ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਪ੍ਰੋਫੈਸ਼ਨਲ ਟੈਕਸ ਲਾਉਣ ਦੇ ਫੈਸਲੇ ਦੀ ਨਿਖੇਧੀ

ਐਸ ਏ ਐਸ ਨਗਰ, 28 ਮਾਰਚ (ਸ.ਬ.) ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਐਸ.ਏ.ਐਸ.ਨਗਰ ਮੁਹਾਲੀ ਦੀ ਕੋਰ ਕਮੇਟੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ. ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਪ੍ਰੋਫੈਸ਼ਨਲ ਟੈਕਸ ਲਾਉਣ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ ਅਤੇ ਇਸ ਟੈਕਸ ਨੂੰ ਜਜੀਆ ਟੈਕਸ ਕਰਾਰ ਦਿੱਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮੁਲਾਜ਼ਮ ਅਤੇ ਪੈਨਸ਼ਨਰਜ ਤਾਂ ਆਪਣੀਆਂ ਡੀ.ਏ.ਦੀਆਂ ਕਿਸਤਾਂ ਦਾ 22 ਮਹੀਨਿਆਂ ਦਾ ਬਕਾਇਆ ਮੰਗ ਰਹੇ ਹਨ ਅਤੇ 1-1-17, 1-7-17 ਅਤੇ 1-1-18 ਤੋਂ ਡੀ.ਏ.ਦੇਣ ਦੀ ਮੰਗ ਕਰ ਰਹੇ ਹਨ, ਪੇ-ਕਮਿਸ਼ਨ ਦੀ ਰਿਪੋਰਟ ਜਲਦ ਰੀਲੀਜ ਦੀ ਮੰਗ ਕਰ ਰਹੇ ਹਨ| ਉਲਟਾ ਸਰਕਾਰ ਨੇ ਦੇਣਾ ਤਾਂ ਕੀ ਸੀ, ਸਗੋਂ ਪਹਿਲਾਂ ਹੀ ਟੈਕਸਾਂ ਦਾ ਬੋਝ ਝੱਲ ਰਹੇ ਨਾਗਰਿਕਾਂ ਉਪਰ ਹੋਰ ਬੋਝ ਪਾ ਦਿੱਤਾ ਹੈ|
ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਦੇ ਫੈਸਲਿਆਂ ਤੋਂ ਨਿਰਾਸ਼ ਹੈ| ਕਿਸਾਨ ਅਤੇ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ| ਅਧਿਆਪਕ ਵਰਗ ਸੜਕਾਂ ਤੇ ਹੈ ਅਤੇ ਬਹੁਤ ਹੀ ਘੱਟ ਤਨਖਾਹ ਤੇ ਗੁਜਾਰਾ ਕਰ ਰਹੇ ਆਂਗਨਵਾੜੀ ਵਰਕਰ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੇ ਮੰਗਾਂ ਤਾਂ ਕੀ ਮੰਨਣੀਆਂ ਸਨ| ਉਨਾਂ ਦੀ ਗੱਲ ਸੁਨਣ ਲਈ ਵੀ ਤਿਆਰ ਨਹੀਂ| ਝੂਠ ਬੋਲ ਕੇ ਸੱਤਾ ਵਿੱਚ ਆਈ ਸਰਕਾਰ ਤੋਂ ਇਹੋ ਆਸ ਸੀ| ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਵੋਟਾਂ ਵੇਲੇ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ|
ਇਸ ਮੌਕੇ ਧਰਮਪਾਲ ਹੁਸ਼ਿਆਰਪੁਰੀ, ਮੁੱਖ ਸਲਾਹਕਾਰ ਜਰਨੈਲ ਸਿੰਘ ਕਰਾਂਤੀ, ਸੀਨੀ ਮੀਤ ਪ੍ਰਧਾਨ ਜਸਵੰਤ ਸਿੰਘ ਬਾਗੜੀ, ਮੀਤ ਪ੍ਰਧਾਨ ਜਸਮੇਰ ਸਿੰਘ ਬਾਠ, ਖਰੜ ਯੂਨਿਟ ਦੇ ਪ੍ਰਧਾਨ ਬਲਵੀਰ ਸਿੰਘ ਧਾਨੀਆ ਅਤੇ ਵਿੱਤ ਸਕੱਤਰ ਗਿਆਨ ਸਿੰਘ ਮੁਲਾਂਪੁਰ ਹਾਜਰ ਸਨ|

Leave a Reply

Your email address will not be published. Required fields are marked *