ਪੋਲਟਰੀ ਅਤੇ ਪਿਗਰੀ ਨੂੰ ਬਚਾਉਣ ਲਈ ਸਰਕਾਰ ਨੇ ਬਣਾਈ ਨਵੀਂ ਵੈਕਸਿਨ : ਬਲਬੀਰ ਸਿੱਧੂ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਜਿਲ੍ਹਾ ਪ੍ਰੈਸ ਕਲੱਬ ਐਸ ਏ ਐਸ ਨਗਰ ਨੇ ਇੱਥੇ ਮੁਹਾਲੀ ਦੇ ਗਿਆਨ ਜੋਤੀ ਇੰਸਟੀਚਿਊਟ ਵਿਖੇ ਸਹਾਇਕ ਧੰਦਿਆਂ ਨੂੰ ਪ੍ਰਫੁਲਤ ਕਰਨ ਲਈ ਮੀਡੀਆ ਦੀ ਭੂਮਿਕਾ ਵਿਸ਼ੇ ਤੇ ਸੈਮੀਨਾਰ ਕਰਵਾਇਆ| ਇਸ ਦੌਰਾਨ ਸਫਲ ਕਿਸਾਨਾਂ, ਡੇਅਰੀ ਫਾਰਮਰਜ਼ ਅਤੇ ਖੁੰਭਾਂ ਦੀ ਕਾਸ਼ਤਕਾਰਾਂ ਨੇ ਆਪਣੀ ਹਾਜ਼ਰੀ ਲਗਾਈ ਅਤੇ ਆਪਣੀ ਸਫਲਤਾ ਦੇ ਗੁਰਮੰਤਰ ਹਾਜਰੀਨ ਨਾਲ ਸਾਂਝੇ ਕੀਤੇ| ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਹੱਲਾਸ਼ੇਰੀ ਦਿੱਤੀ| ਉਨ੍ਹਾਂ ਪ੍ਰੈਸ ਕਲੱਬ ਲਈ ਜਗ੍ਹਾ ਦੇ ਨਾਲ ਨਾਲ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ|
ਪ੍ਰੋਗਰਾਮ ਦਾ ਰਸਮੀ ਆਗਾਜ ਸੀਨੀਅਰ ਪੱਤਰਕਾਰ ਅਤੇ ਸਟੇਜ ਸੰਚਾਲਕ ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਮੰਤਰੀ ਸਿੱਧੂ ਨੂੰ ਜੀ ਆਇਆ ਕਹਿਣ ਤੋਂ ਬਾਅਦ ਸ਼ੁਰੂ ਹੋਇਆ ਇਸ ਤੋਂ ਬਾਅਦ ਪ੍ਰੈਸ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਧੜਾਕ ਨੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ| ਸ੍ਰੀ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਜਿਲ੍ਹੇ ਵਿੱਚ ਅਜਿਹੇ ਸੈਮੀਨਾਰ ਕਰਵਾਏ ਜਾਣਗੇ ਜਿਸ ਨਾਲ ਨੌਜਵਾਨ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਹੋਣਗੇ| ਉਨ੍ਹਾਂ ਦੱਸਿਆ ਕਿ ਖਾਸ ਕਰ ਕੇ ਉਨ੍ਹਾਂ ਦੇ ਆਪਣੇ ਹਲਕੇ ਮੁਹਾਲੀ ਵਿੱਚ ਪਸ਼ੂਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਨੂੰ ਹਫਤਾਵਾਰੀ ਪ੍ਰੋਗਰਾਮ ਉਲੀਕੇ ਗਏ ਹਨ| ਇਸ ਦੌਰਾਨ ਗਾਵਾਂ, ਮੱਝਾਂ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹੋਣਗੇ ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਵੱਲ ਮੋੜਨਾ ਹੋਵੇਗਾ| ਸਿੱਧੂ ਨੇ ਦੱਸਿਆ ਕਿ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਹਾਲੇ ਡੇਅਰੀ ਫਾਰਮਿੰਗ ਦਾ ਧੰਦਾ ਹੀ ਮੂਲ ਰੂਪ ਵਿੱਚ ਅਪਣਾਅ ਰਹੇ ਹਨ ਹਨ ਜਦੋਂਕਿ ਬਰੀਡ ਦੀ ਪੈਦਾਵਾਰ ਕਰ ਕੇ ਉਹ ਚੰਗੀ ਕਮਾਈ ਕਰ ਸਕਦੇ ਹਨ| ਉਨ੍ਹਾਂ ਦਲੀਲ ਦਿੱਤੀ ਕਿ ਚੰਗੀ ਬਰੀਡ ਦੇ ਪਸ਼ੂਆਂ ਦੀ ਕੀਮਤ ਅਤੇ ਦੁੱਧ ਦਾ ਕਾਫੀ ਜਿਆਦਾ ਫਰਕ ਹੁੰਦਾ ਹੈ| ਮੰਤਰੀ ਨੇ ਕਿਹਾ ਕਿ ਖਾਸ ਕਰ ਕੇ ਪੋਲਟਰੀ ਫਾਰਮਿੰਗ ਅਤੇ ਪਿੱਗਰੀ ਨੂੰ ਉਤਸਾਹਿਤ ਕਰਨ ਅਤੇ ਇਨ੍ਹਾਂ ਨੂੰ ਬਚਾਉਣ ਲਈ ਇਕ ਵੈਕਸਿਨ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਇਨ੍ਹਾਂ ਤੇ ਬਿਮਾਰੀਆਂ ਦੀ ਮਾਰ ਇਕ ਫੀਸਦੀ ਵੀ ਨਹੀਂ ਰਹੇਗੀ| ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਚੰਗਾ ਲਾਹਾ ਲੈਣ ਲਈ ਦੇਸੀ ਨਸਲ ਦੇ ਮੁਰਗੇ ਅਤੇ ਬੱਕਰੀ ਪਾਲਣ ਦੇ ਧੰਦੇ ਵੱਲ ਵੀ ਮੁੜਨਾ ਚਾਹੀਦਾ ਹੈ ਇਸ ਦੀ ਮਾਰਕਿਟਿੰਗ ਵੀ ਕਰਨ ਦੀ ਲੋੜ ਨਹੀਂ ਹੁੰਦੀ| ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸਮੇ ਦੀ ਲੋੜ ਹੈ ਕਿ ਕਿਸਾਨਾਂ ਨੂੰ ਆਪਣੀਆਂ ਫਸਲਾ ਦੀ ਮਰਕੀਟਿੰਗ ਖੁਦ ਕਰਨੀ ਪਵੇਗੀ ਇਸ ਨਾਲ ਉਨ੍ਹਾਂ ਨੂੰ ਫਸਲਾਂ ਦਾ ਚੰਗਾ ਭਾਅ ਮਿਲ ਸਕੇਗਾ| ਮੰਤਰੀ ਨੇ ਪਸ਼ੂ ਪਾਲਣ ਵਿਭਾਗ ਦੀ ਪ੍ਰਾਪਤੀ ਦਾ ਜਿਕਰ ਕਰਦਿਆਂ ਕਿਹਾ ਕਿ ਗੁਰੂ ਅੰਗਦ ਦੇਵ ਯੂਨੀਵਰਸਿਟੀ ਗੜਵਾਸੂ ਨੂੰ ਚੰਗੀਆਂ ਤਕਨੀਕਾਂ ਅਤੇ ਸੇਵਾਵਾਂ ਬਦਲੇ ਕੇਦਰੀ ਮੰਤਰਾਲੇ ਨੇ ਨੈਸ਼ਨਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਇਸ ਪਿੱਛੇ ਆਲਾ ਅਫਸਰਾਂ ਦੀ ਮਿਹਨਤ ਹੈ| ਇਸ ਤੋਂ ਬਾਅਦ ਡਾਇਰੈਕਟਰ ਪਸ਼ੂ ਪਾਲਣ ਅਮਰਜੀਤ ਸਿੰਘ ਅਤੇ ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ| ਕਿਸਾਨ ਅਤੇ ਡੇਅਰੀ ਫਾਰਮਰ ਗਿਆਨ ਸਿੰਘ ਧੜਾਕ ਨੇ ਕਿਸਾਨੀ ਨੂੰ ਬਚਾਉਣ ਲਈ ਅਹਿਮ ਵਿਚਾਰ ਰੱਖੇ ਜਦੋਂਕਿ ਸੁਖਦੇਵ ਸਿੰਘ ਬਰੌਲੀ ਨੇ ਦੇਸ਼ ਵਿਆਪੀ ਦੁੱਧ ਦੇ ਧੰਦੇ ਵਿੱਚ ਗਿਰਾਵਟ ਬਾਰੇ ਵਿਸਥਾਰ ਨਾਲ ਦੱਸਿਆ| ਬੁਲਾਰਿਆਂ ਵਿੱਚ ਬਲਜਿੰਦਰ ਸਿੰਘ ਭਾਗੋਮਾਜਰਾ, ਖੁੰਭਾਂ ਦੇ ਸਫਲ ਕਾਸ਼ਤਕਾਰ ਵਿਕਾਸ ਬੈਨਲ, ਪਰਮ ਬੈਦਵਾਣ ਨੇ ਪੱਤਰਕਾਰ ਇਕਬਾਲ ਸਿੰਘ ਅਤੇ ਰਵਿੰਦਰ ਵੈਸ਼ਨਵ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਆਰ ਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਜਸਵਿੰਦਰ ਸਿੰਘ ਵਿਰਕ, ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਐੱਮਡੀਐੱਸ ਸੋਢੀ, ਕੰਜਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਪੀਐਸ ਵਿਰਦੀ ਰਾਜੀਵ ਵਸ਼ਿਸ਼ਟ ਵੀ ਹਾਜਰ ਸਨ|

Leave a Reply

Your email address will not be published. Required fields are marked *