ਪੋਪ ਦੇ ਆਇਰਲੈਂਡ ਪੁੱਜਣ ਉਤੇ ਹੋਏ ਪ੍ਰਦਰਸ਼ਨ, ਲੋਕਾਂ ਨੇ ਮੁਆਫੀ ਦੀ ਕੀਤੀ ਮੰਗ

ਡਬਲਿਨ, 27 ਅਗਸਤ (ਸ.ਬ.) ਪੋਪ ਫਰਾਂਸਿਸ ਦੇ ਆਇਰਲੈਂਡ ਪੁੱਜਣ ਉਤੇ ਪ੍ਰਦਰਸ਼ਨਕਾਰੀਆਂ ਨੇ ਕੈਥੋਲਿਕ ਚਰਚ ਵਿੱਚ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਸਵੀਕਾਰ ਕਰਨ ਅਤੇ ਨਿਆਂ ਦਿਲਾਉਣ ਦੀ ਮੰਗ ਕੀਤੀ| ਵੈਟੀਕਨ ਦੇ ਪੀਲੇ ਅਤੇ ਸਫੈਦ ਝੰਡਿਆਂ ਨਾਲ ਸਜੇ ਡਬਲਿਨ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਕੱਲ ਮਾਰਚ ਕੱਢਿਆ ਅਤੇ ਚਰਚ ਨਾਲ ਕਾਰਵਾਈ ਦੀ ਮੰਗ ਕੀਤੀ| ਕੁਝ ਪ੍ਰਦਰਸ਼ਨਕਾਰੀ ਬੇਹੱਦ ਭਾਵੁਕ ਵੀ ਦਿਖਾਈ ਦਿੱਤੇ| ‘ਨੋਪ ਟੂ ਦਿ ਪੋਪ ਪ੍ਰਦਰਸ਼ਨ’ ਵਿੱਚ ਵੈਟੀਕਨ ਵਲੋਂ ਸਮਲਿੰਗੀਆਂ ਅਤੇ ਟਰਾਂਸਜੈਂਡਰਾਂ ਨੂੰ ਮਾਨਤਾ ਦੇਣ, ਆਇਰਲੈਂਡ ਵਿੱਚ ਧਰਮ ਅਤੇ ਸੂਬੇ ਦੇ ਵਿਚਕਾਰ ਸਪੱਸ਼ਟ ਭੇਦ ਅਤੇ ਗਰਭਨਿਰੋਧਕ ਨੂੰ ਸਵੀਕਾਰ ਕਰਨ ਦੀ ਮੰਗ ਕੀਤੀ ਗਈ| ਨਨ ਦੀ ਪੋਸ਼ਾਕ ਪਾ ਕੇ ਆਏ ਲੀਸਾ ਬਰਸੀਅਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਗੋਡਿਆਂ ਦੇ ਭਾਰ ਬੈਠਣਾ ਚਾਹੀਦਾ ਹੈ ਅਤੇ ਆਇਰਲੈਂਡ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ|
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੀੜਤਾਂ ਨੂੰ ਪ੍ਰਾਰਥਨਾ ਤੋਂ ਜ਼ਿਆਦਾ ਚਾਹੀਦਾ ਹੈ| ਉਨ੍ਹਾਂ ਨੇ ਕਈ ਤਰ੍ਹਾਂ ਦੇ ਬੋਰਡ ਫੜ ਕੇ ਪੋਪ ਦਾ ਵਿਰੋਧ ਕੀਤਾ, ਜਿਨ੍ਹਾਂ ਉਤੇ ਲਿਖਿਆ ਸੀਂ ”ਪੋਪ ਫਰਾਂਸਿਸ ਨੇ ਆਪਣਾ ਮੌਕਾ ਗੁਆ ਦਿੱਤਾ ਹੈ” ਅਤੇ ”ਧਰਮ ਸਹੀ ਹੈ, ਬਲਾਤਕਾਰ ਨਹੀਂ” ਅਤੇ ‘ਆਇਰਲੈਂਡ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ|” ਰੈਜੀਡੈਂਸ਼ੀਅਲ ਇੰਸਟੀਚਿਊਟ ਸਰਵਾਈਵਰਸ ਨੈਟਵਰਕ ਦੇ ਸੰਸਥਾਪਕ ਵਿਲੀਅਮ ਗੌਰੀ ਭੀੜ ਨੂੰ ਸੰਬੋਧਤ ਕਰਦੇ ਹੋਏ ਰੋਣ ਲੱਗੇ| ਉਨ੍ਹਾਂ ਨੇ ਬਚਪਨ ਵਿੱਚ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਦੱਸਿਆ| 53 ਸਾਲਾ ਵਿਲੀਅਮ ਨੇ ਦੱਸਿਆ ਕਿ ਸਭ ਕੁੱਝ ਦਰਵਾਜ਼ਿਆਂ ਤੇ ਕੰਧਾਂ ਪਿੱਛੇ ਹੋਇਆ|
ਪੋਪ ਨੇ ਕਿਹਾ ਕਿ ਸਮਲਿੰਗੀ ਬੱਚਿਆਂ ਦੇ ਮਾਂ-ਬਾਪ ਉਨ੍ਹਾਂ ਦੀ ਨਿੰਦਾ ਨਾ ਕਰਨ ਅਤੇ ਉਨ੍ਹਾਂ ਦੀ ਸੈਕਸੁਅਲ ਆਰੇਇੰਟੇਸ਼ਨ ਦੀ ਅਣਦੇਖੀ ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਘਰ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਬਲਕਿ ਉਨ੍ਹਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ ਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ| ਆਇਰਲੈਂਡ ਵਿੱਚ ਪੋਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਮਲਿੰਗੀ ਅਤੇ ਸਮਲਿੰਗੀ ਵਿਚਾਰਾਂ ਵਾਲੇ ਲੋਕ ਹਮੇਸ਼ਾ ਤੋਂ ਰਹੇ ਹਨ| ਜਦ ਬੱਚੇ ਦੀ ਹਾਲਤ ਚਿੰਤਾਜਨਕ ਦਿਖਾਈ ਦੇਵੇ ਤਾਂ ਪਰਿਵਾਰ ਵਾਲਿਆਂ ਨੂੰ ਮਨੋਵਿਗਿਆਨੀਆਂ ਦੀ ਮਦਦ ਲੈਣੀ ਚਾਹੀਦੀ ਹੈ| ਬੱਚਿਆਂ ਦੇ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਸ਼ਾਂਤੀ ਨਾਲ ਗੱਲਬਾਤ ਕਰਨ, ਉਨ੍ਹਾਂ ਨੂੰ ਸਮਝਣ ਅਤੇ ਬੱਚਿਆਂ ਨੂੰ ਸਮਾਂ ਦੇਣ ਤਾਂ ਕਿ ਉਹ ਆਪਣੇ ਬਾਰੇ ਖੁੱਲ੍ਹ ਕੇ ਗੱਲ ਕਰ ਸਕਣ| ਅਜਿਹੇ ਬੱਚਿਆਂ ਨੂੰ ਅਧਿਕਾਰ ਹੈ ਕਿ ਉਨ੍ਹਾਂ ਨੂੰ ਪਰਿਵਾਰ ਦਾ ਪਿਆਰ ਮਿਲੇ ਤੇ ਉਨ੍ਹਾਂ ਨੂੰ ਬਾਹਰ ਨਾ ਕੱਢਿਆ ਜਾਵੇ|

Leave a Reply

Your email address will not be published. Required fields are marked *