ਪੇਪਰ ਲੀਕ ਹੋਣ ਨਾਲ ਸੀ. ਬੀ. ਐਸ. ਈ. ਦੀ ਕਾਰਗੁਜਾਰੀ ਤੇ ਉੱਠੇ ਸਵਾਲ

10ਵੀਂ ਅਤੇ 12ਵੀਂ ਜਮਾਤ ਦੇ ਪ੍ਰਸ਼ਨਪਤਰ ਲੀਕ ਹੋਣ ਨਾਲ ਸੀ ਬੀ ਐਸ ਈ ਦੀ ਸਾਖ ਨੂੰ ਗਹਿਰਾ ਝਟਕਾ ਲੱਗਿਆ ਹੈ| 12ਵੀਂ ਦੀ ਅਰਥ ਸ਼ਾਸਤਰ ਦੀ ਪ੍ਰੀਖਿਆ 26 ਮਾਰਚ ਨੂੰ ਹੋਈ ਸੀ, ਜਦੋਂ ਕਿ 10ਵੀਂ ਜਮਾਤ ਦੀ ਹਿਸਾਬ ਦੀ ਪ੍ਰੀਖਿਆ 28 ਮਾਰਚ ਨੂੰ| ਪ੍ਰੀਖਿਆ ਤੋਂ ਪਹਿਲਾਂ ਹੀ ਹੱਥ ਨਾਲ ਲਿਖੇ ਸਵਾਲ ਵਾਟਸਐਪ ਉਤੇ ਸ਼ੇਅਰ ਹੋ ਰਹੇ ਸਨ| ਪੇਪਰ ਵਿੱਚ ਵੀ ਉਹੀ ਸਵਾਲ ਆਏ| ਪਰੰਤੂ ਸੀ ਬੀ ਐਸ ਈ ਦਾਅਵਾ ਕਰਦਾ ਰਿਹਾ ਕਿ ਪੇਪਰ ਲੀਕ ਨਹੀਂ ਹੋਏ ਹਨ| ਇਸਤੋਂ ਪਹਿਲਾਂ 15 ਮਾਰਚ ਨੂੰ 12ਵੀਂ ਦੇ ਅਕਾਊਂਟਸ ਦਾ ਪੇਪਰ ਲੀਕ ਹੋਣ ਦੀ ਖਬਰ ਸੀ| ਸੀਬੀਐਸਈ ਨੇ ਉਸਤੋਂ ਇਨਕਾਰ ਕਰ ਦਿੱਤਾ ਸੀ| ਹੁਣ ਬੀਤੇ ਬੁੱਧਵਾਰ ਨੂੰ ਸੀਬੀਐਸਈ ਨੇ ਪੇਪਰ ਲੀਕ ਦੀ ਗੱਲ ਸਵੀਕਾਰ ਕਰਦੇ ਹੋਏ 12ਵੀਂ ਦੇ ਅਰਥ ਸ਼ਾਸਤਰ ਅਤੇ 10ਵੀਂ ਦੇ ਹਿਸਾਬ ਦੀ ਪ੍ਰੀਖਿਆ ਦੁਬਾਰਾ ਕਰਾਉਣ ਦਾ ਫੈਸਲਾ ਕੀਤਾ ਹੈ| ਪਰੰਤੂ ਹੁਣ ਕਈ ਵਿਦਿਆਰਥੀਆਂ ਨੇ ਪੂਰੀ ਪ੍ਰੀਖਿਆ ਫਿਰ ਤੋਂ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ|
ਦੇਸ਼ਭਰ ਦੇ ਵਿਦਿਆਰਥੀਆਂ , ਮਾਪਿਆਂ ਅਤੇ ਅਪਿਆਪਕਾਂ ਵਿੱਚ ਇਸਨੂੰ ਲੈ ਕੇ ਭਾਰੀ ਗੁੱਸਾ ਹੈ| ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਂਚ ਐਸਆਈਟੀ ਨੂੰ ਸੌਂਪ ਦਿੱਤੀ ਹੈ| ਇਸ ਸਿਲਸਿਲੇ ਵਿੱਚ ਇੱਕ ਕੋਚਿੰਗ ਸੰਚਾਲਕ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ| ਸਵਾਲ ਹੈ ਕਿ ਕੋਈ ਵੀ ਪੇਪਰ ਬੋਰਡ ਦੇ ਅੰਦਰ ਦੇ ਕਿਸੇ ਵਿਅਕਤੀ ਦੀ ਮਿਲੀਭਗਤ ਦੇ ਬਿਨਾਂ ਬਾਹਰ ਕਿਵੇਂ ਆ ਸਕਦਾ ਹੈ? ਜੇਕਰ ਅਜਿਹਾ ਨਹੀਂ ਹੈ ਤਾਂ ਕਿਸੇ ਪੱਧਰ ਉਤੇ ਜਰੂਰ ਲਾਪਰਵਾਹੀ ਹੋਈ ਹੈ| ਜ਼ਿਕਰਯੋਗ ਹੈ ਕਿ ਪੇਪਰ ਸੈਟ ਕਰਨ ਲਈ ਮਾਹਿਰਾਂ ਦੀ ਮਦਦ ਲਈ ਜਾਂਦੀ ਹੈ| ਇਹ ਮਾਹਿਰ ਇੱਕ-ਦੂਜੇ ਤੋਂ ਅਨਜਾਨ ਹੁੰਦੇ ਹਨ| ਪੇਪਰ ਸੈਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਾਡਰੇਟਰ ਦੇ ਕੋਲ ਭੇਜਿਆ ਜਾਂਦਾ ਹੈ ਜੋ ਸਿਲੇਬਸ ਅਤੇ ਕਠਿਨਾਈ ਦੀ ਜਾਂਚ ਕਰਦੇ ਹਨ| ਫਿਰ ਪੇਪਰ ਨੂੰ ਟ੍ਰਾਂਸਲੇਸ਼ਨ ਲਈ ਭੇਜਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਛਪਣ ਭੇਜਿਆ ਜਾਂਦਾ ਹੈ| ਛਪੇ ਹੋਏ ਪੇਪਰ ਇੱਕ ਜਗ੍ਹਾ ਸਟੋਰ ਕਰਕੇ ਰੱਖੇ ਜਾਂਦੇ ਹਨ ਫਿਰ ਉਨ੍ਹਾਂ ਨੂੰ ਕਲੈਕਸ਼ਨ ਸੈਂਟਰ ਉਤੇ ਭੇਜਿਆ ਜਾਂਦਾ ਹੈ| ਇਸ ਪ੍ਰੀਕ੍ਰਿਆ ਵਿੱਚ ਕਿਤੇ ਵੀ ਥੋੜ੍ਹੀ ਕਮਜ਼ੋਰੀ ਨਾਲ ਲੀਕ ਸੰਭਵ ਹੈ|
ਕੀ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕਿੱਥੇ ਗੜਬੜੀ ਹੋਈ ? ਕੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇਗੀ? ਅਜਿਹੇ ਸਮੇਂ ਜਦੋਂ ਰਾਜਾਂ ਦੇ ਬੋਰਡ ਬੇਨਿਯਮੀ ਦੇ ਕਾਰਨ ਕਟਹਿਰੇ ਵਿੱਚ ਖੜੇ ਕੀਤੇ ਜਾ ਰਹੇ ਸਨ, ਸੀਬੀਐਸਈ ਨੇ ਆਪਣੀ ਪਾਰਦਰਸ਼ਤਾ ਅਤੇ ਪੇਸ਼ੇਵਰਾਨਾ ਰਵਾਈਏ ਨਾਲ ਆਪਣੀ ਪ੍ਰਤਿਸ਼ਠਾ ਕਾਇਮ ਕੀਤੀ ਸੀ| ਪਿਛਲੇ ਕੁੱਝ ਸਾਲਾਂ ਵਿੱਚ ਇਹ ਚੰਗੀ ਸਿੱਖਿਆ ਅਤੇ ਚੰਗੇ ਕੈਰੀਅਰ ਦੇ ਸੂਚਕ ਦੇ ਰੂਪ ਵਿੱਚ ਉਭਰ ਕੇ ਆਇਆ ਪਰੰਤੂ ਪੇਪਰ ਲੀਕ ਨੇ ਇਸਦੀ ਭਰੋਸੇਯੋਗਤਾ ਤੇ ਡੂੰਘੀ ਚੋਟ ਪਹੁੰਚਾਈ ਹੈ| ਕਿਤੇ ਅਜਿਹਾ ਤਾਂ ਨਹੀਂ ਕਿ ਤਕਨੀਕ ਦੇ ਵੱਧਦੇ ਪ੍ਰਸਾਰ ਅਤੇ ਉਨ੍ਹਾਂ ਦੀ ਵਿਆਪਕ ਉਪਲਬਧਤਾ ਨੇ ਸਾਡੀਆਂ ਮੌਜੂਦਾ ਵਿਵਸਥਾਵਾਂ ਨੂੰ ਬੇਜਾਨ ਬਣਾ ਦਿੱਤਾ ਹੈ? ਜਾਹਿਰ ਹੈ ਹੁਣ ਸਾਨੂੰ ਪਹਿਲਾਂ ਤੋਂ ਕਿਤੇ ਬਿਹਤਰ ਅਤੇ ਅਤਿਆਧੁਨਿਕ ਤੰਤਰ ਦੀ ਜ਼ਰੂਰਤ ਹੈ| ਕੀ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਸਮਰਥ ਤੰਤਰ ਬਣਾਏਗੀ? ਫਿਰ ਇਸ ਉਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਤੇ ਸਾਡੀ ਸਿੱਖਿਆ ਪ੍ਰਣਾਲੀ ਅੰਕਾਂ ਦਾ ਇੱਕ ਖੇਡ ਬਣ ਕੇ ਤਾਂ ਨਹੀਂ ਰਹਿ ਗਈ ਹੈ ? ਸਿੱਖਿਆ ਦੇ ਸਵਰੂਪ ਵਿੱਚ ਵਿਆਪਕ ਬਦਲਾਓ ਦੀ ਪਹਿਲਕਦਮੀ ਵੀ ਸੀਬੀਐਸਈ ਨੂੰ ਕਰਨੀ ਚਾਹੀਦੀ ਹੈ|
ਰਾਜੀਵ ਕੁਮਾਰ

Leave a Reply

Your email address will not be published. Required fields are marked *