ਪੂਰੀ ਹੁੰਦੀ ਨਹੀਂ ਦਿਖਦੀ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਹਾਸਿਲ ਕਰਨ ਦੀ ਭਾਜਪਾ ਦੀ ਖਾਹਿਸ਼

ਪੂਰੀ ਹੁੰਦੀ ਨਹੀਂ ਦਿਖਦੀ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਹਾਸਿਲ ਕਰਨ ਦੀ ਭਾਜਪਾ ਦੀ ਖਾਹਿਸ਼
ਜੇਕਰ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਆਇਆ ਤਾਂ ਵੀ ਉਸਦੇ ਪਾਸ ਹੋਣ ਦੀ ਕੋਈ ਸੰਭਾਵਨਾ ਨਹੀਂ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 6 ਅਗਸਤ

ਨਗਰ ਨਿਗਮ ਦੀ ਕਾਬਿਜ ਧਿਰ ਵਿੱਚ ਸ਼ਾਮਿਲ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਵਲੋਂ ਇੱਕ ਵਾਰ ਫਿਰ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਹਾਸਿਲ ਕਰਨ ਲਈ ਚਾਰਾਜੋਈ ਆਰੰਭ ਕੀਤੀ ਗਈ ਹੈ| ਹਾਲਾਂਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੂੰ ਅਹੁਦੇ ਤੋਂ ਉਤਾਰਨ ਦੀ ਇਹ ਪੂਰੀ ਕਵਾਇਦ ਹਵਾ ਹਵਾਈ ਹੀ ਹੈ ਕਿਉਂਕਿ ਮੌਜੂਦਾ ਅੰਕੜਿਆਂ ਅਨੁਸਾਰ ਜੇਕਰ ਭਾਜਪਾ ਕੌਂਸਲਰਾਂ ਵਲੋਂ ਉਹਨਾਂ ਨੂੰ ਅਹੁਦੇ ਤੋਂ ਲਾਹੁਣ ਲਈ ਬੇਵਿਸਾਹੀ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਵੀ ਉਸਦੇ ਪਾਸ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ|
ਜੇਕਰ ਨਗਰ ਨਿਗਮ ਵਿੱਚ ਕੌਂਸਲਰਾਂ ਦੀ ਕੁਲ ਗਿਣਤੀ ਮਿਣਤੀ ਦਾ ਹਿਸਾਬ ਲਗਾਇਆ ਜਾਵੇ ਤਾਂ ਨਿਗਮ ਦੇ ਕੁਲ 50 ਕੌਂਸਲਰ ਹਨ ਜਦੋਂਕਿ ਇੱਕ ਵੋਟ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਹੈ| ਕੁਲ 51 ਮੈਂਬਰਾਂ ਦੇ ਹਾਊਸ ਵਿੱਚ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹ ਦਾ ਮਤਾ ਪਾਸ ਕਰਨ ਲਈ ਦੋ ਤਿਹਾਈ ਵੋਟਾਂ ਦੀ ਲੋੜ ਪੈਂਦੀ ਹੈ|
ਇਸ ਵੇਲੇ ਨਿਗਮ ਵਿੱਚ 15 ਕੌਂਸਲਰ ਕਾਂਗਰਸ ਪਾਰਟੀ ਦੇ ਹਨ ਜਦੋਂਕਿ ਅਕਾਲੀ ਭਾਜਪਾ ਗਠਜੋੜ ਦੇ ਇਸ ਵੇਲੇ 35 ਕੌਂਸਲਰ ਹਨ| ਇਸ ਹਿਸਾਬ ਨਾਲ ਤਾਂ ਅਕਾਲੀ ਭਾਜਪਾ ਗਠਜੋੜ ਕੋਲ ਦੋ ਤਿਹਾਈ ਬਹੁਮਤ ਦਿਖਦਾ ਹੈ ਪਰੰਤੂ ਇਸ ਮਾਮਲੇ ਵਿੱਚ ਪੇਚ ਇਹ ਹੈ ਕਿ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਕਿਸੇ ਵੀ ਕੀਮਤ ਤੇ ਸ੍ਰੀ ਰਿਸ਼ਵ ਜੈਨ ਨੂੰ ਅਹੁਦੇ ਤੋਂ ਉਤਾਰਨ ਵਾਲੇ ਕਿਸੇ ਵੀ ਮਤੇ ਦਾ ਸਮਰਥਨ ਕਰਨ ਲਈ ਤਿਆਰ ਨਹੀਂ ਹਨ| ਇਸੇ ਤਰ੍ਹਾਂ ਕੌਂਸਲਰ ਹਰਵਿੰਦਰ ਕੌਂਰ ਲੰਗ ਵੀ ਇਸ ਫੈਸਲੇ ਵਿੱਚ ਪੂਰੀ ਤਰ੍ਹਾਂ ਸ੍ਰ. ਸੇਠੀ ਦੇ ਨਾਲ ਖੜ੍ਹੇ ਹਨ ਜਿਸ ਨਾਲ ਸ੍ਰੀ ਜੈਨ ਦੇ ਹੱਕ ਵਿੱਚ 51 ਵਿੱਚੋਂ 18 ਵੋਟਾਂ ਹੋਣ ਕਾਰਨ ਇਹ ਮਤਾ ਪਾਸ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ|
ਸ੍ਰ. ਸੇਠੀ ਦੇ ਸੀਨੀਅਰ ਡਿਪਟੀ ਮੇਅਰ ਦੇ ਹੱਕ ਵਿੱਚ ਖੜ੍ਹਣ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ| 2015 ਵਿੱਚ ਹੋਈ ਨਗਰ ਨਿਗਮ ਦੀ ਚੋਣ ਵੇਲੇ ਮੇਅਰ ਕੁਲਵੰਤ ਸਿੰਘ ਦੇ ਧੜੇ ਵਲੋਂ ਆਪਣਾ ਵੱਖਰਾ ਗਰੁੱਪ ਬਣਾ ਕੇ ਚੋਣ ਲੜੀ ਗਈ ਸੀ ਜਦੋਂਕਿ ਸ੍ਰ. ਸੇਠੀ ਅਤੇ ਸ੍ਰੀਮਤੀ ਲੰਗ ਆਜਾਦ ਤੌਰ ਤੇ ਚੋਣ ਲੜੇ ਸਨ| ਚੋਣਾਂ ਦੇ ਨਤੀਜਿਆਂ ਵਿੱਚ ਸ੍ਰ. ਕੁਲਵੰਤ ਸਿੰਘ ਦੇ ਧੜੇ ਦੇ 11, ਕਾਂਗਰਸ ਦੇ 14 ਅਤੇ ਅਕਾਲੀ ਭਾਜਪਾ ਗਠਜੋੜ ਦੇ 23 ਮੈਂਬਰਾਂ ਤੋਂ ਇਲਾਵਾ ਸ੍ਰ. ਸੇਠੀ ਅਤੇ ਸ੍ਰੀਮਤੀ ਲੰਗ ਆਜਾਦ ਤੌਰ ਤੇ ਚੋਣ ਜਿੱਤੇ ਸੀ| ਇਸ ਤੋਂ ਬਾਅਦ ਵਾਪਰੇ ਘਟਨਾਚੱਕਰ ਦੌਰਾਨ ਸ੍ਰ. ਕੁਲਵੰਤ ਸਿੰਘ ਨੇ ਉਸ ਵੇਲੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਗਠਜੋੜ ਕਰ ਲਿਆ ਸੀ ਅਤੇ ਸ੍ਰ. ਸੇਠੀ ਅਤੇ ਸ੍ਰੀਮਤੀ ਲੰਗ ਨੇ ਵੀ ਉਹਨਾਂ ਨੂੰ ਸਮਰਥਨ ਦੇ ਦਿੱਤਾ ਸੀ| ਇਸ ਸੰਬੰਧੀ ਹੋਏ ਫੈਸਲੇ ਦੇ ਤਹਿਤ ਸ੍ਰ. ਕੁਲਵੰਤ ਸਿੰਘ ਨੂੰ ਮੇਅਰ, ਸ੍ਰੀ ਰਿਸ਼ਵ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸ੍ਰ. ਮਨਜੀਤ ਸਿੰਘ ਸੇਠੀ ਨੂੰ ਡਿਪਟੀ ਮੇਅਰ ਬਣਾਉਣ ਤੇ ਸਹਿਮਤੀ ਹੋਈ ਸੀ ਅਤੇ ਇਸ ਸੰਬੰਧੀ (ਕਥਿਤ ਤੌਰ ਤੇ) ਚੰਡੀਗੜ੍ਹ ਦੇ ਇੱਕ ਗੁਰਦੁਆਰੇ ਵਿੱਚ ਅਰਦਾਸ ਵੀ ਕੀਤੀ ਗਈ ਸੀ|
ਬਾਅਦ ਵਿੱਚ ਸ੍ਰ. ਕੁਲਵੰਤ ਸਿੰਘ ਸਮੇਤ ਉਹਨਾਂ ਦੇ ਗਰੁੱਪ ਦੇ ਸਮੂਹ ਕੌਂਸਲਰ (ਸ੍ਰ. ਸੇਠੀ ਅਤੇ ਸ੍ਰੀਮਤੀ ਲੰਗ ਸਮੇਤ) ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਹੁਣ ਅਕਾਲੀ ਭਾਜਪਾ ਗਠਜੋੜ ਦੇ ਕੌਂਸਲਰਾਂ ਨੇ ਵੀ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਕਬੂਲ ਲਈ ਹੈ| ਇਸ ਦੌਰਾਨ ਭਾਜਪਾ ਵਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਉਹਨਾਂ ਦੇ ਕਿਸੇ ਕੌਂਸਲਰ ਨੂੰ ਮਿਲਣਾ ਚਾਹੀਦਾ ਹੈ ਅਤੇ ਭਾਜਪਾ ਕੌਂਸਲਰਾਂ ਵਲੋਂ ਬੀਤੇ ਦਿਨੀ ਪਹਾੜੀ ਵਾਦੀਆਂ ਦੀ ਸੈਰ ਦੌਰਾਨ ਵੀ ਮੇਅਰ ਕੋਲ ਇਹ ਮੁੱਦਾ ਚੁੱਕਿਆ ਗਿਆ ਸੀ|
ਸ੍ਰ. ਸੇਠੀ ਕਹਿੰਦੇ ਹਨ ਕਿ ਉਹ ਪਹਿਲਾਂ ਕੀਤੀ ਅਰਦਾਸ ਤੋਂ ਮੁਨਕਰ ਨਹੀਂ ਹੋ ਸਕਦੇ ਅਤੇ ਉਹ ਕਿਸੇ ਵੀ ਕੀਮਤ ਤੇ ਸ੍ਰੀ ਰਿਸ਼ਵ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੋਂ ਉਤਾਰਨ ਲਈ ਪਾਏ ਜਾਣ ਵਾਲੇ ਬੇਵਿਸਾਹੀ ਦੇ ਮਤੇ ਦਾ ਸਮਰਥਨ ਨਹੀਂ ਕਰਣਗੇ| ਜਾਹਿਰ ਹੈ ਕਿ ਇਹਨਾਂ ਹਾਲਾਤਾਂ ਵਿੱਚ ਜੇਕਰ ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਲਿਆਂਦਾ ਵੀ ਜਾਂਦਾ ਹੈ ਤਾਂ ਵੀ ਉਸਦੇ ਪਾਸ ਹੋਣ ਦੀ ਦੂਰ ਦੂਰ ਤਕ ਕੋਈ ਸੰਭਾਵਨਾ ਨਹੀਂ ਹੈ|

Leave a Reply

Your email address will not be published. Required fields are marked *