ਪੇਂਡੂ ਚੌਂਕੀਦਾਰਾਂ ਨੇ ਸੀਟੂ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਕੀਤਾ ਰੋਸ ਵਿਖਾਵਾ

ਐਸ ਏ ਐਸ ਨਗਰ,13 ਅਗਸਤ (ਸ.ਬ.) ਇੱਥੇ ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਵਿੱਚ ਪੰਜਾਬ ਭਰ ਤੋਂ ਆਏ ਪੇਂਡੂ ਚੌਕੀਦਾਰਾਂ ਵਲੋਂ ਰੋਸ ਵਿਖਾਵਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕੀਤੀ| ਇਸ ਵਿਖਾਵੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਅਤੇ ਉਪ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਅਜ਼ਾਦੀ ਦੇ 71 ਸਾਲ ਬਾਦ ਵੀ ਪੇਂਡੂ ਚੌਕੀਦਾਰਾਂ ਦੇ ਘਰਾਂ ਵਿੱਚ ਅਜ਼ਾਦੀ ਦਾ ਨਿੱਘ ਨਹੀਂ ਪੁੱਜਿਆ| ਅੱਜ ਵੀ ਚੌਕੀਦਾਰਾਂ ਨੂੰ ਮਜ਼ਦੂਰ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ| ਚਾਰ ਸਾਲ ਲੰਬੇ ਸੰਘਰਸ਼ ਤੋਂ ਬਾਅਦ ਵੀ ਪੇਂਡੂ ਚੌਕੀਦਾਰਾਂ ਦਾ ਮਾਣ ਭੱਤਾ 800/- ਰੁਪਏ ਮਹੀਨੇ ਤੋਂ ਵਧਾ ਕੇ 1250/- ਰੁਪਏ ਮਹੀਨਾ ਹੀ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਵਿੱਚ ਇਸ ਸਮੇਂ ਮਜ਼ਦੂਰ ਦੀ ਘੱਟੋ ਘੱਟ ਉਜਰਤ 7853/- ਰੁਪਏ ਹੈ| ਉਹਨਾਂ ਕਿਹਾ ਕਿ ਹਕੀਕਤ ਵਿੱਚ ਪੇਂਡੂ ਚੌਕੀਦਾਰਾਂ ਨਾਲ ਗੁਲਾਮਾਂ ਵਾਲਾ ਸਲੂਕ ਅੱਜ ਵੀ ਜਾਰੀ ਹੈ, ਜਿਸਨੂੰ ਸਹਿਨ ਨਹੀਂ ਕੀਤਾ ਜਾ ਸਕਦਾ| ਆਪਣੀਆਂ ਤਨਖਾਹਾਂ, ਭੱਤਿਆਂ ਅਤੇ ਪੈਨਸ਼ਨਾਂ ਵਿੱਚ ਭਾਰੀ ਵਾਧੇ ਕਰਨ ਵਾਲੇ ਮੰਤਰੀਆਂ ਵਲੋਂ ਪੇਂਡੂ ਚੌਕੀਦਾਰਾਂ ਜੋ ਸਾਰੇ ਸਰਕਾਰੀ ਵਿਭਾਗਾਂ, ਸਰਪੰਚਾਂ, ਲੰਬਰਦਾਰਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਨੂੰ ਮਜ਼ਦੂਰ ਦਾ ਦਰਜਾ ਵੀ ਨਾ ਦੇਣਾ ਪੇਂਡੂ ਚੌਕੀਦਾਰਾਂ ਜੋ ਦਲਿਤ ਪਰਿਵਾਰਾਂ ਵਿਚੋਂ ਹੀ ਹੁੰਦੇ ਹਨ, ਨਾਲ ਘੋਰ ਅਨਿਆਇ ਹੈ, ਜਿਸ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ| ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇਂਡੂ ਚੌਕੀਦਾਰਾਂ ਨੂੰ ਮਜ਼ਦੂਰ ਦਾ ਦਰਜਾ ਦਿੱਤਾ ਜਾਵੇ ਅਤੇ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ| ਜਦੋਂ ਤੱਕ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੇਂਡੂ ਚੌਕੀਦਾਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ, ਵਰਦੀ, ਬੂਟ, ਟਾਰਚ ਅਤੇ ਰਾਤ ਨੂੰ ਪਹਿਰਾ ਦੇਣ ਸਮੇਂ ਹਲਕਾ ਹਥਿਆਰ ਦਿੱਤਾ ਜਾਵੇ| ਪੇਂਡੂ ਚੌਕੀਦਾਰਾਂ ਦੀ ਸਮਾਜਿਕ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ| ਕਾਮਰੇਡ ਨੀਲੋਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੇਂਡੂ ਚੌਕੀਦਾਰਾਂ ਦੀਆਂ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਲ ਮੰਤਰੀ ਅਤੇ ਵਿੱਤ ਮੰਤਰੀ ਸਮੇਤ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਖਾਲੀ ਪੀਪੇ ਖੜਕਾਏ ਜਾਣਗੇ| ਇਸ ਰੈਲੀ ਨੂੰ ਯੂਨੀਅਨ ਦੇ ਜਨਰਲ ਸਕੱਤਰ ਦੇਵੀ ਟਾਪੇ, ਸਰਪ੍ਰਸਤ ਸੁਰਿੰਦਰ ਸਿੰਘ, ਸਕੱਤਰ ਹਰਭਜਨ ਸਿੰਘ ਡੋਗਰਾਵਾਲ, ਚਰਨ ਸਿੰਘ ਮੰਗੋਵਾਲ, ਮੀਤ ਪ੍ਰਧਾਨ ਮਲਕੀਤ ਸਿੰਘ ਮੋਗਾ, ਉਪ ਪ੍ਰਧਾਨ ਜਗਦੀਸ਼ ਅਟਾਰੀ ਅਤੇ ਜਸਦੇਵ ਸਿੰਘ ਸਕੱਤਰ ਨੇ ਵੀ ਸੰਬੋਧਨ ਕੀਤਾ | ਰੈਲੀ ਵਿੱਚ ਮੱਤਾ ਪਾਸ ਕਰਕੇ ਫੈਸਲਾ ਕੀਤਾ ਕੀਤਾ ਗਿਆ ਕਿ ਦੇਸ਼ ਦੇ ਸੰਵਿਧਾਨ ਉੱਤੇ ਵੱਧ ਰਹੇ ਹਮਲਿਆਂ, ਵੱਧ ਰਹੀ ਫਿਰਕਾਪ੍ਰ;ਤੀ, ਘੱਟ ਗਿਣਤੀ, ਦਲਿਤਾਂ, ਅਤੇ ਔਰਤਾਂ ਉਪਰ ਵੱਧ ਰਹੇ ਜਬਰ ਦੇ ਵਿਰੋਧ ਵਿੱਚ 14 ਅਗਸਤ ਰਾਤ ਨੂੰ ਜਗਰਾਤੇ ਕੀਤੇ ਜਾਣਗੇ| 5 ਸਤੰਬਰ ਦੀ ਮਜ਼ਦੂਰ ਕਿਸਾਨ ਸੰਘਰਸ਼ ਰੈਲੀ ਲਈ 1000 ਤੋਂ ਵੱਧ ਪੇਂਡੂ ਚੌਕੀਦਾਰਾਂ ਦਾ ਜੱਥਾ ਦਿੱਲੀ ਪੁਜੇਗਾ|

Leave a Reply

Your email address will not be published. Required fields are marked *