ਪੈਨਸ਼ਨਰਾਂ ਦੇ ਮਸਲੇ ਹੱਲ ਕਰੇ ਸਰਕਾਰ : ਪੈਨਸ਼ਨਰ ਐਸੋਸੀਏਸ਼ਨ

ਐਸ ਏ ਐਸ ਨਗਰ, 3 ਅਕਤੂਬਰ (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਮੁਹਾਲੀ ਦੀ ਜਨਰਲ ਬਾਡੀ ਮੀਟਿੰਗ ਰੋਜ਼ ਗਾਰਡਨ ਫੇਜ਼ 3 ਬੀ-1 ਮੁਹਾਲੀ ਵਿਖੇ ਸ੍ਰ. ਰਘਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿੱਚ ਮੁਹਾਲੀ ਅਤੇ ਆਸ ਪਾਸ ਤੋਂ ਆਏ ਪੈਨਸ਼ਨਰਾਂ ਨੇ ਹਿੱਸਾ ਲਿਆ| ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਸੰਸਥਾ ਦੇ ਜਨਰਲ ਸਕੱਤਰ ਸ੍ਰ. ਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੇ ਉਲਟ ਪੈਨਸ਼ਨਰਾਂ ਦੇ ਜਰੂਰੀ ਮਸਲਿਆਂ ਬਾਰੇ ਚੁੱਪ ਅਤੇ ਬੇਰੁਖੀ ਧਾਰੀ ਹੋਈ ਹੈ| ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ 3.5 ਲੱਖ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਅਤੇ ਗੱਲਬਾਤ ਦੇ ਸਭ ਦਰਵਾਜੇ ਬੰਦ ਰੱਖਣ ਵਿਰੁੱਧ 7 ਅਕਤੂਬਰ ਨੂੰ ਪਠਾਨਕੋਟ ਵਿਖੇ ਪੰਜਾਬ ਰਾਜ ਪੈਨਸ਼ਨਰਜ਼ ਜਾਇੰਟ ਫਰੰਟ ਵੱਲੋਂ ਰਾਜ ਪੱਧਰੀ ਰੈਲੀ ਅਤੇ ਰੋਸ ਮੁਜਾਹਰੇ ਵਿਚ ਪੈਨਸ਼ਨਰਜ ਐਸੋਸੀਏਸ਼ਨ ਮੁਹਾਲੀ ਵੱਧ ਚੜ੍ਹ ਕੇ ਹਿੱਸਾ ਲਵੇਗੀ| ਉਨ੍ਹਾਂ ਕਿਹਾ ਕਿ ਲੱਕ-ਤੋੜ ਮਹਿੰਗਾਈ ਦੇ ਬਾਵਜੂਦ ਜਨਵਰੀ ਅਤੇ ਜੁਲਾਈ 2017 ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਪ੍ਰਤੀ ਕੈਪਟਨ ਸਰਕਾਰ ਚੁੱਪ ਹੈ ਜਦਕਿ ਹਰਿਆਣਾ, ਹਿਮਾਚਲ ਅਤੇ ਹੋਰ ਰਾਜ ਸਰਕਾਰਾਂ ਨੇ ਕੇਂਦਰੀ ਪੈਟਰਨ ਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਦਿੱਤੀਆਂ ਹਨ| ਡੀ ਏ ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਚੋਣ ਵਾਇਦੇ ਅਨੁਸਾਰ ਨਹੀਂ ਦਿੱਤਾ| ਦੂਜੇ ਪਾਸੇ ਆਈ ਏ ਐਸ/ ਆਈ ਪੀ ਐਸ ਅਫਸਰਾਂ ਨੂੰ ਡੀ ਏ ਦੀਆਂ ਕਿਸ਼ਤਾਂ ਇਨ੍ਹਾਂ ਦੇ ਬਕਾਏ ਅਤੇ ਵਧੀਆਂ ਹੋਈਆਂ ਦਰਾਂ ਤੇ ਮਕਾਨ ਕਿਰਾਇਆ ਭੱਤਾ ਦੇਣ ਦੇ ਪੱਤਰ ਬਿਨਾਂ ਕਿਸੇ ਦੇਰੀ ਦੇ ਜਾਰੀ ਕੀਤੇ ਜਾ ਰਹੇ ਹਨ| ਇਸ ਸਮੇਂ ਮਿਤੀ 01.07.2017 ਨੂੰ 139 ਫੀਸਦੀ ਡੀ ਏ ਹੋ ਚੁੱਕਾ ਹੈ| ਪੰਜਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਜਦੋਂ ਡੀ ਏ 50 ਫੀਸਦੀ ਹੋਇਆ ਸੀ ਤਾਂ ਉਸਨੂੰ ਮੁੱਢਲੀ ਤਨਖਾਹ/ਪੈਨਸ਼ਨ ਵਿੱਚ ਸ਼ਾਮਲ ਅਤੇ ਫਿਰ 100 ਫੀਸਦੀ ਡੀ ਏ ਹੋਣ ਤੇ ਮੁਢਲੀ ਤਨਖਾਹ/ ਪੈਨਸ਼ਨ ਵਿੱਚ ਸ਼ਾਮਲ ਕਰਕੇ ਉਸ ਉੱਤੇ ਮਹਿੰਗਾਈ ਭੱਤਾ ਅਤੇ ਦੂਜੇ ਭੱਤੇ ਦਿੱਤੇ ਜਾਣੇ ਸਨ ਜੋ ਕਿ ਨਹੀਂ ਦਿੱਤੇ ਗਏ| ਜਿਸ ਨਾਲ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿਚ ਭਾਰੀ ਖੋਰਾ ਲੱਗ ਲੱਗਾ ਹੈ| ਉਹਨਾਂ ਮੰਗ ਕੀਤੀ ਕਿ 5 ਫੀਸਦੀ ਦੀ ਬਜਾਏ 20 ਫੀਸਦੀ ਅੰਤ੍ਰਿਮ ਰਾਹਤ ਤੁਰੰਤ ਦਿੱਤੀ ਜਾਵੇ| ਕੈਸ਼ਲੈਸ ਹੈਲਥ ਸਕੀਮ ਮੁੜ ਬਹਾਲ ਕੀਤੀ ਜਾਵੇ| ਕੇਂਦਰੀ ਦਰਾਂ ਤੇ 1000 ਰੁ: ਬੱਧਾ ਡਾਕਟਰੀ ਭੱਤਾ ਲਾਗੂ ਕੀਤਾ ਜਾਵੇ|
ਮੀਟਿੰਗ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਘਬੀਰ ਸਿੰਘ ਸੰਧੂ, ਸੁੱਚਾ ਸਿੰਘ ਕਲੌੜ, ਜਰਨੈਲ ਸਿੰਘ ਸਿੱਧੂ, ਮੂਲ ਰਾਜ ਸ਼ਰਮਾ, ਅਜੀਤ ਸਿੰਘ, ਭੂਪਿੰਦਰ ਸਿੰਘ ਬੱਲ ਅਤੇ ਏ ਐਨ ਸ਼ਰਮਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *