ਪੇਂਡੂ ਸੰਘਰਸ਼ ਕਮੇਟੀ ਵੱਲੋਂ ਮਟੌਰ ਵਿਖੇ ਨਸ਼ਾ ਛੱਡੋ ਜਾਗਰੂਕਤਾ ਕੈਂਪ ਆਯੋਜਿਤ

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਨਗਰ ਨਿਗਮ ਮੁਹਾਲੀ ਅਧੀਨ ਆਉਂਦੇ ਛੇ ਪਿੰਡਾਂ ਮਟੌਰ, ਕੁੰਭੜਾ, ਸੋਹਾਣਾ, ਮਦਨਪੁਰ, ਸ਼ਾਹੀਮਾਜਰਾ ਅਤੇ ਮੁਹਾਲੀ ਤੇ ਅਧਾਰਿਤ ਪੇਂਡੂ ਸੰਘਰਸ਼ ਕਮੇਟੀ ਵੱਲੋਂ ਪਿੰਡ ਮਟੌਰ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ| ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਪੁਲੀਸ ਸਟੇਸ਼ਨ ਮਟੌਰ ਤੋਂ ਐਸ.ਐਚ.ਓ. ਰਾਜੀਵ ਕੁਮਾਰ ਆਪਣੀ ਪੁਲੀਸ ਪਾਰਟੀ ਸਮੇਤ ਸ਼ਾਮਿਲ ਹੋਏ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਡੱਟਣ ਦਾ ਹੋਕਾ ਦਿੱਤਾ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ਼ ਕੋਈ ਵੀ ਸ਼ਿਕਾਇਤ ਪੁਲੀਸ ਨੂੰ ਦੇਣ ਲਈ ਕਿਹਾ|
ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਦੇ ਰੋਮ ਰੋਮ ਵਿੱਚ ਰਚ ਚੁੱਕਾ ਹੈ| ਇਸ ਨਸ਼ਾ ਰੂਪੀ ਕੋਹੜ ਨੂੰ ਖ਼ਤਮ ਕਰਨਾ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਹੈ| ਸਾਨੂੰ ਲੋਕਾਂ ਨੂੰ ਖ਼ੁਦ ਹੀ ਨਸ਼ੇ ਦੇ ਖ਼ਾਤਮੇ ਲਈ ਅੱਗੇ ਆਉਣਾ ਪਵੇਗਾ ਤਾਂ ਹੀ ਆਪਣੀ ਨੌਜਵਾਨੀ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕਦਾ ਹੈ| ਇਸ ਮੌਕੇ ਪਿੰਡ ਮਟੌਰ ਵਿੱਚ ਨਸ਼ੇ ਦੀ ਭਿਆਨਕ ਚਪੇਟ ਵਿੱਚ ਆ ਚੁੱਕੇ ਇੱਕ ਨੌਜਵਾਨ ਨੂੰ ਪੁਲੀਸ ਦੀ ਮੱਦਦ ਨਾਲ ਨਸ਼ਾ ਛੁਡਾਊ ਕੈਂਪ ਵਿੱਚ ਭਰਤੀ ਵੀ ਕਰਵਾਇਆ ਗਿਆ| ਇਸ ਮੌਕੇ ਕਾਮਰੇਡ ਜਸਵੰਤ ਸਿੰਘ, ਕੇਸਰ ਸਿੰਘ, ਮੋਹਕਮ ਸਿੰਘ, ਸੂਬੇਦਾਰ ਸਰੂਪ ਸਿੰਘ, ਗਫ਼ੂਰ ਮੁਹੰਮਦ, ਗੁਰਮੇਲ ਸਿੰਘ, ਦਰਸ਼ਨ ਸਿੰਘ ਆਦਿ ਨੇ ਵੀ ਐਸ.ਐਚ.ਓ. ਮਟੌਰ ਰਾਜੀਵ ਕੁਮਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿੱਚ ਪੁਲੀਸ ਨੂੰ ਪੂਰਾ ਸਹਿਯੋਗ ਦੇਣਗੇ|

Leave a Reply

Your email address will not be published. Required fields are marked *