ਪੇਂਡੂ ਵਿਕਾਸ ਫੰਡ ਵਿੱਚ ਕਟੌਤੀ ਕਰਕੇ ਕਿਸਾਨ ਅੰਦੋਲਨ ਦਾ ਬਦਲਾ ਲੈ ਰਿਹਾ ਹੈ ਕੇਂਦਰ : ਢੀਂਡਸਾ

ਚੰਡੀਗੜ੍ਹ, 22 ਜਨਵਰੀ (ਸ.ਬ.) ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ (ਆਰ. ਡੀ. ਐੱਫ.) ਵਿੱਚ ਕਟੌਤੀ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਕਾਰਨ ਹੀ ਕੇਂਦਰ ਸਰਕਾਰ ਹੁਣ ਪੰਜਾਬ ਤੋਂ ਬਦਲਾ ਲੈਣ ਲਈ ਉਤਾਰੂ ਹੋ ਚੁੱਕੀ ਹੈ।

ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਦਾ ਪੰਜਾਬ ਨੂੰ ਮਿਲਦੇ ਤਿੰਨ ਫੀਸਦੀ ਪੇਂਡੂ ਵਿਕਾਸ ਫੰਡ ਨੂੰ ਘਟਾ ਕੇ ਇੱਕ ਫੀਸਦੀ ਕਰ ਦੇਣ ਦਾ ਫੈਸਲਾ ਇੱਕਪਾਸੜ ਹੈ ਅਤੇ ਕੇਂਦਰ ਹੁਣ ਵਿਤਕਰੇ ਦੀ ਰਾਹ ਉੱਤੇ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਪੇਂਡੂ ਵਿਕਾਸ ਉੱਤੇ ਹੀ ਖਰਚ ਹੁੰਦਾ ਹੈ ਪਰ ਕੇਂਦਰ ਨੇ ਪੈਸਾ ਘਟਾ ਕੇ ਪੰਜਾਬ ਦੇ ਵਿਕਾਸ ਕੰਮਾਂ ਵਿੱਚ ਰੁਕਵਾਟ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸ. ਢੀੰਡਸਾ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਡਰਾਉਣ ਲਈ ਕੇਂਦਰੀ ਜਾਂਚ ਏਜੰਸੀ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭਜਵਾਏ ਗਏ। ਹੁਣ ਜਦੋਂ ਕੇਂਦਰ ਦੀਆਂ ਸਾਰੀਆਂ ਕੋਝੀਆਂ ਸਾਜਿਸ਼ਾਂ ਨਾਕਾਮ ਹੋ ਚੁੱਕੀਆਂ ਹਨ, ਤਾਂ ਪੰਜਾਬ ਦੇ ਪੇਂਡੂ ਵਿਕਾਸ ਕੰਮਾਂ ਵਿੱਚ ਲੱਗਣ ਵਾਲੇ ਪੈਸਿਆਂ ਵਿੱਚ ਕਟੌਤੀ ਕਰਕੇ ਕੇਂਦਰ ਸਰਕਾਰ ਸੂਬੇ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਕਟੌਤੀ ਨਾਲ ਸੂਬੇ ਨੂੰ ਵਿੱਤੀ ਰੂਪ ਵਿੱਚ ਵੱਡੀ ਮਾਰ ਝੱਲਣੀ ਪਵੇਗੀ ਅਤੇ ਇਸ ਫੈਸਲੇ ਦਾ ਸਿੱਧਾ ਅਸਰ ਪੇਂਡੂ ਵਿਕਾਸ ਉੱਤੇ ਪਵੇਗਾ। ਉਹਨਾਂ ਮੰਗ ਕੀਤੀ ਕਿ ਕੇਂਦਰ ਵਿਤਕਰੇਬਾਜ਼ੀ ਤੋਂ ਗੁਰੇਜ਼ ਕਰੇ ਅਤੇ ਫੰਡ ਵਿੱਚ ਕੀਤੀ ਗਈ ਕਟੌਤੀ ਦਾ ਫੈਸਲਾ ਵਾਪਸ ਲਵੇ।

Leave a Reply

Your email address will not be published. Required fields are marked *