ਪੂੰਜੀਪਤੀਆਂ ਵਾਂਗ ਗਰੀਬਾਂ ਦੇ ਕਰਜ਼ੇ ਵੀ ਮੁਆਫ ਕਰੇ ਸਰਕਾਰ : ਬੰਤ ਬਰਾੜ

ਚੰਡੀਗੜ੍ਹ, 18 ਅਗਸਤ (ਸ.ਬ.) ਪੰਜਾਬ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ  ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿਚ ਪੇਂਡੂ ਅਤੇ ਸ਼ਹਿਰੀ ਬਸਤੀਆਂ ਵਿਚਲੀਆਂ ਗਰੀਬ ਔਰਤਾਂ ਵਲੋਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਤੋਂ ਲਏ ਕਰਜ਼ੇ ਮੁਆਫ ਕੀਤੇ ਜਾਣ| 
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਾਰੇ ਦੇਸ਼ ਵਿੱਚ             ਪੇਂਡੂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਵਿਚ ਰਹਿੰਦੀਆਂ ਔਰਤਾਂ ਨੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣ ਲਈ ਛੋਟੇ-ਮੋਟੇ ਕਾਰੋਬਾਰਾਂ ਵਾਸਤੇ ਇਹਨਾਂ ਕੰਪਨੀਆਂ ਵਲੋਂ ਕਰਜ਼ੇ ਲਏ ਹਨ ਅਤੇ ਭਾਰਤ ਦੀਆਂ ਭਾਰੀ ਗਿਣਤੀ ਵਿੱਚ ਔਰਤਾਂ ਇਹਨਾਂ  ਕਰਜ਼ਿਆਂ ਤੋਂ ਪ੍ਰਭਾਵਿਤ ਹਨ| ਉਹਨਾਂ ਕਿਹਾ ਕਿ ਕੋਰੋਨਾ ਦੀ ਮਾਰ ਕਾਰਨ ਸਾਰੇ ਕਾਰੋਬਾਰ ਠੱਪ ਹੋ ਗਏ ਹਨ| ਅਜਿਹੇ ਵਿੱਚ ਇਹਨਾਂ ਗਰੀਬ ਔਰਤਾਂ ਕੋਲ ਆਮਦਨ ਦਾ ਕੋਈ ਵੀ ਸਾਧਨ ਨਾ ਹੋਣ ਕਾਰਣ ਉੁਹਨਾਂ ਕੋਲ ਕਰਜ਼ੇ ਮੋੜਨ ਦੀ ਸਮਰੱਥਾ ਨਹੀਂ ਹੈ ਅਤੇ ਕਰਜਾ ਨਾ ਮੋੜਣ ਦੀ ਹਾਲਤ ਵਿੱਚ ਉਹਨਾਂ ਕਿਹਾ ਕਿ ਇਹਨਾਂ ਕੰਪਨੀਆਂ ਦੇ ਕਰਿੰਦੇ ਜ਼ਬਰਦਸਤੀ ਘਰਾਂ ਵਿਚ ਦਾਖਲ ਹੋ ਕੇ ਗੁੰਡਾਗਰਦੀ ਕਰਦੇ ਹਨ ਅਤੇ ਲੋਕਾਂ ਦਾ ਸਾਮਾਨ ਚੁੱਕ ਕੇ ਲੈ ਜਾਂਦੇ ਹਨ|
ਉਹਨਾਂ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ਿਆਂ ਦੀ ਉਗਰਾਹੀ ਅਗਸਤ 2020 ਤਕ ਰੋਕਣ ਦੀ ਹਿਦਾਇਤ ਦਿੱਤੀ ਗਈ ਸੀ ਅਤੇ ਇਹ ਘੱਟੋ-ਘੱਟ ਇਕ ਸਾਲ ਹੋਰ ਅੱਗੇ ਪਾਉਣੀ ਚਾਹੀਦੀ ਹੈ|
ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਔਰਤਾਂ ਦੇ ਕਰਜੇ ਮਾਫ ਕੀਤੇ ਜਾਣ| ਉਹਨਾਂ ਕਿਹਾ ਕਿ  ਜੇਕਰ ਕਾਰਪੋਰੇਟ ਸੈਕਟਰ ਦੇ ਬੇਲ ਆਊਟ ਦੇ ਨਾਂ ਤੇ ਕਈ ਲੱਖ ਕਰੋੜ ਦਿਤੇ ਜਾ ਸਕਦੇ ਹਨ ਤਾਂ ਇਹਨਾਂ ਗਰੀਬ ਔਰਤਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *