਨਪ੍ਰੀਤ ਸਿੰਘ ਪਿੰ੍ਰਸ ਨੇ ਵੀ ਪਹੁੰਚ ਕੇ ਸੇਵਾ ਵਿਚ ਹਿਸਾ ਪਾਇਆ| ਇਸ ਮੌਕੇ ਸ ਪ੍ਰਿੰਸ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਧਰਮਾਂ ਦੇ ਹੀ ਸਮਾਗਮਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਆਪਸੀ ਭਾਈਚਾਰਕ ਸਾਂਝ ਵਿਚ ਵਾਧਾ ਹੋਵੇ|
ਇਸੇ ਤਰਾਂ  ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ | ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ  ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ  ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਧਾਰਮਿਕ ਸਮਾਗਮ ਵਿੱਚ ਭਾਈ ਭਗਤ ਸਿੰਘ ਆਜ਼ਾਦ ਅਤੇ ਮੀਆਂਪੁਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਬ੍ਰਿਤਾਂਤ ਢਾਡੀ ਵਾਰਾਂ ਵਿੱਚ ਸੰਗਤਾਂ ਨੂੰ ਵਿਸਥਾਰ ਵਿੱਚ ਸੁਣਾਇਆ | ਭਾਈ ਸੰਦੀਪ ਸਿੰਘ , ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ  ਦੁਆਰਾ ਸਮੂਹ ਮਾਨਵਤਾ ਦੀ ਭਲਾਈ ਲਈ ਕੀਤੀਆਂ ਚਾਰੇ ਉਦਾਸੀਆਂ ਬਾਰੇ ਸੰਖੇਪ ਵਿੱਚ ਸੰਗਤਾਂ ਨੂੰ ਜਾਣੂੰ ਕਰਵਾਇਆ| ਭਾਈ  ਗੁਰਮੇਲ ਸਿੰਘ  ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ  ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ| ਇਸ ਤੋਂ ਇਲਾਵਾ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ, ਕਥਾਵਾਚਕਾਂ, ਕਵੀਸ਼ਰਾਂ ਅਤੇ ਗੁਰਮਤਿ ਪ੍ਰਚਾਰਕਾਂ  ਵੱਲੋਂ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਨਿਹਾਲ ਕੀਤਾ |

Leave a Reply

Your email address will not be published. Required fields are marked *