ਪੈਰਾਗਾਨ 69 ਵਿਖੇ ਫੁਟਬਾਲ ਅਕੈਡਮੀ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 9 ਜਨਵਰੀ (ਜਸਵਿੰਦਰ ਸਿੰਘ ) ਮੁਹਾਲੀ ਸੈਕਟਰ 69 ਵਿਚਲੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਫੁਟਬਾਲ ਗਰਾਊਂਡ ਅਤੇ ਫੁਟਬਾਲ ਅਕੈਡਮੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ੁਭਮ ਮਿੱਤਲ, ਪ੍ਰਣਵ ਗੁਪਤਾ ਅਤੇ ਮਯੰਕ ਸ਼ਰਮਾ ਨੇ ਦੱਸਿਆ ਕਿ ਇਹ ਮੈਦਾਨ ਤਿਆਰ ਕਰਨ ਵਿਚ 45 ਲੱਖ ਰੁਪਏ ਰੁਪਏ ਦਾ ਖਰਚਾ ਆਇਆ ਹੈ। ਇਸ ਮੈਦਾਨ ਵਿੱਚ ਫੀਫਾ ਸਟੈਂਡਰਡ ਦਿ ਟਰਫ ਲਗਾਈ ਗਈ ਹੈ ਜੋ ਯੂਰੋਪ ਤੋਂ ਮੰਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੈਦਾਨ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਲੀਗ ਮੈਚ ਕਰਵਾਏ ਜਾਣਗੇ ਅਤੇ ਪ੍ਰੋਫੈਸ਼ਨਲ ਕੋਚ ਵੀ ਰੱਖੇ ਜਾਣਗੇ।
ਉਨ੍ਹਾਂ ਕਿਹਾ ਕਿ ਦੋ ਰੋਜ਼ਾ ਚੱਲਣ ਵਾਲੇ ਉਦਘਾਟਨੀ ਮੈਚ ਵਿੱਚ 95 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਮੈਚ ਦੋ ਦਿਨਾਂ ਦੌਰਾਨ ਮੁਕੰਮਲ ਹੋ ਜਾਣਗੇ। ਇਸ ਮੁਕਾਬਲੇ ਵਿੱਚ ਸ਼ਿਮਲਾ ਅੰਬਾਲਾ, ਪਟਿਆਲਾ, ਬਲਟਾਣਾ ਲੁਧਿਆਣਾ, ਚੰਡੀ ਮੰਦਰ, ਮੁਹਾਲੀ ਅਤੇ ਕਈ ਹੋਰ ਸ਼ਹਿਰਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਮੌਕੇ ਪੈਰਾਗਾਨ ਸਕੂਲ ਦੇ ਮੁਖੀ ਸ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਗਰਾਊਂਡ ਟ੍ਰਾਈਸਿਟੀ ਵਿਚ ਇਸ ਤਰ੍ਹਾਂ ਦਾ ਪਹਿਲਾ ਗਰਾਊਂਡ ਹੈ। ਉਨ੍ਹਾਂ ਕਿਹਾ ਕਿ ਇਸ ਗਰਾਊਂਡ ਦੇ ਬਣਨ ਨਾਲ ਮੁਹਾਲੀ ਦੇ ਨਾਲ ਨਾਲ ਟ੍ਰਾਈਸਿਟੀ ਦੇ ਬੱਚਿਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ।
ਅੱਜ ਦੇ ਉਦਘਾਟਨ ਸਮਾਗਮ ਦੌਰਾਨ ਜਿਲ੍ਹਾ ਯੂਥ ਕਾਂਗਰਸ ਮੁਹਾਲੀ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਵਿੰਗ ਕਮਾਂਡਰ ਜਸਵੰਤ ਸਿੰਘ ਖੋਖਰ, ਹਰਸ਼ਦੀਪ ਸਿੰਘ ਸ਼ੇਰਗਿਲ, ਨਰਪਿੰਦਰ ਸਿੰਘ ਰੰਗੀ, ਸਿਮਰਦੀਪ ਸਿੰਘ ਜ਼ੈਲਦਾਰ, ਬਿਕਰਮ ਸਿੰਘ ਬਖਸ਼ੀ, ਹਰਮਨ ਗਿੱਲ ਅਤੇ ਇੰਦਰਪਾਲ ਸਿੰਘ ਵੀ ਹਾਜ਼ਰ ਸਨ।