ਪੈਰਿਸ ਵਿੱਚ ਦੇਸੀ ਬੰਬ ਮਿਲਣ ਮਗਰੋਂ ਅੱਤਵਾਦ ਵਿਰੋਧੀ ਜਾਂਚ ਸ਼ੁਰੂ

ਪੈਰਿਸ, 3 ਅਕਤੂਬਰ (ਸ.ਬ.) ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਕ ਇਮਾਰਤ ਵਿਚ ਦੇਸੀ ਬੰਬ ਮਿਲਣ ਮਗਰੋਂ ਅਤੇ 5 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਬਾਅਦ ਇਸਤਗਾਸਾ ਪੱਖ ਨੇ ਇਸ ਮਾਮਲੇ ਵਿਚ ਅੱਤਵਾਦ ਵਿਰੋਧੀ ਜਾਂਚ ਸ਼ੁਰੂ ਕਰ ਦਿੱਤੀ ਹੈ| ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਸ਼ਹਿਰ ਦੇ 16ਵੇਂ ਸੂਬੇ ਵਿਚ ਇਕ ਇਮਾਰਤ ਦੇ ਹਾਲ ਵਿਚੋਂ ਗੈਸ ਦੇ ਦੋ ਸਿਲੰਡਰ ਬਰਾਮਦ ਕੀਤੇ| ਉਨ੍ਹਾਂ ਨੂੰ ਸਿਲੰਡਰਾਂ ਨਾਲ ਜੁੜਿਆ ਇਕ ਮੋਬਾਈਲ ਫੋਨ ਵੀ ਦਿੱਸਿਆ| ਇਹ ਸਿਲੰਡਰ ਅੱਗ ਫੜਨ ਵਾਲੇ ਵਿਸਫੋਟਕ ਯੰਤਰ ਲੱਗ ਰਹੇ ਹਨ|
ਜਾਂਚ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਇਕ ਸਥਾਨਕ ਨਿਵਾਸੀ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ ਸਾਢੇ 4 ਵਜੇ ਦੋ ਗੈਸ ਸਿਲੰਡਰ ਦੇਖਣ ਮਗਰੋਂ ਪੁਲੀਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ| ਇਕ ਹੋਰ ਸੂਤਰ ਮੁਤਾਬਕ ਕੱਲ ਰਾਤ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ| ਜਨਵਰੀ 2015 ਦੇ ਬਾਅਦ ਤੋਂ ਕਈ ਜਿਹਾਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਫਰਾਂਸ ਅੱਤਵਾਦ ਖਤਰੇ ਦੇ ਮਾਮਲੇ ਵਿਚ ਹਾਈ ਐਲਰਟ ਤੇ ਹੈ| ਹਾਲ ਹੀ ਵਿਚ ਐਤਵਾਰ ਨੂੰ ਮਾਰਸੇ ਵਿਚ ਹਮਲਾ ਹੋਇਆ, ਜਦੋਂ ਇਕ ਵਿਅਕਤੀ ਨੇ ”ਅੱਲਾਹ ਹੂ ਅਕਬਰ” ਕਹਿੰਦੇ ਹੋਏ ਮੁੱਖ ਟਰੇਨ ਸਟੇਸ਼ਨ ਤੇ ਦੋ ਔਰਤਾਂ ਨੂੰ ਚਾਕੂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ| ਜਵਾਬੀ ਕਾਰਵਾਈ ਵਿਚ ਫੌਜੀਆਂ ਨੇ ਉਸ ਨੂੰ ਮਾਰ ਦਿੱਤਾ| ਇਸ ਹਮਲੇ ਦੇ ਨਾਲ ਹੀ ਫਰਾਂਸ ਵਿਚ ਜਿਹਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 241 ਹੋ ਗਈ ਹੈ|

Leave a Reply

Your email address will not be published. Required fields are marked *