ਪੈਨਸ਼ਨਰਾਂ ਵਲੋਂ ਦਾਖਾ ਰੈਲੀ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦਾ ਐਲਾਨ

ਐਸ.ਏ.ਐਸ ਨਗਰ, 12 ਅਕਤੂਬਰ (ਸ.ਬ.)  ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਅੱਜ ਰੋਜ਼ ਗਾਰਡਨ    ਫੇਜ਼ 3ਬੀ 1 ਮੁਹਾਲੀ ਵਿਖੇ ਹੋਈ| ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਟਾਲਮਟੋਲ ਦਾ ਵਤੀਰਾ ਅਪਨਾਉਣ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਤੇ ਯੂ.ਟੀ ਇੰਪਲਾਈਜ਼ ਐਂਡ ਪੈਨਸ਼ਨਰਜ਼ ਜਾਇੰਟ ਐਕਸ਼ਨ ਕਮੇਟੀ ਅਤੇ ਪੰਜਾਬ ਪੈਨਸ਼ਰਜ਼ ਮਹਾਂ ਸੰਘ ਦੇ ਫੈਸਲੇ ਤੇ ਫੁੱਲ ਚਾੜ੍ਹਦੇ ਹੋਏ ਮੁਹਾਲੀ ਜ਼ਿਲ੍ਹੇ ਦੇ ਪੈਨਸ਼ਨਰ 14 ਅਕਤੂਬਰ ਨੂੰ ਦਾਖਾ ਰੈਲੀ ਵਿੱਚ ਵੱਧ ਚੜ੍ਹ ਕੇ ਭਾਗ ਲੈਣਗੇ|
ਐਸੋਸੀਏਸ਼ਨ ਦੇ ਜਨਰਲ ਸੱਕਤਰ ਡਾ. ਐਨ.ਕੇ. ਕਲਸੀ ਨੇ ਦੱਸਿਆ ਕਿ 14 ਅਕਤੂਬਰ  ਨੂੰ ਸਵੇਰੇ ਫੇਜ਼ 9 ਦੀ ਮਾਰਕੀਟ ਵਿੱਚੋਂ ਪੈਟਰੋਲ ਪੰਪ ਦੇ   ਨੇੜਿਓਂ ਬੱਸ ਚੱਲੇਗੀ ਜੋ ਮੁਹਾਲੀ ਦੇ ਸਭ ਪੈਨਸ਼ਨਰ ਸਾਥੀਆਂ  ਨੂੰ  ਦਾਖਾ ਰੈਲੀ ਵਿੱਚ ਲੈ ਕੇ ਜਾਵੇਗੀ|  ਬੁਲਾਰਿਆਂ ਵੱਲੋਂ ਮੁਹਾਲੀ ਜ਼ਿਲੇ ਦੇ ਪੈਨਸ਼ਨਰਾਂ ਨੂੰ  ਅਪੀਲ ਕੀਤੀ ਗਈ ਕਿ ਇਸ ਰੈਲੀ ਵਿੱਚ ਸ਼ਿਰਕਤ ਕਰਨ ਤਾਂ ਜੋ  ਪੰਜਾਬ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਈ ਜਾ  ਸਕੇ| ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਵਿੱਚ ਡੀ.ਏ. ਦੀਆਂ ਚਾਰ ਕਿਸ਼ਤਾਂ ਦੀ ਤੁਰੰਤ ਅਦਾਇਗੀ, ਪਹਿਲਾਂ ਜਾਰੀ ਕੀਤੀਆਂ ਕਿਸ਼ਤਾਂ ਦੇ 66 ਮਹੀਨੇ ਦੇ ਬਕਾਏ ਦੀ ਤੁਰੰਤ ਅਦਾਇਗੀ, ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਕਰਕੇ ਤੁਰੰਤ ਲਾਗੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਅਤੇ ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕਰਨ ਦੀਆਂ ਮੰਗਾਂ ਸ਼ਾਮਿਲ ਹਨ|  
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਾਂ ਮੰਨ ਕੇ ਲਾਗੂ ਨਾ ਕੀਤੀਆਂ ਗਈਆਂ ਤਾਂ  ਸਰਕਾਰੀ ਧਿਰ  ਨੂੰ ਚੋਣਾਂ  ਵਿੱਚ  ਸਾਰੇ ਹਲਕਿਆਂ ਵਿੱਚ ਮੂੰਹ ਦੀ ਖਾਣੀ ਪਵੇਗੀ| ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀਆਂ ਕਈ ਸਾਲ ਤੋਂ ਲਮਕਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਇਨ੍ਹਾਂ ਨੂੰ ਲਾਗੂ ਕੀਤਾ ਜਾਵੇ| ਬੁਲਾਰਿਆਂ ਨੇ ਕਿਹਾ ਕਿ ਬੀਤੇ ਦਿਨ (11 ਅਕਤੂਬਰ ਨੂੰ) ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੀਟਿੰਗ ਹੋਈ ਜਿਸ ਵਿੱਚ ਇਨਾਂ ਮੰਗਾਂ ਸੰਬੰਧੀ ਵਿਸਥਾਰ ਨਾਲ ਚਰਚਾ ਹੋਈ|  ਬੇਸ਼ਕ ਬਾਕੀ ਮੰਗਾਂ ਬਾਰੇ ਮੁੱਖ ਮੰਤਰੀ ਦਾ ਵਤੀਰਾ ਸਕਾਰਾਤਮਕ ਸੀ ਪਰ  ਉਨ੍ਹਾਂ ਨੇ ਡੀ. ਏ. ਦੇ ਮਾਮਲੇ ਤੇ  ਕੋਈ  ਪੱਲਾ ਨਹੀਂ ਫੜਾਇਆ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਰੱਖ ਦਿੱਤੀ| ਵਿੱਤ ਮੰਤਰੀ ਨਾਲ ਪੰਜਾਬ ਸਿਵਲ   ਸਕੱਤਰੇਤ ਵਿੱਚ ਹੋਈ ਮੀਟਿੰਗ ਵਿੱਚ ਜਥੇਬੰਦੀਆਂ ਨੂੰ 14 ਅਕਤੂਬਰ ਨੂੰ ਮੁੜ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ|    
ਇਸ  ਮੀਟਿੰਗ ਨੂੰ  ਸਰਵਸ਼੍ਰੀ ਰਣਬੀਰ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਪ.ਸ.ਸ.ਫ., ਕਰਤਾਰ ਸਿੰਘ ਪਾਲ ਪ੍ਰਧਾਨ ਪੰਜਾਬ ਅਤੇ ਯੂ. ਟੀ ਇੰਪਲਾਈਜ਼ ਐਂਡ ਪੈਨਸ਼ਨਰਜ਼ ਜਾਇੰਟ ਐਕਸ਼ਨ ਕਮੇਟੀ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਸਰਵਸ਼੍ਰੀ  ਮੂਲ ਰਾਜ ਸ਼ਰਮਾ, ਜਰਨੈਲ ਸਿੰਘ ਸਿੱਧੂ, ਸੁੱਚਾ ਸਿੰਘ ਕਲੌੜ,  ਕੁਲਦੀਪ ਸਿੰਘ ਜਾਂਗਲਾ, ਭਗਤ ਰਾਮ ਰੰਗਾੜਾ, ਕੁਲਦੀਪ ਸਿੰਘ ਜਾਂਗਲਾ ਅਤੇ ਮਦਨਜੀਤ ਸਿੰਘ ਨੇ ਵੀ ਸੰਬੋਧਨ  ਕੀਤਾ|

Leave a Reply

Your email address will not be published. Required fields are marked *